03-11-2024
ਜਪੁਜੀ ਸਾਹਿਬ ਸਟੀਕ
ਟੀਕਾਕਾਰ : ਮੋਹਨ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98152-98459
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਜਪੁਜੀ ਸਾਹਿਬ ਮੂਲ ਮੰਤਰ ਦੀ ਹੀ ਵਿਆਖਿਆ ਹੈ। ਜਪੁਜੀ ਸਾਹਿਬ ਦੀ ਸਾਰੀ ਬਾਣੀ ਨੂੰ ਦਾਰਸ਼ਨਿਕ ਆਧਾਰ ਪ੍ਰਦਾਨ ਕਰਦਾ ਹੈ। ਵੱਖ-ਵੱਖ ਸਮਿਆਂ ਤੇ ਵਿਦਵਾਨਾਂ ਨੇ ਇਸ ਰਚਨਾ ਦੇ ਟੀਕੇ ਕੀਤੇ ਹਨ। ਇਹੋ ਜਿਹਾ ਹੀ ਵਧੀਆ ਉਪਰਾਲਾ ਕੈਲੀਫੋਰਨੀਆ ਨਿਵਾਸੀ ਮੋਹਨ ਸਿੰਘ ਮਾਨ ਨੇ ਕੀਤਾ ਹੈ, ਜਿਸ ਵਿਅਕਤੀ ਨੇ ਇਸ ਬਾਣੀ ਨੂੰ ਸਮਝ ਲਿਆ, ਉਸ ਨੂੰ ਗੁਰਮਤਿ ਦਰਸ਼ਨ ਦੀ ਸੋਝੀ ਹੋ ਜਾਂਦੀ ਹੈ। ਲੇਖਕ ਨੇ ਆਪਣਾ ਅਧਿਐਨ ਮੂਲ ਮੰਤਰ ਤੋਂ ਆਰੰਭ ਕੀਤਾ ਹੈ। ਉਸ ਨੇ ਸਾਰੀਆਂ ਪਉੜੀਆਂ ਦੀ ਕ੍ਰਮਵਾਰ ਵਿਆਖਿਆ ਕੀਤੀ ਹੈ। ਔਖੇ ਸ਼ਬਦਾਂ ਦੇ ਅਰਥ ਦਿੱਤੇ ਹਨ। ਜਪੁਜੀ ਸਾਹਿਬ ਦੀ ਸਮੁੱਚੀ ਬਣਤਰ ਬਾਰੇ ਆਰੰਭ ਵਿਚ ਹੀ ਦੱਸਿਆ ਹੈ ਕਿ ਜਪੁਜੀ ਸਾਹਿਬ ਦਾ ਮੂਲ ਸ਼ਲੋਕ 'ਆਦਿ ਸਹੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ' ਹੈ। ਇਸ ਤੋਂ ਬਾਅਦ 38 ਪਉੜੀਆਂ ਹਨ। ਪਹਿਲੀ ਪਉੜੀ 'ਸੋਚੇ ਸੋਚਿ ਨ ਹੋਵਈ' ਤੋਂ ਸ਼ੁਰੂ ਹੁੰਦੀ ਹੈ ਅਤੇ 38ਵੀਂ ਪਉੜੀ 'ਜਤੁ ਪਾਹਰਾ ਧੀਰਜੁ ਸੁਨਿਆਰ' ਆਖਰੀ ਪਉੜੀ ਹੈ। ਸਮਾਪਤੀ ਇਸ ਸ਼ਲੋਕ ਨਾਲ ਹੁੰਦੀ ਹੈ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।'
ਗੁਰੂ ਨਾਨਕ ਦੇਵ ਜੀ ਦਾ ਮੁੱਖ ਮੰਤਵ ਮਾਨਵ ਨੂੰ ਸਚਿਆਰਾ ਬਣਾਉਣਾ ਹੈ। ਜਪੁਜੀ ਅਨੁਸਾਰ ਬੰਦਾ ਜਿਸ ਸੰਸਾਰ ਵਿਚ ਹੈ, ਉਸ ਦਾ ਸਾਰਾ ਪਾਸਾਰ ਰੱਬੀ ਹੁਕਮ ਅਨੁਸਾਰ ਹੋਇਆ ਹੈ। ਸਭ ਆਕਾਰ ਅਤੇ ਜੀਵ ਉਸ ਨੇ ਪੈਦਾ ਕੀਤੇ ਹਨ। ਇਨ੍ਹਾਂ ਜੀਵਾਂ ਵਿਚ ਚੰਗੇ ਅਤੇ ਮਾੜੇ ਸਭ ਜੀਵ ਸ਼ਾਮਿਲ ਹਨ। ਉਸ ਦੇ ਹੁਕਮ ਨਾਲ ਹੀ ਬੰਦੇ ਦੁੱਖ-ਸੁੱਖ ਭੋਗਦੇ ਹਨ। ਇਸ ਲਈ ਬੰਦੇ ਨੇ ਰੱਬੀ ਹੁਕਮ ਨੂੰ ਸਮਝਣਾ ਹੈ। ਇਹ ਐਵੇਂ ਨਹੀਂ ਬੁੱਝਿਆ ਜਾ ਸਕਦਾ। ਇਸ ਦੇ ਬੁੱਝਣ ਲਈ ਬੰਦੇ ਨੂੰ ਨਾਮ ਨਾਲ ਜੁੜਨਾ ਪੈਂਦਾ ਹੈ। ਨਾਮ ਅਤੇ ਸ਼ਬਦ ਸਮਾਨਾਰਥੀ ਪ੍ਰਤੀਤ ਹੁੰਦੇ ਹਨ।
ਸ਼ਬਦ ਦਾ ਗਾਇਨ ਕਰਨ ਵਾਲੇ ਵਿਅਕਤੀ ਵਿਚ ਅਨੇਕਾਂ ਸੰਭਾਵਨਾਵਾਂ ਹੋ ਸਕਦੀਆਂ ਹਨ ਜਿਵੇਂ ਬਲ, ਦਾਤਾਂ, ਵਿੱਦਿਆ, ਜੀਵਨ, ਹਾਦਰਾ ਹਦੂਰਿ ਆਦਿ।
ਨਾਮ ਸੁਣਨ ਦੀਆਂ ਸੰਭਾਵਿਤ ਪ੍ਰਾਪਤੀਆਂ ਜਿਵੇਂ ਧਾਰਮਿਕਤਾ, ਧਰਤ ਆਕਾਸ਼ ਦੀ ਸੋਝੀ, ਦੀਪਾਂ ਸਮੁੰਦਰਾਂ ਦੀ ਸੋਝੀ, ਕਾਲ-ਮੁਕਤੀ, ਜੁਗਤੀ-ਮੁਕਤੀ, ਸਤ-ਸੰਤੋਖ, ਮਾਨਸਿਕ ਅਨੰਦ ਆਦਿ। ਸੁਣਨ ਉਪਰੰਤ ਮਨਨ ਦੀ ਪ੍ਰਕਿਰਿਆ ਚਲਦੀ ਹੈ। ਮਨਨ ਦੁਆਰਾ ਮਨ ਅਤੇ ਬੁੱਧੀ ਦੀ ਸੋਝੀ ਹੁੰਦੀ ਹੈ। 'ਤਿਸ ਊਚੇ' ਦੀ ਸਮਝ ਲਈ ਉਸ ਦੀ ਨਦਰ (ਗਰੇਸ) ਦੀ ਲੋੜ ਹੈ। ਪਰ ਨਦਰ ਪ੍ਰਾਪਤੀ ਲਈ ਵਿਅਕਤੀ ਨੂੰ ਹੁਕਮ ਵਿਚ ਰਹਿ ਕੇ, ਸੁਣਨ-ਮਨਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਕੇ, ਪੰਜ ਖੰਡਾਂ ਵਿਚ ਦੀ ਗੁਜ਼ਰਨਾ ਪੈਂਦਾ ਹੈ। ਸਚਿਆਰਾ ਬਣਨ ਦੀ ਘਾੜਤ 'ਸ਼ਬਦ' ਦੀ ਟਕਸਾਲ ਵਿਚ ਘੜੀ ਜਾਂਦੀ ਹੈ। ਜਪੁਜੀ ਸਾਹਿਬ ਵਿਚ ਅਨੇਕਾਂ ਸੰਕਲਪਾਂ ਦੀ ਗੱਲ ਕੀਤੀ ਗਈ ਹੈ ਜਿਵੇਂ ਕਿ ਹੁਕਮਿ, ਹਉਮੈ, ਕਰਮ, ਨਦਰ, ਮੋਖ, ਨਾਟ, ਪੁੰਨ, ਪਾਪ ਆਦਿ। ਬੰਦਾ 'ਹੁਕਮਿ ਰਜਾਈ' ਚੱਲ ਕੇ 'ਕੂੜ ਦੀ ਪਾਲ' ਨੂੰ ਤੋੜ ਕੇ ਸਚਿਆਰਾ ਬਣ ਸਕਦਾ ਹੈ। ਜਪੁਜੀ ਸਾਹਿਬ ਅਨੁਸਾਰ ਇਸ ਸੰਸਾਰ ਦੀ ਸਿਰਜਨਾ 'ਕੀਤਾ ਪਸਾਓ ਏਕੋਕਵਾਉ' ਦੇ ਮਹਾਂਵਾਕ ਅਨੁਸਾਰ ਅਕਾਲ ਪੁਰਖ ਨੇ ਕੀਤੀ ਹੈ। ਸਿਰਜੇ ਜਾਣ ਦੀ ਰੁੱਤ, ਵਕਤ ਥਿਤੀ, ਵੇਲੇ ਦਾ ਸਿਰਜਨਹਾਰ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ। ਸੰਸਾਰ 'ਧਰਮਸ਼ਾਲਾ' ਹੈ। ਇਸ ਵਿਚ ਬੰਦੇ ਦਾ 'ਕੱਚ-ਪੱਕ' ਪਰਖਿਆ ਜਾਂਦਾ ਹੈ। ਗਿਆਨ ਖੰਡ ਵਿਚ ਸ੍ਰਿਸ਼ਟੀ ਦੇ ਅਨੇਕਾਂ ਪੱਖ ਉਜਾਗਰ ਹੁੰਦੇ ਹਨ। ਸਰਮ ਖੰਡ ਦਾ ਮਹੱਤਵ ਬਿਆਨ ਕਰਨਾ ਕਠਿਨ ਹੈ। ਕਰਮ ਖੰਡ ਸੱਚੇ ਅਨੰਦ ਦੀ ਪ੍ਰਾਪਤੀ ਹੈ। ਸੱਚ-ਖੰਡ ਨਿਰੰਕਾਰ ਨਾਲ ਮਿਲਾਪ ਵਾਲੀ ਸਥਿਤੀ ਹੈ। ਪਰ ਬੰਦਾ ਹਊਮੈ ਦਾ ਸ਼ਿਕਾਰ ਹੋ ਕੇ ਰੱਬ ਤੋਂ ਦੂਰ ਹੋ ਜਾਂਦਾ ਹੈ। ਇਹ ਸੰਸਾਰ 'ਮਨਿ ਜੀਤੇ' ਜਿੱਤਿਆ ਜਾ ਸਕਦਾ ਹੈ। ਤੀਰਥਾਂ 'ਤੇ ਘੁੰਮਣ ਨਾਲੋਂ 'ਅੰਤਰਗਤਿ ਤੀਰਥ ਮਲਿ ਨਾਉ' ਅਨੁਸਾਰ ਚੱਲਣਾ ਪੈਂਦਾ ਹੈ। ਕਈ ਬੰਦੇ ਵਿਕਾਰਾਂ ਵਿਚ ਪੈ ਕੇ ਪ੍ਰਭੂ ਤੋਂ ਦੂਰ ਹੋ ਜਾਂਦੇ ਹਨ। ਸਾਰ ਇਹ ਕਿ ਸੱਚੀ ਟਕਸਾਲ ਵਿਚ ਬੰਦੇ ਦੀ ਸ਼ਬਦ ਦੁਆਰਾ ਸ਼ਖ਼ਸੀਅਤ ਦੀ ਘਾੜਤ ਹੁੰਦੀ ਹੈ। ਇੰਝ ਉਹ ਸਚਿਆਰਾ ਬਣ ਜਾਂਦਾ ਹੈ। ਕੁੱਲ ਮਿਲਾ ਕੇ ਸਮਝ ਪੈਂਦੀ ਹੈ ਕਿ ਟੀਕਾਕਾਰ ਨੇ ਬੜੀ ਸੌਖੀ ਭਾਸ਼ਾ ਵਿਚ ਵਿਆਖਿਆ ਕੀਤੀ ਹੈ ਜੋ ਹਰ ਗੁਰਮੁਖ ਵਿਅਕਤੀ ਨੂੰ ਪ੍ਰਭਾਵਿਤ ਕਰਨ ਦੇ ਗੁਣਾਂ ਨਾਲ ਲਬਰੇਜ਼ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਅੜੇ ਥੁੜੇ
ਲੇਖਕ : ਰਘਬੀਰ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 88728-54500
ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਸ ਨੇ ਹੁਣ ਤੱਕ 5 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇਕ ਧਾਰਮਿਕ ਨਿਬੰਧ ਸੰਗ੍ਰਹਿ ਹੈ। ਵਿਚਾਰ ਅਧੀਨ ਨਾਵਲ 'ਅੜੇ ਥੁੜੇ' ਉਸ ਦੀ ਛੇਵੀਂ ਕਿਤਾਬ ਹੈ। ਇਸ ਨਾਵਲ ਦੀ ਕੋਈ ਭੂਮਿਕਾ ਨਹੀਂ ਹੈ। ਨਾਵਲ ਦੇ ਕੁੱਲ 13 ਕਾਂਡ ਹਨ, ਜਿਸ ਦਾ ਵਿਸ਼ਾ ਨਿਵੇਕਲਾ ਹੈ। ਨਾਵਲ 'ਸੀਬੋ' ਦੁਆਰਾ ਘਰ ਛੱਡਣ ਨਾਲ ਸ਼ੁਰੂ ਹੁੰਦਾ ਹੈ ਤੇ ਉਸ ਦੀ ਮੌਤ ਨਾਲ ਖ਼ਤਮ ਹੁੰਦਾ ਹੈ। ਸੀਬੋ ਦਾ ਪਤੀ ਜੈਲਾ ਪਤਨੀ ਨੂੰ ਆਪਣੀ ਮਾਂ ਦੀ ਪਸੰਦ ਸਮਝ ਕੇ ਕੰਮ ਵਾਲੀ ਤੋਂ ਜ਼ਿਆਦਾ ਮਹੱਤਵ ਨਹੀਂ ਦਿੰਦਾ ਤੇ ਧੀਰੋ ਨਾਂ ਦੀ ਤੇਜ਼-ਤੱਰਾਰ ਲੜਕੀ ਨਾਲ ਪਿਆਰ ਪੀਂਘਾਂ ਝੂਟਦਾ ਹੈ। ਸੀਬੋ ਦੇ ਇਕ ਪੁੱਤਰ ਵੀ ਪੈਦਾ ਹੁੰਦਾ ਹੈ, ਪਰ ਜੈਲਾ ਤਾਂ ਵੀ ਪਤਨੀ ਤੋਂ ਬੇਮੁਖ ਰਹਿੰਦਾ ਹੈ। ਜੈਲੇ ਵੱਲੋਂ ਅਣਦੇਖੀ ਕਰਨ ਤੇ ਸੀਬੋ ਘਰ ਛੱਡ ਕੇ ਆਪਣੀ ਵੱਡੀ ਭੈਣ ਸ਼ਿਵ ਕੌਰ ਕੋਲ ਹਮੇਸ਼ਾ ਲਈ ਰਹਿਣ ਚਲੀ ਜਾਂਦੀ ਹੈ ਤੇ ਆਪਣੇ ਇਕਲੌਤੇ ਪੁੱਤਰ ਸ਼ੇਰੇ ਨੂੰ ਆਪਣੀ ਨਨਾਣ ਬੰਸੋ ਨੂੰ ਸੌਂਪ ਜਾਂਦੀ ਹੈ। ਜੈਲੇ ਨੂੰ ਪੂਰੀ ਖੁੱਲ੍ਹ ਹੋ ਜਾਂਦੀ ਹੈ ਤੇ ਉਹ ਧੀਰੋ ਨਾਲ ਵਿਆਹ ਕਰਕੇ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਦਾ ਹੈ। ਬੰਸੋ ਜੈਲੇ ਦੇ ਪੁੱਤਰ ਸ਼ੇਰੇ ਨੂੰ ਧੀਰੋ ਕੋਲ ਸੰਭਾਲ ਦਿੰਦੀ ਹੈ, ਜਿਸ ਨਾਲ ਧੀਰੋ ਮਤਰੇਈ ਮਾਂ ਵਾਲਾ ਬਹੁਤ ਭੈੜਾ ਸਲੂਕ ਕਰਦੀ ਹੈ। ਉਹ ਪਤੀ ਤੇ ਪੂਰਾ ਰੋਅਬ ਰੱਖਦੀ ਹੈ। ਆਪਣੇ ਤਿੰਨੇ ਬੱਚਿਆਂ ਨੂੰ ਚੰਗਾ ਖਾਣ ਪੀਣ ਨੂੰ ਦਿੰਦੀ ਹੈ ਪਰ ਸ਼ੇਰੇ ਨੂੰ ਬਿਗਾਨਾ ਸਮਝਦੀ ਹੈ। ਸ਼ੇਰੇ ਦਾ ਵਿਆਹ ਹੋਣ ਤੇ ਉਸ ਦੀ ਪਤਨੀ ਕੰਮੋ (ਕਰਮਜੀਤ) ਨਾਲ ਵੀ ਬੁਰਾ ਵਿਹਾਰ ਕਰਦੀ ਹੈ। ਦੋਵੇਂ ਘਰ ਛੱਡ ਕੇ ਪਿੰਡ ਬਾਠ (ਕੰਮੋ ਦੇ ਪੇਕੇ) ਰਹਿਣ ਲੱਗ ਜਾਂਦੇ ਹਨ। ਧੀਰੋ ਜ਼ਮੀਨ ਤੋਂ ਵੀ ਸ਼ੇਰੇ ਦਾ ਹੱਕ ਖੋਹ ਲੈਂਦੀ ਹੈ, ਜਿਸ ਕਰਕੇ ਸ਼ੇਰਾ ਆਪਣੇ ਸਹੁਰੇ ਝੰਡਾ ਸਿੰਘ ਨਾਲ ਮਿਲ ਕੇ ਇੱਕ ਰਾਤ ਧੀਰੋ ਦੇ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਕੇ ਬਦਲਾ ਲੈਂਦਾ ਹੈ। ਪੁਲਿਸ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦਿੰਦੀ ਹੈ, ਜਿਸ ਦਾ ਪਤਾ ਲੱਗਣ ਤੇ ਸੀਬੋ ਵੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਕਹਾਣੀ ਦੇ ਪਲਾਟ ਅਤੇ ਪਾਤਰਾਂ ਦੀ ਕਸ਼ਮਕਸ਼ ਨੂੰ ਲੇਖਕ ਨੇ ਬੜੀ ਕਾਰੀਗਰੀ ਨਾਲ ਵਿਉਂਤਿਆ ਹੈ। ਨਾਵਲ ਵਿਚ ਕਰੁਣਾ, ਰੌਦਰ ਤੇ ਵੀਭੱਤਸ ਦੀ ਸ਼ਾਨਦਾਰ ਪੇਸ਼ਕਾਰੀ ਹੈ। ਜ਼ਰ, ਜ਼ੋਰੂ ਤੇ ਜ਼ਮੀਨ ਨੂੰ ਕੇਂਦਰ ਵਿਚ ਰੱਖ ਕੇ ਲਿਖੇ ਇਸ ਨਾਵਲ ਦੀ ਖਾਸੀਅਤ ਇਹ ਹੈ ਕਿ ਪਾਠਕ ਦੀ ਉਤਸੁਕਤਾ ਲਗਾਤਾਰ ਬਰਕਰਾਰ ਰਹਿੰਦੀ ਹੈ। ਨਾਵਲ ਦੇ ਵਾਤਾਵਰਨ ਨੂੰ ਪਾਤਰਾਂ ਦੀ ਮਨੋਦਸ਼ਾ ਮੁਤਾਬਕ ਉਲੀਕਿਆ ਗਿਆ ਹੈ। ਪਾਠਕ ਸ਼ੁਰੂ ਤੋਂ ਅੰਤ ਤੱਕ ਨਾਵਲ ਨਾਲ ਇੱਕ-ਰਸ ਜੁੜਿਆ ਰਹਿੰਦਾ ਹੈ। ਮੇਰਾ ਸੁਝਾਅ ਹੈ ਕਿ ਇਸ ਨਾਵਲ ਤੇ ਜੇਕਰ ਇਕ ਲੜੀਵਾਰ ਜਾਂ ਫਿਲਮ ਬਣਾਈ ਜਾਵੇ ਤਾਂ ਹੋਰ ਵੀ ਪ੍ਰਭਾਵਸ਼ਾਲੀ ਹੋ ਨਿਬੜੇਗਾ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਯਾਦਾਂ ਵਤਨ ਦੀਆਂ
