ਫਗਵਾੜਾ ਵਿਖੇ ਅਕਾਲੀ ਦਲ ਨੇ ਲਗਾਇਆ ਧਰਨਾ
ਫਗਵਾੜਾ, (ਕਪੂਰਥਲਾ), 5 ਨਵੰਬਰ (ਵਾਲੀਆ)- ਮੰਡੀਆਂ ਵਿਚ ਰੁਲ ਰਹੀ ਝੋਨੇ ਦੀ ਫ਼ਸਲ ਅਤੇ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਹਲਕਾ ਪੱਧਰ ’ਤੇ ਪੂਰੇ ਪੰਜਾਬ ਵਿਚ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੇ ਚੱਲਦੇ ਫਗਵਾੜਾ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਚੰਦੀ ਅਤੇ ਖੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਕੀਤੇ ਗਏ ਮਾੜੇ ਪ੍ਰਬੰਧਾਂ ਕਾਰਨ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਏ ਅਤੇ ਸ਼ੈਲਰ ਵਾਲੇ ਪ੍ਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪ੍ਰਬੰਧ ਹੁਣ ਕੀਤੇ ਜਾ ਰਹੇ ਹਨ, ਜੇ ਇਹ ਹੀ ਪ੍ਰਬੰਧ ਕੁਝ ਸਮਾਂ ਪਹਿਲਾਂ ਕੀਤੇ ਹੁੰਦੇ ਤਾਂ ਅੱਜ ਇਹ ਹਾਲਤ ਨਹੀਂ ਹੋਣੀ ਸੀ। ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਡੀ.ਏ.ਪੀ. ਖਾਦ ਨਹੀਂ ਮਿਲ ਰਹੀ ਹੈ ਤੇ ਇਸ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ।