ਢਾਬੇ ਦੇ ਬਾਹਰ ਖੜ੍ਹੀ ਸਰਕਾਰੀ ਬੱਸ ਚੋਰੀ ਕਰਨ ਵਾਲਾ ਇਕ ਕਾਬੂ
ਗੁਰੂਹਰਸਹਾਏ (ਫਿਰੋਜ਼ਪੁਰ), 16 ਦਸੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਚੋਰਾਂ ਵਲੋਂ ਘਰਾਂ ਤੇ ਦੁਕਾਨਾਂ ਵਿਚ ਚੋਰੀ ਕਰਨ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਚੋਰਾਂ ਵਲੋਂ ਇਕ ਸਰਕਾਰੀ ਬੱਸ ਨੂੰ ਚੋਰੀ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਬੱਸ ਚੋਰੀ ਕਰਨ ਵਾਲੇ ਚੋਰ ਗਰੋਹ ਦੇ 1 ਮੈਂਬਰ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਭਜਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਆਤੂ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ 14 ਦਸੰਬਰ ਦੀ ਸ਼ਾਮ ਨੂੰ ਸਵਾ 8 ਵਜੇ ਦੇ ਕਰੀਬ ਆਪਣੇ ਸਾਥੀ ਕੰਡਕਟਰ ਨਾਲ ਸਰਕਾਰੀ ਬੱਸ ਗੁਰੂ ਨਾਨਕ ਸ਼ੁੱਧ ਵੈਸ਼ਨੂੰ ਢਾਬਾ ਗੋਲੂ ਕਾ ਮੋੜ ਵਿਖੇ ਖੜ੍ਹੀ ਕਰਕੇ ਰੋਟੀ ਖਾਣ ਲਈ ਚਲੇ ਗਏ ਤਾਂ ਜਦੋਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆਏ ਤਾਂ ਬੱਸ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਈ ਸੀ। ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸ਼ਿਕਾਇਤ ’ਤੇ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੜੀ ਬਾਰੀਕੀ ਨਾਲ ਇਸਦੀ ਜਾਂਚ ਕੀਤੀ ਗਈ ਅਤੇ ਸਰਕਾਰੀ ਬੱਸ ਨੂੰ ਚੋਰੀ ਕਰਨ ਵਾਲੇ ਚੋਰਾਂ ’ਚ ਸ਼ਾਮਿਲ ਕਸ਼ਮੀਰ ਸਿੰਘ ਊਰਫ ਸੋਨੂੰ ਪੁੱਤਰ ਮੇਜਰ ਸਿੰਘ ਵਾਸੀ ਚੱਕ ਘੁਬਾਈ ਟਾਂਗਣ ਤਰਾਂ ਵਾਲੀ ਅਤੇ ਗੋਰਾ ਪੁੱਤਰ ਸੋਹਣ ਸਿੰਘ ਵਾਸੀ ਬਸਤੀ ਭੱਟੀਆਂ ਵਿਰੁੱਧ ਮਾਮਲਾ ਦਰਜ ਕਰਕੇ ਮੁਲਜ਼ਮ ਕਸ਼ਮੀਰ ਸਿੰਘ ਉਰਫ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਨਿਸ਼ਾਨਦੇਹੀ ’ਤੇ ਪੁਲਿਸ ਵਲੋਂ ਬੱਸ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਬਾਕੀ ਦੇ ਚੋਰਾਂ ਦੀ ਵੀ ਭਾਲ ਲਈ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਵੀ ਜਲਦ ਫੜ ਲਿਆ ਜਾਵੇਗਾ।