ਪੁਲਿਸ ਵਲੋਂ ਡਰੋਨ ਤੇ 5 ਕਿਲੋ ਹੈਰੋਇਨ ਬਰਾਮਦ
ਚੋਗਾਵਾਂ, 18 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਡੀ.ਜੀ.ਪੀ ਪੰਜਾਬ ਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਹੇਠ ਡੀ.ਐਸ.ਪੀ. ਚੋਗਾਵਾਂ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਲੋਪੋਕੇ ਪੁਲਿਸ ਵਲੋਂ ਪਾਕਿਸਤਾਨੀ ਡਰੋਨ ਤੇ 5 ਕਿਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਥਾਣਾ ਲੋਪੋਕੇ ਦੇ ਮੁਖੀ ਅਮਨਦੀਪ ਸਿੰਘ ਤੇ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਮੰਜ ਪਹੁੰਚੇ। ਗੁਪਤ ਸੂਚਨਾ ਮਿਲੀ ਕਿ ਸ਼ਮਸ਼ੇਰ ਸਿੰਘ ਅਤੇ ਬਖਸ਼ੀਸ਼ ਦੀ ਮੋਟਰ ਦੇ ਵਿਚਕਾਰ ਝੋਨੇ ਦੀ ਫ਼ਸਲ ਵਿਚ ਕੋਈ ਡਰੋਨ ਵਰਗੀ ਭਾਰੀ ਚੀਜ਼ ਡਿੱਗੀ ਹੈ, ਜੋ ਡਰੋਨ ਰਾਹੀਂ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਇਧਰ ਕਿਸੇ ਨਾ ਮਾਲੂਮ ਭਾਰਤੀ ਨਸ਼ਾ ਤਸਕਰਾਂ ਨੂੰ ਭੇਜੀ ਗਈ ਹੈ। ਪੁਲਿਸ ਵਲੋਂ ਮੌਕੇ 'ਤੇ ਜਾ ਕੇ ਇਕ ਵੱਡਾ ਡਰੋਨ ਬਰਾਮਦ ਕੀਤਾ ਗਿਆ, ਜਿਸ ਨਾਲ ਇਕ ਵੱਡਾ ਪਾਰਸਲ ਪੀਲੇ ਰੰਗ ਦੀਆਂ ਟੇਪਾਂ ਨਾਲ ਲਪੇਟਿਆ ਹੋਇਆ ਸੀ ਤੇ ਜਿਸ ਵਿਚੋਂ ਪੰਜ ਕਿਲੋ ਹੈਰੋਇਨ ਬਰਾਮਦ ਹੋਈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਤੇ ਏਅਰ ਕਰਾਫਟ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।