ਲੇਖਕ : ਕਰਤਾਰ ਸਿੰਘ ਸੰਘਾ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 275, ਸਫ਼ੇ : 176
ਸੰਪਰਕ : 95011-45039
ਪਰਵਾਸੀ ਕਰਤਾਰ ਸਿੰਘ ਸੰਘਾ ਆਪਣੀ ਪਲੇਠੀ ਪੁਸਤਕ 'ਯਾਦਾਂ ਵਤਨ ਦੀਆਂ' ਨਾਲ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਇਹ ਮੌਲਿਕ ਕਵਿਤਾਵਾਂ ਅਤੇ ਵਾਰਤਕ ਦਾ ਸਾਂਝਾ ਸੰਕਲਨ ਹੈ। ਹੋਰ ਪਰਵਾਸੀ ਪੰਜਾਬੀਆਂ ਵਾਂਗ ਕਰਤਾਰ ਸਿੰਘ ਸੰਘਾ ਨੂੰ ਵੀ ਪਿੱਛੇ ਛੁੱਟ ਗਏ ਆਪਣੇ ਪੰਜਾਬ ਦਾ ਹੇਰਵਾ ਖਾਂਦਾ ਹੈ। ਪਰਾਈ ਧਰਤੀ ਤੇ ਉਸ ਨੂੰ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਯਾਦ ਆਉਂਦੀ ਹੈ। ਪੰਜਾਬੀ ਸੱਭਿਆਚਾਰ ਅਤੇ ਵੱਡਮੁੱਲਾ ਵਿਰਸਾ ਉਸ ਦੇ ਮਨ ਅੰਦਰ ਖਲਲ ਪਾਉਂਦਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਕਵੀ ਮੋਹਨ ਸਿੰਘ ਤੇ ਕਦੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਨੂੰ ਚੇਤੇ ਕਰਦਾ ਹੋਇਆ, ਸੋਹਣੀ-ਮਹੀਵਾਲ ਦੇ ਕਿੱਸੇ ਨੂੰ ਕਾਵਿਕ ਰੂਪ ਵਿਚ ਪੇਸ਼ ਕਰਦਾ ਹੈ। ਪਰਮਾਤਮਾ ਦੀ ਉਪਮਾ, ਪੰਜਾਬ ਦੀਆਂ ਸਿਫ਼ਤਾਂ, ਕਾਲਜ ਦੀਆਂ ਯਾਦਾਂ, ਪੰਜਾਬੀ ਬੋਲੀ, ਹੀਰ ਪੰਜਾਬਣ, ਹੀਰ ਸਲੇਟੀ, ਲੂਣਾ-ਪੂਰਨ ਮੁਲਾਕਾਤ, ਪੰਜਾਬ ਦੇ ਗਿੱਧੇ-ਭੰਗੜੇ, ਮਾਂ-ਪਿਉ, ਪੁੱਤ-ਧੀ ਭੈਣ ਦੇ ਰਿਸ਼ਤੇ, ਗੁਰੂ ਗੋਬਿੰਦ ਸਿੰਘ ਆਦਿ ਵਿਸ਼ਿਆਂ ਨੂੰ ਆਧਾਰ ਬਣਾ ਕੇ ਰਵਾਇਤੀ ਪੰਜਾਬੀ ਕਾਵਿਕ ਸ਼ੈਲੀ ਵਿਚ ਕਵਿਤਾਵਾਂ ਲਿਖੀਆਂ ਗਈਆਂ ਹਨ। ਪੰਜਾਬ ਦੀ ਸਿਫਤ ਵਿਚ ਕਵੀ ਲਿਖਦਾ ਹੈ-
ਛਣਕਣ ਚੂੜੇ ਗੋਰੀਆਂ ਬਾਹਵਾਂ/ ਪੀਂਘਾਂ ਝੂਟਣ ਹੂਰਾਂ ਪਰੀਆਂ/ ਠੰਢਾ ਅੰਮ੍ਰਿਤ ਵਰਗਾ ਘੜੇ ਦਾ ਪਾਣੀ/ ਉਹ ਵੀ ਯਾਦਾਂ ਬੜੀਆਂ ਬੜੀਆਂ।
ਪੁਸਤਕ ਦੇ ਦੂਸਰੇ ਵਾਰਤਕ ਭਾਗ ਵਿਚ ਲੇਖਕ ਨੇ ਆਪਣੇ ਪਿੰਡ ਦੇ ਇਤਿਹਾਸਕ ਪਿਛੋਕੜ ਦੇ ਨਾਲ ਨਾਲ ਬਠਿੰਡਾ, ਮੋਗਾ, ਚੱਕ ਢੁੱਡੀ ਗਿੱਲ, ਲਾਹੌਰ ਆਦਿ ਥਾਵਾਂ ਨਾਲ ਜੁੜੀਆਂ ਘਟਨਾਵਾਂ ਨੂੰ ਕਲਮਬੰਦ ਕੀਤਾ ਹੈ। ਇਨ੍ਹਾਂ ਦੀ ਇਤਿਹਾਸਕ, ਭੂਗੋਲਿਕ ਤੇ ਸਮਾਜਕ ਜਾਣਕਾਰੀ ਦਰਜ ਕੀਤੀ ਗਈ ਹੈ। ਪਿੰਡਾਂ ਦੇ ਨਾਮਕਰਣ ਸੰਬੰਧੀ ਖੋਜਪੂਰਣ ਉਪਰਾਲਾ ਕੀਤਾ ਗਿਆ ਹੈ। ਕਵੀ ਬਨਾਮ ਵਾਰਤਾਕਾਰ ਕਰਤਾਰ ਸਿੰਘ ਸੰਘਾ ਨੇ ਆਪਣੇ ਅਰਜਿਤ ਤਜਰਬਿਆਂ ਨੂੰ ਬਿਨਾਂ ਕਿਸੇ ਲਾਗ ਲਪੇਟ, ਬਿਨਾਂ ਕੋਈ ਪੁਨਰਸਿਰਜਣਾ ਕੀਤਿਆਂ, ਸਿੱਧੀ-ਸਰਲ ਬੋਲੀ, ਸਹਿਜ ਸੁਹਜ ਸ਼ੈਲੀ ਵਿਚ ਸਰਲੀਕ੍ਰਿਤ ਢੰਗ ਅਤੇ ਇਮਾਨਦਾਰੀ ਨਾਲ ਪੇਸ਼ ਕਰ ਦਿੱਤਾ ਹੈ। ਪੁਸਤਕ ਵਿਚ ਅਜਿਹਾ ਬਹੁਤ ਕੁਝ ਪੁਰਾਣਾ ਸ਼ਾਮਿਲ ਹੈ ਜੋ ਨਵੀਂ ਪੀੜ੍ਹੀ ਲਈ ਨਵਾਂ ਸਾਬਿਤ ਹੋਵੇਗਾ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਸਿਲਸਿਲੇ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਕਾਵਿ-ਸ਼ਾਸਤਰ ਪਬਲੀਕੇਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 130
