ਜੰਡਿਆਲਾ ਮੰਜਕੀ ਵਿਖੇ 'ਆਪ' ਦੇ ਨੌਜਵਾਨ ਵਰਕਰ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ
ਜਮਸ਼ੇਰ ਖਾਸ (ਜਲੰਧਰ), 16 ਦਸੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਵਿਖੇ ਅੱਜ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦੇ ਗੋਲੀ ਵੱਜਣ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮੀਂ ਜਿਸ ਨੌਜਵਾਨ ਦੇ ਗੋਲੀ ਵੱਜੀ ਹੈ, ਉਸ ਦੀ ਪਛਾਣ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਹੋਈ ਹੈ। ਉਸ ਦਾ ਨਾਮ ਵਿਵੇਕ ਮੱਟੂ ਉਮਰ 22 ਸਾਲ ਪੁੱਤਰ ਜਿਸਵੀਰ ਮੱਟੂ ਪੱਤੀ ਸਾਹਣਕੀ ਪਿੰਡ ਜੰਡਿਆਲਾ ਮੰਜਕੀ ਵਜੋਂ ਹੋਈ ਹੈ। ਜੰਡਿਆਲਾ ਮੰਜਕੀ ਵਿਖੇ ਸ਼ਾਮ ਕਰੀਬ 4 ਵਜੇ ਵਿਵੇਕ ਮੱਟੂ ਨੂੰ 2 ਵਿਅਕਤੀਆਂ ਵਲੋਂ ਰਿਵਾਲਵਰ ਨਾਲ ਲੱਤ ਵਿਚ ਗੋਲੀ ਮਾਰ ਦਿੱਤੀ ਗਈ। ਗੋਲੀ ਵੱਜਣ ਨਾਲ ਵਿਵੇਕ ਮੱਟੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਜਲੰਧਰ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।