ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਝੁਲਸੀ 10 ਸਾਲ ਦੀ ਬੱਚੀ
ਜਲੰਧਰ, 5 ਨਵੰਬਰ- ਜਲੰਧਰ ਦੇ ਚੁਗਿੱਟੀ ਚੌਕ ਤੋਂ ਲੱਧੇਵਾਲੀ ਫਲਾਈਓਵਰ ਨੇੜੇ ਸਵੇਰੇ ਦੁੱਧ ਲੈ ਕੇ ਘਰ ਜਾ ਰਹੀ 10 ਸਾਲਾ ਬੱਚੀ, ਜਦੋਂ ਪੌੜੀਆਂ ਤੋਂ ਹੇਠਾਂ ਉੱਤਰੀ ਤਾਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਤਾਰਾਂ ਦੀ ਲਪੇਟ ’ਚ ਆਉਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਉਸ ਦੇ ਪਿੱਛੇ ਆ ਰਹੀਆਂ ਦੋ ਲੜਕੀਆਂ ਨੇ ਡੰਡੇ ਦੀ ਮਦਦ ਨਾਲ ਪਿੱਛੇ ਖਿੱਚ ਲਿਆ ਅਤੇ ਡਾਕਟਰ ਕੋਲ ਲੈ ਗਏ। ਨੇੜੇ ਰਹਿਣ ਵਾਲੇ ਸੰਜੀਤ ਨੇ ਦੱਸਿਆ ਕਿ ਉਸ ਦੀ 10 ਸਾਲਾ ਭਤੀਜੀ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈ ਕੇ ਵਾਪਸ ਆ ਰਹੀ ਸੀ, ਜਦੋਂ ਉਹ ਫਲਾਈਓਵਰ ਦੀਆਂ ਪੌੜੀਆਂ ਤੋਂ ਉਤਰਨ ਲੱਗੀ ਤਾਂ ਉਥੋਂ ਲੰਘਦੀਆਂ ਤਾਰਾਂ ਦੇ ਖੁੱਲ੍ਹੇ ਜੋੜ ਨੇ ਲੋਹੇ ਦੇ ਭਾਂਡੇ ਨੂੰ ਖਿੱਚ ਲਿਆ ਤੇ ਉਹ ਬੁਰੀ ਤਰ੍ਹਾਂ ਸੜ ਗਈ। ਹਾਦਸੇ ਦੌਰਾਨ ਨਾਬਾਲਗ ਦੇ ਹੱਥ ਅਤੇ ਗਰਦਨ ਬੁਰੀ ਤਰ੍ਹਾਂ ਸੜ ਗਏ। ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਲਾਈਓਵਰ ’ਤੇ ਪਹਿਲਾਂ ਵੀ ਇਕ ਵਿਅਕਤੀ ਦੀ ਤਾਰਾਂ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਚੁੱਕੀ ਹੈ, ਜਿਸ ਸੰਬੰਧੀ ਉਨ੍ਹਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।