ਸੰਪਰਕ : 98156-04864
ਚਰਨ ਸਿੰਘ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ 65 ਪੁਸਤਕਾਂ ਪਾਈਆਂ ਹਨ। ਉਨ੍ਹਾਂ ਨੂੰ ਕਈ ਮਾਣ-ਸਨਮਾਨਾਂ ਨਾਲ ਨਿਵਾਜਿਆ ਗਿਆ। ਉਸ ਕੋਲ ਪਿੰਡ ਬੇਗੋਵਾਲ ਤੇ ਕੈਨੇਡਾ ਦੇਸ਼ ਦੇ ਸੱਭਿਆਚਾਰਾਂ ਦੀ ਸਮਝ ਹੈ। ਪਿੰਡ ਬੇਗੋਵਾਲ ਦੀ ਪ੍ਰਸਿੱਧੀ ਤੇ ਮਹਾਨਤਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਕਰਕੇ ਹੈ। ਮੈਂ ਵੀ ਕੁਝ ਸਮਾਂ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਅਧਿਆਪਨ ਦੀਆਂ ਸੇਵਾਵਾਂ ਨਿਭਾਈਆਂ। ਨਾਵਲ ਸਿਲਸਿਲੇ ਦੇ 13 ਕਾਂਡ ਹਨ। ਜੀਵਨੀਮੂਲਕ ਨਾਵਲ ਹੋਣ ਕਰਕੇ ਪਾਤਰ ਪ੍ਰਬੋਧ ਰਾਹੀਂ ਚਰਨ ਸਿੰਘ ਨੇ ਆਪਣੇ ਜੀਵਨ ਤਜਰਬਿਆਂ ਨਾਲ ਸਾਂਝ ਪਵਾਈ ਹੈ।
ਨਾਵਲ ਸਿਲਸਿਲੇ ਦੇ ਬਿਰਤਾਂਤ ਵਿਚ ਪੜ੍ਹਾਈ ਦੌਰਾਨ ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਦਾ ਜ਼ਿਕਰ ਬਾਰੀਕਬਾਨੀ ਨਾਲ ਕਰਦਾ ਹੈ। ਉਸ ਦੀ ਸਾਹਿਤ ਵਿਚ ਰੁਚੀ ਪੈਦਾ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਡਾ. ਐਸ. ਪੀ. ਸਿੰਘ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਤੇ ਡਾ. ਰਣਜੀਤ ਸਿੰਘ ਬਾਜਵਾ ਤੋਂ ਵੀ ਪੜ੍ਹੇ ਸਨ। ਨਾਵਲੀ ਬਿਰਤਾਂਤ ਵਿਚ ਅਧਿਆਤਮਿਕ ਚਿੰਤਨ ਉੱਤੇ ਸਵਾਮੀ ਸਰਦਾਨੰਦ ਤੇ ਸਵਾਮੀ ਸਰਵਾਨੰਦ ਨੇ ਵਿਚਾਰ ਪ੍ਰਗਟਾਏ ਹਨ। ਸਰਵਾਨੰਦ ਦੇ ਵਰਤਮਾਨ ਵਰਤਾਰਿਆਂ ਸੰਬੰਧੀ ਵਿਚਾਰ, 'ਇਨ੍ਹਾਂ ਮੁਲਕਾਂ ਦਾ ਸਾਰਾ ਸਿਲਸਿਲਾ ਜੋ ਰੌਸ਼ਨ ਨਜ਼ਰ ਆਉਂਦਾ ਹੈ, ਮਨੁੱਖ ਅਤੇ ਮਨੁੱਖਤਾ ਲਈ ਹਨੇਰਾ ਬੀਜਦਾ ਹੈ ਅਤੇ ਮਨੁੱਖ ਦੀ ਸਥਿਰਤਾ ਨੂੰ ਬਲਹੀਣ ਕਰਦਾ ਹੈ। ਯੂਰਪ ਦਾ ਸਾਰਾ ਅੱਜ ਤੱਕ ਦਾ ਵਿਕਾਸ ਮਨੁੱਖ ਅੰਦਰ ਇਕੱਲਤਾ, ਉਦਾਸੀ ਅਤੇ ਭਟਕਣਾ ਜਨਮਦਾ ਹੈ।' ਵਰਤਮਾਨ ਮਨੁੱਖ ਮੁੜ 'ਯੋਗ ਪੱਧਤੀ' ਵੱਲ ਮੁੜ ਕੇ ਜੀਵਨ ਨੂੰ ਸੁਚਾਰੂ ਬਣਾਉਣ ਵੱਲ ਰੁਚਿਤ ਹੋ ਰਿਹਾ ਹੈ। ਨਾਵਲੀ ਬਿਰਤਾਂਤ ਵਿਚ ਗੈਂਗਸਟਰ ਗਰੁੱਪਾਂ ਦੇ ਨਾਵਾਂ, ਪਹਿਚਾਣ ਤੇ ਕਾਰਜ-ਪ੍ਰਣਾਲੀ ਦਾ ਜ਼ਿਕਰ ਵੀ ਕੀਤਾ ਗਿਆ ਹੈ। ਗੈਂਗਾਂ ਦੇ ਸ਼ਨਾਖ਼ਤ ਚਿੰਨ੍ਹ, S&o{ans, 1&&a{es, "attos, 3&oth}n{, 8a}r St਼&e, hand S}{n., 7rapp}th ਆਦਿ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸੱਭਿਆਚਾਰ ਵਿਚ ਵਿਆਹ ਪ੍ਰਣਾਲੀ ਵਿਖਾਵੇ 'ਤੇ ਆਧਾਰਿਤ ਹੈ। ਇਕ ਡਾਇਮੰਡ ਰਿੰਗ ਦੇਖ ਕੇ ਵਿਆਹ ਕਰਵਾਇਆ ਜਾਂਦਾ ਹੈ। 