ਨਗਰ ਨਿਗਮ ਫਗਵਾੜਾ ਦੀ ਚੋਣ ਵਿਚ 50 ਵਿਚੋਂ 22 ਵਾਰਡਾਂ 'ਚ ਕਾਂਗਰਸ ਜੇਤੂ ਰਹੀ
ਕਪੂਰਥਲਾ, 21 ਦਸੰਬਰ (ਅਮਰਜੀਤ ਕੋਮਲ) - ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਢਿਲਵਾਂ, ਬੇਗੋਵਾਲ, ਨਡਾਲਾ ਤੇ ਭੁਲੱਥ ਦੀ ਅੱਜ ਹੋਈ ਚੋਣ ਵਿਚ ਸੱਤਾਧਾਰੀ ਪਾਰਟੀ ਨੇ ਕੇਵਲ ਭੁਲੱਥ ਨਗਰ ਪੰਚਾਇਤ ਦੀ ਚੋਣ ਵਿਚ ਹੀ ਬਹੁਮਤ ਹਾਸਲ ਕੀਤਾ, ਜਦਕਿ ਨਗਰ ਨਿਗਮ ਫਗਵਾੜਾ ਦੀ ਚੋਣ ਵਿਚ ਕਾਂਗਰਸ 50 ਵਾਰਡਾਂ ਵਿਚੋਂ 22 ਵਾਰਡਾਂ ਵਿਚ ਜੇਤੂ ਰਹੀ । ਭੁਲੱਥ ਨਗਰ ਪੰਚਾਇਤ ਦੇ 13 ਵਾਰਡਾਂ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਨੂੰ 8 ਤੇ 5 ਆਜ਼ਾਦ ਉਮੀਦਵਾਰ ਜੇਤੂ ਰਹੇ । ਇਸੇ ਤਰ੍ਹਾਂ ਢਿਲਵਾਂ ਨਗਰ ਪੰਚਾਇਤ ਦੀ 11 ਵਾਰਡਾਂ ਵਿਚ ਹੋਈ ਚੋਣ ਵਿਚੋਂ 2 ਵਾਰਡਾਂ ਵਿਚ ਆਮ ਆਦਮੀ ਪਾਰਟੀ ਤੇ 9 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ । ਇਸੇ ਤਰ੍ਹਾਂ ਬੇਗੋਵਾਲ ਦੇ 13 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 5 ਉਮੀਦਵਾਰ ਤੇ 8 ਵਾਰਡਾਂ ਵਿਚੋਂ 3 'ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਤੇ 5 ਵਾਰਡਾਂ ਵਿਚ ਬੀਬੀ ਜਗੀਰ ਕੌਰ ਦੇ ਸਮਰਥਕਾਂ ਨੇ ਜਿੱਤ ਹਾਸਲ ਕੀਤੀ । ਨਡਾਲਾ ਨਗਰ ਪੰਚਾਇਤ ਦੀ 11 ਵਾਰਡਾਂ ਵਿਚ ਹੋਈ ਚੋਣ ਵਿਚੋਂ 4 ਵਾਰਡਾਂ ਵਿਚ ਆਮ ਆਦਮੀ ਪਾਰਟੀ, 5 ਵਾਰਡਾਂ ਵਿਚ ਕਾਂਗਰਸ ਤੇ 2 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ ਜੇਤੂ ਰਹੇ । ਜਿੱਥੋਂ ਤੱਕ ਨਗਰ ਨਿਗਮ ਫਗਵਾੜਾ ਦਾ ਸਵਾਲ ਹੈ, ਇੱਥੇ 50 ਵਾਰਡਾਂ ਵਿਚ ਹੋਈ ਚੋਣ ਵਿਚੋਂ 22 'ਤੇ ਕਾਂਗਰਸ, 12 'ਤੇ ਆਮ ਆਦਮੀ ਪਾਰਟੀ, 4 'ਤੇ ਭਾਰਤੀ ਜਨਤਾ ਪਾਰਟੀ, 3 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ, 6 ਵਾਰਡਾਂ ਵਿਚ ਆਜ਼ਾਦ ਉਮੀਦਵਾਰ, 3 ਵਾਰਡਾਂ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਤੇ ਇੱਥੇ ਕਾਂਗਰਸ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਵੱਧ ਸੀਟਾਂ ਲੈਣ ਵਿਚ ਸਫ਼ਲ ਹੋਈ।