ਕਿਸਾਨਾਂ ਵਲੋਂ ਝੋਨੇ, ਡੀ.ਏ.ਪੀ. ਅਤੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਡੀ.ਸੀ ਦਫ਼ਤਰ ਦਾ ਘਿਰਾਓ
ਬਠਿੰਡਾ, 5 ਨਵੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਝੋਨੇ, ਡੀ.ਏ.ਪੀ. ਅਤੇ ਪਰਾਲੀ ਦੀ ਅੱਗ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵਲੋਂ ਅੱਜ ਡੀ.ਸੀ. ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਕਿ ਵੱਡੀ ਪੱਧਰ ’ਤੇ ਝੋਨੇ ਦੀ ਖ਼ਰੀਦ ਹੋ ਗਈ ਜਾਂ ਲਿਫ਼ਟਿੰਗ ਹੋ ਗਈ ਹੈ, ਜਦਕਿ ਅਸਲੀਅਤ ਇਹ ਹੈ ਕਿ ਸ਼ੈਲਰ ਮਾਲਕਾਂ ਨਾਲ ਹੋਏ ਸਮਝੌਤੇ ਵਾਲੀਆਂ ਮੰਡੀਆਂ ਵਿਚ 20 ਫ਼ੀਸਦੀ ਹੀ ਝੋਨੇ ਦੀ ਖ਼ਰੀਦ ਹੋਈ ਹੈ ਅਤੇ 5 ਫ਼ੀਸਦੀ ਲਿਫ਼ਟਿੰਗ ਹੋਈ ਹੈ। ਸਰਕਾਰ ਵਲੋਂ ਪਰਾਲੀ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮਜਬੂਰਨ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਪਰਚੇ ਕੀਤੇ ਜਾ ਰਹੇ ਹਨ।