ਫਸਲਾਂ ਦੀ ਰਹਿੰਦ-ਖੁੰਹਦ ਨੂੰ ਖੇਤ 'ਚ ਮਿਲਾਉਣ ਦਾ ਗੁਲਾਬੀ ਸੁੰਡੀ ਦੇ ਹਮਲੇ ਨਾਲ ਕੋਈ ਸੰਬੰਧ ਨਹੀਂ - ਡਾ. ਹਰਬੰਸ ਸਿੰਘ ਚਹਿਲ
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)-ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਹਰਬੰਸ ਸਿੰਘ ਚਹਿਲ ਵਲੋਂ ਵੱਖ-ਵੱਖ ਪਿੰਡਾਂ ਵਿਚ ਕਣਕ ਦੀ ਫਸਲ ਉਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਮੁਆਇਨਾ ਕੀਤਾ ਗਿਆ। ਉਨ੍ਹਾਂ ਵਲੋਂ ਫਸਲ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਅਗੇਤੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ ਜਦੋਂਕਿ ਪਿਛੇਤੀ ਬੀਜੀ ਗਈ ਫਸਲ ਉਤੇ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਫਸਲਾਂ ਦੀ ਰਹਿੰਦ-ਖੁੰਹਦ ਨੂੰ ਖੇਤ ਵਿਚ ਮਿਲਾਉਣ ਦਾ ਗੁਲਾਬੀ ਸੁੰਡੀ ਦੇ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਗੁਲਾਬੀ ਸੁੰਡੀ ਦਾ ਹਮਲਾ ਫਸਲਾਂ ਦੇ ਨਾੜ ਨੂੰ ਅੱਗ ਲਗਾ ਕੇ ਬੀਜੀ ਗਈ ਕਣਕ ਉੱਪਰ ਵੀ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਚ ਚੱਲ ਰਹੀ ਤਬਦੀਲੀ ਗੁਲਾਬੀ ਸੁੰਡੀ ਦੇ ਹਮਲੇ ਦਾ ਵੱਡਾ ਕਾਰਨ ਹੈ ਕਿਉਂਕਿ ਜ਼ਿਆਦਾ ਤਾਪਮਾਨ ਹੋਣ ਕਾਰਨ ਗੁਲਾਬੀ ਸੁੰਡੀ ਹਾਲੇ ਤੱਕ ਐਕਟਿਵ ਸਟੇਜ ਵਿਚ ਹੈ। ਜੇਕਰ ਤਾਪਮਾਨ ਘੱਟ ਹੋ ਜਾਂਦਾ ਹੈ ਤਾਂ ਸੁੰਡੀ ਆਪਣੀ ਸੁਸਤ ਅਵਸਥਾ ਵਿਚ ਚਲੀ ਜਾਂਦੀ ਹੈ ਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਜਿਸ ਕਿਸੇ ਵੀ ਕਿਸਾਨ ਦੇ ਖੇਤ ਵਿਚ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ, ਉਹ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੇ ਤਾਂ ਜੋ ਸਮੇਂ-ਸਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਇਸ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਉਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ 7 ਕਿਲੋ ਫਿਪ੍ਰੋਨਿੱਲ 0.3 ਜੀ. ਆਰ. ਜਾਂ 1 ਲੀਟਰ ਕਲੋਰਪੈਰੀਂਫੋਸ 20 ਪ੍ਰਤੀਸ਼ਤ ਮਿੱਟੀ ਵਿਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਪਹਿਲਾਂ ਸਿੱਟਾ ਦੇ ਕੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 50 ਮਿਲੀਲੀਟਰ ਕਲੋਰਐਂਟਰਾਨਿਲੀਪ੍ਰੋਲ 18.5 ਪ੍ਰਤੀਸ਼ਤ ਐੱਸ.ਸੀ. ਦਾ 100 ਲੀਟਰ ਪਾਣੀ ਵਿਚ ਘੋਲ ਬਣਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਵੀ ਕੀਤੀ ਜਾ ਸਕਦੀ ਹੈ। ਮੌਕੇ ਉਤੇ ਮੌਜੂਦ ਅਗਾਂਹਵਧੂ ਕਿਸਾਨ ਦਲਜਿੰਦਰ ਸਿੰਘ ਵਾਸੀ ਚੱਠੇ ਨਕਟੇ ਨੇ ਦੱਸਿਆ ਕਿ ਉਹ ਲਗਭਗ ਪਿਛਲੇ 10 ਸਾਲਾਂ ਤੋਂ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਇਸ ਸਾਲ ਵੀ ਲਗਭਗ 17 ਏਕੜ ਕਣਕ ਦੀ ਫਸਲ ਬਿਨਾਂ ਅੱਗ ਲਗਾਏ ਹੈਪੀ ਸੀਡਰ ਅਤੇ ਮਲਚਿੰਗ ਵਿਧੀ ਨਾਲ ਬਿਜਾਈ ਕੀਤੀ ਹੋਈ ਹੈ ਜੋ ਕਿ ਵਧੀਆ ਹਾਲਤ ਵਿਚ ਹੈ ਅਤੇ ਗੁਲਾਬੀ ਸੁੰਡੀ ਦਾ ਕੋਈ ਹਮਲਾ ਫ਼ਸਲ ਉਪਰ ਨਹੀਂ ਹੋਇਆ।