ਰਾਏਕੋਟ ਕਤਲ ਕਾਂਡ ’ਚ ਪੁਲਿਸ ਵਲੋਂ ਵੱਡਾ ਖੁਲਾਸਾ
ਗੁਰੂਸਰ ਸੁਧਾਰ, (ਲੁਧਿਆਣਾ), 5 ਨਵੰਬਰ (ਜਗਪਾਲ ਸਿੰਘ ਸਿਵੀਆਂ)- ਰਾਏਕੋਟ ’ਚ ਦੀਵਾਲੀ ਦੀ ਰਾਤ ਕਤਲ ਕੀਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਵੱਡਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ’ਚ ਪੁਲਿਸ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਰਾਏਕੋਟ ਹਰਜਿੰਦਰ ਸਿੰਘ ਨੇ ਜੱਸੀ ਢੱਟ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਸੀ.ਆਈ.ਏ. ਸਟਾਫ਼ ਜਗਰਾਉਂ ਵਿਚ ਉੱਚ ਅਧਿਕਾਰੀਆਂ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਕਤਲ ਕਾਂਡ ਦਾ ਮੁੱਖ ਮੁਲਜ਼ਮ ਦਾਨਵੀਰ ਸਿੰਘ ਚੀਨਾ ਉਰਫ਼ ਡੀ.ਸੀ. ਨੂਰਪੁਰਾ ਤੇ ਹੋਰ ਮੁਲਜ਼ਮ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪੁਲਿਸ ਨੇ ਜੱਸੀ ਢੱਟ ਅਤੇ ਡੀ.ਸੀ. ਨੂਰਪੁਰਾ ਤੋਂ ਇਲਾਵਾ ਪੰਜ ਹੋਰ ਲੋਕਾਂ ਦੇ ਨਾਮ ਲਏ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਾਂਚ ’ਚ ਚਾਰ ਹੋਰ ਲੋਕਾਂ ਦੇ ਨਾਂਅ ਵੀ ਸਾਹਮਣੇ ਆਏ ਹਨ। ਇਸੇ ਦੌਰਾਨ ਰਾਏਕੋਟ ’ਚ ਅਮਨ ਕਾਨੂੰਨ ਦੀ ਮਾੜੀ ਹਾਲਤ ਦੇ ਚੱਲਦਿਆਂ ਦੋਵਾਂ ਥਾਣਿਆਂ ਦੇ ਇੰਚਾਰਜਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਅਤੇ ਸਦਰ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੂੰ ਲੁਧਿਆਣਾ ਦਿਹਾਤੀ ਪੁਲਿਸ ਲਾਈਨ ਜਗਰਾਉਂ ਵਿਖੇ ਭੇਜ ਦਿੱਤਾ ਗਿਆ ਹੈ।