ਅਨਾਜ ਮੰਡੀਆਂ 'ਚ ਕਿਸਾਨਾਂ ਦੀ ਹੋ ਰਹੀ ਲੁੱਟ ਦੇ ਖ਼ਿਲਾਫ਼ ਅਕਾਲੀ ਦਲ ਨੇ ਲਾਇਆ ਧਰਨਾ
ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਰਜਿੰਦਰ ਦੀਪਾ ਦੀ ਅਗਵਾਈ ਵਿਚ ਝੋਨੇ ਦੀ ਖਰੀਦ ਸਮੇ ਕੱਟ ਲਗਾਕੇ ਕੀਤੀ ਜਾ ਰਹੀ ਲੁੱਟ ਅਤੇ ਡੀ.ਏ.ਪੀ. ਖਾਦ ਦੀ ਕਿੱਲਤ ਨੂੰ ਲੈ ਕੇ ਐਸ.ਡੀ.ਐਮ. ਦਫ਼ਤਰ ਸੁਨਾਮ ਊਧਮ ਸਿੰਘ ਵਾਲਾ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਹਾ ਕਿ 75 ਸਾਲ ਬਾਅਦ ਪਹਿਲੀ ਵਾਰ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਦੁਰਦਸ਼ਾ ਹੋਈ ਹੈ । ਨਾ ਤਾਂ ਕਿਸਾਨਾਂ ਦਾ ਝੋਨਾ ਵਿਕ ਰਿਹਾ ਹੈ ਅਤੇ ਨਾ ਹੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਡੀ.ਏ.ਪੀ. ਖਾਦ ਮਿਲ ਰਹੀ ਹੈ।ਕਿਸਾਨ ਮੰਡੀਆਂ ਵਿਚ ਖੱਜਲ-ਖੁਵਾਰ ਹੋ ਰਹੇ ਹਨ ਕਿਉਂਕਿ ਨਾ ਤਾਂ ਝੋਨੇ ਦੀ ਖ਼ਰੀਦ ਹੀ ਰਹੀ ਅਤੇ ਨਾ ਹੀ ਲਿਫਟਿੰਗ। ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ 'ਚ ਝੋਨਾ ਲਾਹੁਣ ਲਈ ਥਾਂ ਹੀ ਨਹੀ ਮਿਲ ਰਹੀ।ਇਸ ਸਮੇ ਉਨਾਂ ਪੰਜਾਬ ਦੇ ਰਾਜਪਾਲ ਕੋਲ ਪੁੱਜਦਾ ਕਰਨ ਲਈ ਐਸ.ਡੀ.ਐਮ. ਸੁਨਾਮ ਨੂੰ ਮੰਗ ਪੱਤਰ ਵੀ ਦਿੱਤਾ ।