90 ਫ਼ੀਸਦੀ ਗੋਰੀਆਂ ਦੇ ਤਿੰਨ ਤੋਂ ਜ਼ਿਆਦਾ ਵਿਆਹ ਹੋਣ ਕਰਕੇ ਬੱਚਿਆਂ ਦੇ ਪਿਤਾ ਦੇ ਨਾਂਅ ਦਾ ਪਤਾ ਨਹੀਂ ਹੁੰਦਾ। ਪ੍ਰਬੋਧ ਕੈਨੇਡਾ ਵਿਚ ਹੱਡ-ਭੰਨਵੀਂ ਮਿਹਨਤ ਕਰਕੇ ਆਪਣੇ-ਆਪ ਨੂੰ ਸਥਾਪਿਤ ਕਰਦਾ ਹੈ। ਪਰ ਪਦਾਰਥਵਾਦੀ ਸਿਸਟਮ ਕਰਕੇ ਮਨੁੱਖਤਾ ਖ਼ਤਮ ਹੋ ਰਹੀ ਹੈ। ਨਾਵਲ ਸਿਲਸਿਲੇ ਵਿਚ ਅੰਗਰੇਜ਼ੀ ਭਾਸ਼ਾ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਹੈ। ਨਾਵਲ ਵਿਚ ਸਮਾਜਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਔਰਤ ਦੀ ਸਥਿਤੀ, ਨੌਜਵਾਨ ਪੀੜ੍ਹੀ ਦਾ ਨਿਘਾਰ, ਗੈਂਗਵਾਰ, ਪਦਾਰਥਵਾਦ ਕਾਰਨ ਨਿੱਜਤਾ ਤੇ ਅਧਿਆਤਮਕ ਚਿੰਤਨ ਉੱਤੇ ਵਿਚਾਰ-ਚਰਚਾ ਕੀਤੀ ਗਈ ਹੈ। ਦੇਸ਼ ਤੇ ਪਰਦੇਸ ਦੇ ਵਰਤਾਰਿਆਂ ਨੂੰ ਸਮਝਣ ਲਈ ਗਹਿਣ ਅਧਿਐਨ ਜ਼ਰੂਰੀ ਹੈ।
-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810
ਅੰਮੜੀ ਦਾ ਵਿਹੜਾ
ਸ਼ਾਇਰ : ਬਲਵਿੰਦਰ ਪੁਆਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ :200 ਰੁਪਏ, ਸਫ਼ੇ : 120
ਸੰਪਰਕ : 98723-66076
ਸ਼ਾਇਰ ਬਲਵਿੰਦਰ ਪੁਆਰ ਦੀ ਹੁਣ ਚੌਥੀ ਪੁਸਤਕ 'ਅੰਮੜੀ ਦਾ ਵਿਹੜਾ' (ਕਾਵਿ-ਸੰਗ੍ਰਹਿ) ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਪਹਿਲਾਂ ਇਸੇ ਲੇਖਕ ਦਾ ਇਕ ਕਾਵਿ-ਸੰਗ੍ਰਹਿ ਅਤੇ ਦੋ ਗੀਤ-ਸੰਗ੍ਰਹਿ ਛਪ ਚੁੱਕੇ ਹਨ। ਹਥਲੀ ਪੁਸਤਕ 'ਚ ਉਸ ਦੀਆਂ 85 ਕਵਿਤਾਵਾਂ ਹਨ। ਇਸ ਦਾ ਸਿਰਲੇਖ 'ਅੰਮੜੀ ਦਾ ਵਿਹੜਾ' ਐਨਾ ਪਿਆਰਾ ਅਤੇ ਨਿਆਰਾ ਹੈ ਕਿ ਪਾਠਕ ਦਾ ਮਨ ਇਸ ਦੇ ਪ੍ਰਤੀ ਆਪਣੇ-ਆਪ ਸਤਿਕਾਰ ਵਜੋਂ ਆਪਣੀ ਮਾਤਾ ਦੇ ਚਰਨਾਂ 'ਚ ਝੁਕ ਜਾਂਦਾ ਹੈ। ਕਵਿਤਾਵਾਂ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਇਹ ਕਵਿਤਾਵਾਂ ਇਨਸਾਨੀ ਪਰਿਵਾਰਕ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੀਆਂ ਹਨ। ਜ਼ਿਆਦਾਤਰ ਕਵਿਤਾਵਾਂ ਭਾਵੇਂ ਇਸ ਜੱਗ ਦੇ ਸਭ ਤੋਂ ਵਿਲੱਖਣ 'ਮਾਂ' ਦੇ ਰਿਸ਼ਤੇ ਬਾਰੇ ਹਨ ਲੇਕਿਨ ਕੁੱਝ ਕਵਿਤਾਵਾਂ ਦਾ ਸੰਬੰਧ ਦੂਜੇ ਇਨਸਾਨੀ ਰਿਸ਼ਤਿਆਂ ਨਾਲ ਵੀ ਹੈ। ਪੁਸਤਕ ਦੀ ਪਹਿਲੀ ਕਵਿਤਾ 'ਅੰਮੜੀ ਦਾ ਵਿਹੜਾ' ਨੂੰ ਵਧੀਆ ਮੰਨਦੇ ਹੋਏ ਪੁਸਤਕ ਦਾ ਸਿਰਲੇਖ ਵੀ ਦਿੱਤਾ ਗਿਆ ਹੈ।
ਮੌਜੂਦਾ ਸਮੇਂ 'ਚ 'ਮੈਂ' ਅਤੇ 'ਮੇਰੀ' ਦਾ ਬੋਲ-ਬਾਲਾ ਵਧਦਾ ਹੀ ਜਾ ਰਿਹਾ ਹੈ। ਇਸੇ ਲਈ ਸ਼ਾਇਰ ਬਲਵਿੰਦਰ ਪੁਆਰ ਲੋਕਾਈ ਨੂੰ ਚੇਤੰਨ ਕਰਦਾ ਹੋਇਆ ਅਗਲੀ ਕਵਿਤਾ 'ਚ ਲਿਖਦਾ ਹੈ;
'ਮੈਂ ਮੇਰੀ ਨੂੰ ਛੱਡਦੇ ਬੰਦੇ ਕਰਨਾ ਤੂੰ ਹੰਕਾਰ
ਆਖਰ ਮਿੱਟੀ ਹੋ ਜਾਣਾ ਤੂੰ ਛੱਡ ਜਾਣਾ ਸੰਸਾਰ'
ਸ਼ਾਇਰ ਕੋਲ ਸਮਾਜ ਨੂੰ ਸਮਝਣ ਦੀ ਡੂੰਘੀ ਸੋਝੀ ਹੈ। ਉਸ ਨੇ ਵੰਨ-ਸੁਵੰਨੇ ਵਿਸ਼ਿਆਂ 'ਤੇ ਕਵਿਤਾਵਾਂ ਗੁੰਦੀਆਂ ਹਨ। ਇਸ ਸੰਗ੍ਰਹਿ ਦੀ ਹਰ ਰਚਨਾ ਕਾਵਿ-ਰਸ ਦਿੰਦੀ ਹੋਈ ਪਾਠਕ ਦੇ ਮਨ ਨੂੰ ਟੁੰਬਦੀ ਹੈ। ਕਿਸੇ ਵੀ ਰਚਨਾ ਵਿਚ ਬਣਾਉਟੀ ਰੰਗ ਨਹੀਂ ਝਲਕਦਾ। ਭਾਰਤੀ ਸੱਭਿਆਚਾਰ 'ਚ ਪਿਤਾ ਆਪਣੇ ਬੱਚਿਆਂ ਦੀ ਜਿੰਦ-ਜਾਨ ਹੁੰਦਾ ਹੈ ਅਤੇ ਧੀਆਂ, ਪੁੱਤਾਂ ਵਾਂਗ ਦੁੱਖ ਵੰਡਾਉਂਦੀਆਂ ਹਨ। ਇਸ ਲਈ ਸ਼ਾਇਰ ਨੇ ਪਿਤਾ ਅਤੇ ਧੀਆਂ ਦੇ ਅਹਿਮ ਰਿਸ਼ਤੇ ਬਾਰੇ ਵੀ ਕੁਝ ਕਵਿਤਾਵਾਂ ਸਿਰਜੀਆਂ ਹਨ। ਮੌਜੂਦਾ ਸਮੇਂ 'ਚ ਨਸ਼ਿਆਂ 'ਚ ਗਲਤਾਨ ਹੋ ਰਹੀ ਜਵਾਨੀ ਬਾਰੇ ਚਿੰਤਤ ਹੁੰਦਿਆਂ ਇਕ ਕਵਿਤਾ 'ਮੇਰਿਆ ਪੁੱਤਾ ਵੇ' ਰਾਹੀਂ ਕੁੱਝ ਇਉਂ ਲਿਖਿਆ ਹੈ;
'ਤੇਰੇ ਬਿਨ ਮੇਰਾ ਕੌਣ ਸਹਾਰਾ,
ਕਿਵੇਂ ਕਰਾਂਗੀ ਮੈਂ ਗੁਜ਼ਾਰਾ'
'ਨਸ਼ਿਆਂ ਦੇ ਸੰਗ ਲੱਗ ਕੇ ਤੂੰ,
ਮੌਤ ਨੂੰ ਕੋਲ ਬੁਲਾ ਲਿਆ'
ਸ਼ਾਇਰ ਬਲਵਿੰਦਰ ਪੁਆਰ ਦੀਆਂ ਰਚਨਾਵਾਂ ਦੇ ਅੱਖਰ ਰੌਸ਼ਨੀ ਕਰਦੇ ਇਕ ਜਗਦੇ ਦੀਵੇ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਸ਼ਾਇਰ ਨੇ ਆਪਣੇ ਸਾਕਾਰਤਮਿਕ ਸੰਦੇਸ਼ਵਾਹਕ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਇਸ ਲਈ ਸ਼ਾਇਰ ਵਧਾਈ ਦਾ ਹੱਕਦਾਰ ਹੈ। ਆਸ ਕਰਦਾ ਹਾਂ ਕਿ ਉਹ ਭਵਿੱਖ 'ਚ ਵੀ ਪੰਜਾਬੀ ਸਾਹਿਤ 'ਚ ਹੋਰ ਮੁੱਲਵਾਨ ਪੁਸਤਕਾਂ ਦੇ ਕੇ ਵਡਮੁੱਲਾ ਯੋਗਦਾਨ ਪਾਉਂਦੇ ਰਹਿਣ।
-ਜਸਵਿੰਦਰ ਸਿੰਘ 'ਕਾਈਨੌਰ'
ਮੋਬਾਈਲ : 98888-42244
ਇਕ ਕਦਮ, ਆਪਣੇ ਵੱਲ
ਲੇਖਿਕਾ ਅਤੇ ਸੰਪਾਦਕ : ਦੀਪਤੀ,
ਸਾਹਿਬਾ ਜੀਟਨ ਕੌਰ
ਪ੍ਰਕਾਸ਼ਕ : ਅਭਿਲਾਸ਼ਾ ਪ੍ਰਕਾਸ਼ਨ, ਪਿਲਾਨੀ (ਰਾਜਸਥਾਨ)
ਮੁੱਲ : 299 ਰੁਪਏ, ਸਫੇ : 111
ਸੰਪਰਕ : 099883-47109
ਸੰਨ 2024 ਵਿਚ ਪ੍ਰਕਾਸ਼ਿਤ ਅਤੇ ਸਾਂਝੇ ਤੌਰ 'ਤੇ ਦੀਪਤੀ, ਸਾਹਿਬਾ ਜੀਟਨ ਕੌਰ ਵਲੋਂ ਲਿਖੀ ਇਸ ਹਥਲੀ ਪੁਸਤਕ 'ਚ ਕੁੱਲ 24 ਲੇਖ ਹਨ। ਸ਼ਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਦੇ ਦਿਲ ਖਿੱਚਵੇਂ ਚਿੱਤਰਾਂ ਤੋਂ ਸ਼ਬਦੀ ਰੂਪ 'ਚ ਆਈ ਇਸ ਪੁਸਤਕ ਦਾ ਸਿਰਲੇਖ ਇਕ ਕਦਮ, ਆਪਣੇ ਵੱਲ ਲੇਖਿਕਾ ਦੇ ਉਸਾਰੂ ਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦਾ ਹੈ ਸਾਹਿਤਕ ਕਲਾ ਅਤੇ ਵਿਸ਼ਾ ਵਸਤੂ ਦੇ ਸੰਤੁਲਨ ਦੀ ਵਿਉਂਤਬੰਦੀ ਨਾਲ ਰਚੇ ਇਸ ਲੇਖ ਸੰਗ੍ਰਹਿ ਦਾ ਹਰ ਲੇਖ ਪਾਠਕਾਂ ਨੂੰ ਕੋਈ ਨਾ ਕੋਈ ਸੁਨੇਹਾ ਦਿੰਦਾ ਅਨੁਭਵ ਹੁੰਦਾ ਹੈ। ਲੇਖਿਕਾ ਨੇ ਇਸ ਪੁਸਤਕ ਦੀ ਸਿਰਜਣਾ ਕੇਵਲ ਸ਼ੋਹਰਤ ਹਾਸਲ ਕਰਨ ਲਈ ਨਹੀਂ ਸਗੋਂ ਸਮਾਜ ਦੇ ਲੋਕਾਂ ਨੂੰ ਉਸਾਰ, ਅਗਾਂਹ ਵਧੂ ਸੋਚ ਅਪਣਾਉਣ ਅਤੇ ਜ਼ਿੰਗਦੀ ਜਿਊਣ ਦੇ ਗੁਰ ਸਿਖਾਉਣ ਲਈ ਕੀਤੀ ਹੈ। ਕੋਈ ਨਵਾਂ ਕਦਮ ਚੁੱਕਣ ਵੇਲੇ ਦੁਚਿੱਤੀ, ਅਵੇਸਲਾਪਣ ਅਤੇ ਹਿਚਕਚਾਹਟ ਮਨੁੱਖ ਦੇ ਰਾਹ ਵਿਚ ਅੜਿੱਕੇ ਖੜ੍ਹੇ ਕਰਦੇ ਹਨ ਅਤੇ ਉਸਨੂੰ ਅੱਗੇ ਵਧਣ ਤੋਂ ਰੋਕਦੇ ਹਨ। ਕੁਝ ਨਵਾਂ ਕਰਨ ਦੀ ਭਾਵਨਾ ਨੂੰ ਸਾਹਿਤ ਨਾਲ ਜੋੜ ਕੇ ਸਮਾਜ ਦੇ ਲੋਕਾਂ ਨੂੰ ਸਮਝਾਉਣ ਦਾ ਕਾਰਜ ਆਪਣੇ ਆਪ 'ਚ ਸਲਾਹੁਣ ਯੋਗ ਨਜ਼ਰੀਆ ਹੈ। ਆਪਣੀ ਮਾਂ ਅਤੇ ਭਰਾ ਵਲੋਂ ਬਣਾਏ ਗਏ ਚਿੱਤਰਾਂ ਦੇ ਹਾਵ ਭਾਵਾਂ, ਉਨ੍ਹਾਂ ਦੀ ਡੂੰਘਾਈ ਅਤੇ ਸੰਵੇਦਨਸ਼ੀਲਤਾ ਨੂੰ ਸਾਹਿਤਕ ਰੂਪ 'ਚ ਸ਼ਬਦਾਂ 'ਚ ਉਕੇਰਨਾ ਲੇਖਿਕਾ ਦੀ ਲਿਆਕਤ ਅਤੇ ਨਜ਼ਾਕਤ ਨੂੰ ਦਰਸਾਉਂਦਾ ਹੈ। ਇਸ ਲੇਖ ਸੰਗ੍ਰਹਿ ਦੇ ਛੋਟੇ ਛੋਟੇ ਲੇਖਾਂ ਦੇ ਮਾਧਿਅਮ ਰਾਹੀਂ ਵੱਡੇ ਵੱਡੇ ਸੁਨੇਹੇ ਦੇਣ ਦੀ ਮੁਹਾਰਤ ਲੇਖਿਕਾ ਦੇ ਗਿਆ ਨ, ਅਨੁਭਵ, ਤਜਰਬੇ ਅਤੇ ਵਿਸ਼ਵ ਸਮਾਜਿਕ ਘੇਰੇ ਦਾ ਪ੍ਰਮਾਣ ਹਨ।
ਵੰਨ ਸੁਵੰਨੇ ਵਿਸ਼ਿਆਂ ਨਾਲ ਜੁੜੇ ਇਸ ਪੁਸਤਕ ਦੇ ਲੇਖ ਜਿਥੇ ਸਮਾਜ ਦੇ ਬਦਲ ਰਹੇ ਹਾਲਾਤਾਂ, ਮਨੁੱਖੀ ਮਾਨਸਿਕਤਾ, ਔਰਤਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਦੀ ਬਾਤ ਪਾ ਰਹੇ ਹਨ, ਉੱਥੇ ਫੁੱਲਾਂ, ਪ੍ਰੇਮ ਪਿਆਰ, ਸਿੱਖਣ ਸਿਖਾਉਣ ਅਤੇ ਮਨੋਰੰਜਨ ਦੇ ਵਿਸ਼ਿਆਂ ਦੀ ਚਰਚਾ ਵੀ ਛੇੜਦੇ ਹਨ।
'ਇਕ ਅਨੋਖੀ ਮੁਲਾਕਾਤ' ਲੇਖ ਦੀਆਂ ਸਤਰਾਂ 'ਤੂੰ ਆਪੇ ਗੁਰੁ, ਆਪੇ ਚੇਲਾ', ਤੇਰੀ ਚੇਤਨਾ ਹੀ ਗੁਰੂ, ਤੇਰੀ ਚੇਤਨਾ ਹੀ ਚੇਲਾ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਮਾਇਆ ਕਾਵਿ ਲੇਖ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਜ਼ਰੀਏ ਮਨੁੱਖ ਨੂੰ ਮਾਇਆ ਦੇ ਜਾਲ 'ਚ ਫਸਣ ਤੋਂ ਆਗਾਹ ਕਰਨ ਤੋਂ ਲੇਖਿਕਾ ਦੇ ਅਧਿਆਤਮਕ ਗਿਆਨ ਨੂੰ ਦਰਸਾਉਂਦਾ ਹੈ।ਲੇਖਾਂ ਵਿਚ ਆਏ ਜੋੜੇ ਸ਼ਬਦ ਤੁੱਕਾ ਟੋਟਕਾ, ਹੇਰ ਫੇਰ, ਉਡ ਪੁਡ, ਚੁੱਪ ਚਾਪ, ਚਿੱਤਰਾਂ ਤੋਂ ਭਾਵਨਾਵਾਂ ਅਤੇ ਪਾਤਰਾਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਦੀ ਸ਼ੈਲੀ, ਸ਼ਬਦਾਂ ਦੀ ਚੋਣ, ਸੰਵਾਦ ਅਤੇ ਛੋਟੇ ਛੋਟੇ ਵਾਕਾਂ ਰਾਹੀਂ ਆਪਣੀ ਗੱਲ ਕਹਿਣ ਦਾ ਅੰਦਾਜ਼ ਜਿੱਥੇ ਉਸਦੀ ਸਾਹਿਤਕ ਮੁਹਾਰਤ ਦੀ ਪੇਧਗੋਈ ਕਰਦਾ ਹੈ ਉਥੇ ਉਸਦੀ ਭਾਸ਼ਾ ਉੱਤੇ ਪਕੜ ਦਾ ਵੀ ਪ੍ਰਮਾਣ ਹੈ। ਲੇਖਾਂ ਵਿਚ ਕਿਤੇ ਕਿਤੇ ਸਿਸਟਮ, ਤਫਤੀਸ਼ ਸਟੇਸ਼ਨ, ਬਲਕਿ ਅੰਗਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾਵਾਂ ਦੇ ਸ਼ਬਦ ਵੀ ਪੜ੍ਹਨ ਨੂੰ ਮਿਲਦੇ ਹਨ। ਪੁਸਤਕ ਪੜ੍ਹਨ ਯੋਗ ਅਤੇ ਸਮਾਜ ਦੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਦੀ ਸਮਰਥਾ ਰੱਖਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726 27136