JALANDHAR WEATHER

18 ਦਸੰਬਰ ਨੂੰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਅੰਮ੍ਰਿਤਸਰ 'ਚ 9 ਜਗ੍ਹਾ ਹੋਵੇਗਾ ਰੇਲਾਂ ਦਾ ਚੱਕਾ ਜਾਮ

ਖਨੌਰੀ (ਸੰਗਰੂਰ), 16 ਦਸੰਬਰ (ਅਮਨਦੀਪ ਸਿੰਘ, ਰੁਪਿੰਦਰਪਾਲ ਡਿੰਪਲ)-ਫਰਵਰੀ 13 ਤੋਂ ਕਿਸਾਨ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਸ਼ੁਰੂ ਦਿੱਲੀ ਅੰਦੋਲਨ 2 ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਸਥਾਨ) ਬਾਰਡਰਾਂ ਉਤੇ ਲਗਾਤਾਰ ਜਾਰੀ ਹੈ। ਅੰਦੋਲਨ ਨੂੰ ਤਿੱਖਾ ਕਰਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ 18 ਦਸੰਬਰ ਨੂੰ ਪੰਜਾਬ ਵਿਚ ਰੇਲਾਂ ਦਾ ਚੱਕਾ ਜਾਮ ਕਰਨ ਦੀਆਂ ਤਿਆਰੀਆਂ ਦੇ ਸਬੰਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਜ਼ੋਨਾਂ ਦੇ ਆਗੂਆਂ ਦੀ ਮੀਟਿੰਗ ਪਿੰਡ ਵੱਲਾ ਦੇ ਗੁਰਦੁਆਰਾ ਗੁਰੀਆਣਾ ਸਾਬ੍ਹ ਵਿਚ ਕੀਤੀ ਗਈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਇਸ ਅੰਦੋਲਨ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ 101 ਕਿਸਾਨਾਂ ਮਜ਼ਦੂਰਾਂ ਦੇ ਪੈਦਲ ਜਾਂ ਦਿੱਲੀ ਜਾ ਰਹੇ ਜਥਿਆਂ ਉਪਰ ਸ਼ੰਭੂ ਬਾਰਡਰ ਮੋਰਚੇ ਉਤੇ ਅੱਥਰੂ ਗੈਸ, ਬੰਬ, ਗੰਦੇ ਪਾਣੀ ਦੀਆਂ ਬੁਛਾੜਾਂ, ਰਬੜ ਦੀਆਂ ਗੋਲੀਆਂ ਅਤੇ ਕੈਮੀਕਲ ਦੀਆਂ ਸਪਰੇਆਂ ਕਰਕੇ ਤਸ਼ੱਦਦ ਕੀਤਾ ਗਿਆ ਹੈ, ਇਸ ਉਤੇ ਆਮ ਜਨਤਾ ਵਿਚ ਭਾਰੀ ਰੋਹ ਹੈ, ਜਿਸ ਦੇ ਚਲਦੇ ਦੋਨਾਂ ਫ਼ੋਰਮਾਂ ਵਲੋਂ 3 ਘੰਟੇ ਦੇ ਸੰਕੇਤਕ ਰੇਲ ਰੋਕੋ ਮੋਰਚੇ ਨੂੰ ਸਫਲ ਬਣਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਆਗੂਆਂ ਨੂੰ ਪਿੰਡ ਪੱਧਰ ਉਤੇ ਜਾ ਕੇ 18 ਦਸੰਬਰ ਨੂੰ ਲੱਖਾਂ ਦੀ ਗਿਣਤੀ ਵਿਚ ਰੇਲ ਲਾਈਨਾਂ ਉਤੇ ਆਉਣ ਦਾ ਸੱਦਾ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਫ਼ਸਲਾਂ ਦੀ ਖਰੀਦ ਦਾ ਐਮ. ਐਸ. ਪੀ. ਗਾਰੰਟੀ ਕਾਨੂੰਨ ਬਣਾ ਕੇ ਫਸਲਾਂ ਦੇ ਭਾਅ ਤਹਿ ਨਹੀਂ ਕੀਤੇ ਜਾਂਦੇ, ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਭੂਮੀ ਅਧਿਗ੍ਰਹਿਣ ਨਿਯਮ ਨੂੰ 2013 ਦੇ ਸਰੂਪ ਵਿਚ ਲਾਗੂ ਕਰਨ, 2021 ਕਿਸਾਨ ਅੰਦੋਲਨ ਦੀਆਂ ਮੰਨੀਆ ਮੰਗਾਂ ਲਾਗੂ ਕਰਨ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜ਼ਗਾਰ ਅਤੇ ਦਿਹਾੜੀ 700 ਰੁਪਏ ਕਰਨ, ਆਦਿਵਾਸੀਆਂ ਦੇ ਹੱਕਾਂ ਦੇ ਕਾਰਪੋਰੇਟ ਘਰਾਣਿਆਂ ਹਵਾਲੇ ਬੰਦ ਕਰਕੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਠੋਸ ਹੱਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੋਂ ਬਾਹਰ ਵੱਖ-ਵੱਖ ਸੂਬਿਆਂ ਵਿਚ ਟਰੈਕਟਰ ਮਾਰਚ ਕੀਤੇ ਗਏ ਹਨ, ਜਿਸ ਨੇ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਅੰਦੋਲਨ ਦਾ ਅਸਰ ਦੇਸ਼ ਪੱਧਰ ਉਤੇ ਹੈ ਅਤੇ ਸਾਰਾ ਦੇਸ਼ ਇਨ੍ਹਾਂ ਮੰਗਾਂ ਉਤੇ ਅੰਦੋਲਨ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ 9 ਜਗ੍ਹਾ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ, ਜਿਸ ਵਿਚ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲ ਲਾਈਨ ਤੇ ਰਮਦਾਸ ਸਟੇਸ਼ਨ, ਪੰਧੇਰ ਕਲਾਂ ਫਾਟਕ, ਕੋਟਲਾ ਗੁੱਜਰਾਂ ਸਟੇਸ਼ਨ, ਜੰਮੂ-ਕਸ਼ਮੀਰ ਰੇਲ ਲਾਈਨ ਤੇ ਜੈਂਤੀਪੁਰ ਸਟੇਸ਼ਨ, ਝੰਡੇ ਰੇਲ ਫਾਟਕ, ਕੱਥੂਨੰਗਲ ਸਟੇਸ਼ਨ, ਜਹਾਂਗੀਰ ਰੇਲ ਫਾਟਕ ਅਤੇ ਅੰਮ੍ਰਿਤਸਰ ਦਿੱਲੀ ਰੇਲ ਲਾਈਨ ਉੱਪਰ ਦੇਵਿਦਾਸਪੁਰਾ ਰੇਲ ਫਾਟਕ ਤੇ ਬਿਆਸ ਰੇਲਵੇ ਸਟੇਸ਼ਨ ਉਤੇ ਧਰਨੇ ਲਗਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਰੁਮਾਣਾ ਚੱਕ, ਜਰਮਨਜੀਤ ਸਿੰਘ ਬੰਡਾਲਾ, ਸੁਖਦੇਵ ਸਿੰਘ ਚਾਟੀਵਿੰਡ ਸਮੇਤ ਵੱਖ-ਵੱਖ ਜ਼ੋਨਾਂ ਦੇ ਆਗੂ ਹਾਜ਼ਰ ਸਨ। ਖਨੌਰੀ ਬਾਰਡਰ ਉਤੇ ਕਿਸਾਨ ਆਗੂਆਂ ਵਲੋਂ ਜਗਜੀਤ ਸਿੰਘ ਡੱਲੇਵਾਲ ਦੁਆਰਾ ਦਿੱਤੇ ਸੰਦੇਸ਼ ਨੂੰ ਸਾਹਮਣੇ ਰੱਖਿਆ ਗਿਆ। ਇਸ ਮੌਕੇ ਕਿਸਾਨ ਆਗੂ ਅਭਿਮਨਯੂ ਕੋਹੜ ਨੇ ਦੱਸਿਆ ਕਿ ਮੋਰਚੇ ਨਾਲ ਲਗਾਤਾਰ ਲੋਕ ਜੁੜ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