JALANDHAR WEATHER

ਕਿਸੇ ਵੀ ਧਰਮ ਵਿਰੁੱਧ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ- ਜਥੇਦਾਰ ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 10 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਦੇਸ਼ਾਂ ਵਿਚ ਟਿਕ-ਟਾਕ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਸਿੱਖ ਅਤੇ ਮੁਸਲਮਾਨਾਂ ਦੇ ਭੇਸ ਅਤੇ ਨਾਵਾਂ ਵਾਲੇ ਖਾਤੇ ਬਣਾ ਕੇ ਸਿੱਖ ਅਤੇ ਇਸਲਾਮ ਧਰਮ ਵਿਚਾਲੇ ਟਕਰਾਅ ਪੈਦਾ ਕਰਨ ਦੇ ਰੁਝਾਨ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਕਿਸੇ ਵੀ ਦੂਜੇ ਧਰਮ ਅਤੇ ਉਨ੍ਹਾਂ ