JALANDHAR WEATHER

17-12-2024

 ਕਦੋਂ ਹੋਵੇਗਾ ਨਸ਼ਾ ਮੁਕਤ ਪੰਜਾਬ

ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਨਸ਼ਾ ਤਸਕਰਾਂ ਨੂੰ ਫੜਨਾ ਹੈ, ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਜਦੋਂ ਕਿਸੇ ਸਰਹੱਦੀ ਜ਼ਿਲ੍ਹੇ 'ਚੋਂ ਹੈਰੋਇਨ ਦੀ ਵੱਡੀ ਮਾਤਰਾ ਵਿਚ ਖੇਪ ਬਰਾਮਦ ਹੁੰਦੀ ਹੈ ਤਾਂ ਵੱਡੀਆਂ-ਵੱਡੀਆਂ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ। ਕੁਝ ਸਮਾਂ ਤਾਂ ਬਹੁਤ ਸਖ਼ਤੀ ਹੁੰਦੀ ਹੈ, ਪਰ ਬਾਅਦ ਵਿਚ ਇਹ ਰਫ਼ਤਾਰ ਮੱਧਮ ਜਿਹੀ ਪੈ ਜਾਂਦੀ ਹੈ। ਅਕਸਰ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਕਿ ਚਿੱਟੇ ਵਰਗਾ ਨਸ਼ਾ ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਆਉਂਦਾ ਹੈ। ਹਰ ਰੋਜ਼ ਚਾਰ ਤੋਂ ਪੰਜ ਨੌਜਵਾਨ ਚਿੱਟੇ/ਹੈਰੋਇਨ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਅਜਿਹੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਚਿੱਟੇ ਦਾ ਆਦੀ ਨੌਜਵਾਨ ਨਸ਼ੇ ਦੀ ਭਰਪਾਈ ਲਈ ਆਪਣੇ ਮਾਂ-ਪਿਓ ਦਾ ਕਤਲ ਤੱਕ ਕਰ ਦਿੰਦਾ ਹੈ। ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਾਹੇ 'ਸਪੈਸ਼ਲ ਟਾਸਕ ਫੋਰਸ' ਦਾ ਵੀ ਗਠਨ ਕੀਤਾ ਹੋਇਆ ਹੈ, ਪਰ ਵੱਡੇ-ਵੱਡੇ ਮਗਰਮੱਛ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹਨ। ਸੂਬਾ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੂੰ 'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣੀ ਚਾਹੀਦੀ ਹੈ। ਹਾਲਾਂਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਨਸ਼ੇੜੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ

ਗਰੀਬ ਤੇ ਜ਼ਰੂਰਤਮੰਦ ਦੀ ਮਦਦ ਕਰੋ

ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਸਾਡੇ ਰੋਜ਼ਾਨਾ ਦੇ ਕੰਮਾਂ 'ਤੇ ਬਹੁਤ ਅਸਰ ਪੈਂਦਾ ਹੈ, ਖ਼ਾਸ ਕਰਕੇ ਉਨ੍ਹਾਂ ਗਰੀਬ ਤੇ ਲੋੜਮੰਦ ਲੋਕਾਂ ਦੇ ਜਿਨ੍ਹਾਂ ਨੇ ਰੋਜ਼ਾਨਾ ਕਮਾ ਕੇ ਖਾਣਾ ਹੁੰਦਾ ਹੈ। ਲੋੜਵੰਦ ਲੋਕ ਦਿਹਾੜੀ ਕਰਕੇ, ਰਿਕਸ਼ਾ ਚਲਾ ਕੇ, ਕੋਈ ਰੱਦੀ ਤੇ ਕਬਾੜ ਵੇਚ ਕੇ, ਹੋਰ ਕਈ ਤਰ੍ਹਾਂ ਦੇ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਸਰਦੀਆਂ ਦੀ ਸਭ ਤੋਂ ਵੱਧ ਮਾਰ ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਪੈਂਦੀ ਹੈ। ਕਈ ਵਾਰੀ ਇਨ੍ਹਾਂ ਗਰੀਬ ਲੋਕਾਂ ਨੂੰ ਦਿਹਾੜੀ ਵੀ ਨਸੀਬ ਨਹੀਂ ਹੁੰਦੀ। ਇਨ੍ਹਾਂ ਹਾਲਾਤਾਂ ਵਿਚ ਇਨ੍ਹਾਂ ਗਰੀਬ ਲੋਕਾਂ ਦੇ ਚੁੱਲ੍ਹੇ ਕਈ-ਕਈ ਦਿਨ ਠੰਢੇ ਰਹਿੰਦੇ ਹਨ। ਸਾਨੂੰ ਅਜਿਹੇ ਹਾਲਾਤਾਂ ਵਿਚ ਇਨ੍ਹਾਂ ਗਰੀਬ ਅਤੇ ਲੋੜਵੰਦ ਲੋਕਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਜੇਕਰ ਪਰਮਾਤਮਾ ਦੀ ਕਿਰਪਾ ਨੇ ਸਾਨੂੰ ਪ੍ਰਮਾਤਮਾ ਨੇ ਕਿਸੇ ਲੋੜਵੰਦ ਦੀ ਮਦਦ ਕਰਨ ਦੇ ਕਾਬਿਲ ਬਣਾਇਆ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਕੋਈ ਵੀ ਗਰੀਬ ਅਤੇ ਲੋੜਵੰਦ ਰੋਟੀ ਤੋਂ ਭੁੱਖਾ ਨਾ ਰਹੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਬੱਚਿਆਂ ਨੂੰ ਵਰਜਣਾ ਜ਼ਰੂਰੀ

ਸਿਆਣੇ ਕਹਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਸਗੋਂ ਚੋਰ ਦੀ ਮਾਂ ਨੂੰ ਮਾਰੋ ਜਿਸ ਨੇ ਉਸ ਨੂੰ ਚੋਰ ਬਣਨ ਤੋਂ ਰੋਕਿਆ ਨਹੀਂ। ਜਿਸ ਦਿਨ ਬੱਚਾ ਪਹਿਲੀ ਵਾਰ ਸ਼ਰਾਰਤ ਕਰਦਾ ਹੈ, ਉਸੇ ਦਿਨ ਹੀ ਉਸ ਦੇ ਕੰਨ ਖਿੱਚੇ ਜਾਣ ਤਾਂ ਉਹ ਸ਼ਰਾਰਤ ਕਰਨ ਤੋਂ ਪਹਿਲਾਂ ਬੱਚਾ ਸੌ ਵਾਰ ਸੋਚੇਗਾ। ਬੱਚਿਆਂ ਦੀਆਂ ਸ਼ਰਾਰਤਾਂ ਦੇਖੋ ਦੇਖੀ ਦਿਨੋ-ਦਿਨ ਗੰਭੀਰ ਰੂਪ ਅਖ਼ਤਿਆਰ ਕਰ ਰਹੀਆਂ ਹਨ, ਜਿਸ ਦੀ ਤਾਜ਼ਾ ਉਦਾਹਰਨ ਅਨੰਦਪੁਰ ਸਾਹਿਬ ਦੀ ਹੈ ਜਿਥੇ ਇਕ ਬੱਚੇ ਨੇ ਗਲਾਸ ਦੇ ਥੱਲੇ ਪਟਾਕਾ ਧਰ ਕੇ ਚਲਾ ਦਿੱਤਾ, ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਗਲਾਸ ਟੁੱਟ ਕੇ ਬੱਚੇ ਦੀ ਵੱਖੀ ਵਿਚ ਜਾ ਵੱਜਿਆ। ਜੇਕਰ ਬੱਚੇ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਜਾਂਦਾ ਤਾਂ ਬੱਚਾ ਮਰ ਵੀ ਸਕਦਾ ਸੀ। ਜੇਕਰ ਇਸ ਘਟਨਾ ਦੀ ਵਜ੍ਹਾ ਬੱਚੇ ਦੀ ਸ਼ਰਾਰਤ ਹੈ ਤਾਂ ਮਾਤਾ-ਪਿਤਾ ਦੀ ਅਣਗਹਿਲੀ ਤੇ ਲਾਪਰਵਾਹੀ ਵੀ ਨਜ਼ਰ ਆਉਂਦੀ ਹੈ। ਬੱਚਿਆਂ ਨੂੰ ਨਕੇਲ ਪਾਉਣ ਲਈ ਜਿਥੇ ਪਹਿਲਾਂ ਪਿਆਰ ਨਾਲ ਸਮਝਾਉਣਾ ਜ਼ਰੂਰੀ ਹੈ, ਜੇਕਰ ਨਹੀਂ ਸਮਝਦੇ ਤਾਂ ਸਖਤੀ ਵਰਤਣ ਤੋਂ ਵੀ ਹੱਥ ਪਿੱਛੇ ਨਹੀਂ ਖਿੱਚਣਾ ਚਾਹੀਦਾ ਕਿਉਂਕਿ ਬਾਅਦ ਵਿਚ ਕੇਵਲ ਪਛਤਾਵਾ ਪੱਲੇ ਹੀ ਰਹਿ ਜਾਂਦਾ ਹੈ। ਇਸ ਕਰਕੇ ਬੱਚਿਆਂ ਦੀਆਂ ਸ਼ਰਾਰਤਾਂ ਤੇ ਸਮੇਂ ਸਿਰ ਨਕੇਲ ਕੱਸਣਾ ਬੱਚਿਆਂ ਦੀ ਭਲਾਈ ਲਈ ਬਹੁਤ ਜ਼ਰੂਰੀ ਹੈ।

ਰਜਵਿੰਦਰ ਪਾਲ ਸ਼ਰਮਾ

ਮੰਗਤਿਆਂ ਤੋਂ ਕਿਵੇਂ ਛੁਟਕਾਰਾ ਪਾਈਏ

ਵਿਆਹ ਸ਼ਾਦੀਆਂ ਵਿਚ ਮੰਗਤੇ ਮੰਗਤੀਆਂ ਦੇ ਮੰਗਣ ਦਾ ਵਧ ਰਿਹਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਅਸੀਂ ਲੋਕ ਇੰਨੇ ਖ਼ੌਫਜ਼ਦਾ ਅਤੇ ਡਰੇ ਹੋਏ ਸੋਚਦੇ ਹਾਂ ਜੇ ਕਿਤੇ ਅਸੀਂ ਇਨ੍ਹਾਂ ਨੂੰ ਪੈਸੇ ਨਾ ਦਿੱਤੇ ਇਹ ਸਰਾਪ ਦੇ ਦੇਣਗੇ। ਅਸੀਂ ਹੱਟੇ-ਕੱਟੇ ਮੰਗਤਿਆਂ ਦੇ ਪੈਸੇ ਮੰਗਣ ਦੀ ਬੁਰਾਈ ਨੂੰ ਬੜ੍ਹਾਵਾ ਦੇ ਰਹੇ ਹਾਂ। ਕਈਆਂ ਪਿੰਡਾਂ ਵਿਚ ਤਾਂ ਪੰਚਾਇਤਾਂ ਨੇ ਖੁਸਰਿਆਂ, ਭੰਡਾਂ ਦੇ ਰੇਟ ਬੰਨ੍ਹੇ ਹੋਏ ਹਨ, ਉਥੇ ਕੋਈ ਰੌਲਾ ਨਹੀਂ। ਸ਼ਹਿਰਾਂ ਵਿਚ ਤਾਂ ਇਹ ਲੋਕ ਮੂੰਹ ਮੰਗੇ ਪੈਸੇ ਮੰਗਦੇ ਹਨ। ਸ਼ਹਿਰ, ਸੜਕਾਂ, ਚੌਂਕਾਂ ਵਿਚ ਨਬਾਲਗ ਬੱਚੇ, ਬੱਚੀਆਂ, ਔਰਤਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਗੁਰਦੁਆਰਿਆਂ, ਮੰਦਰਾਂ ਵਿਚ ਵੀ ਇਹ ਲੋਕ ਬਹੁਤ ਤੰਗ ਕਰਨ ਤੋਂ ਨਹੀਂ ਹਟਦੇ। ਜੇਕਰ ਅਸੀਂ ਸਾਰੇ ਲੋਕ ਧਾਰ ਲਈਏ ਕਿ ਪੈਸੇ ਨਹੀਂ ਦੇਣੇ ਤਾਂ ਹੀ ਇਹ ਬੀਮਾਰੀ ਦੂਰ ਹੋ ਸਕਦੀ ਹੈ।

-ਗੁਰਮੀਤ ਸਿੰਘ ਵੇਰਕਾ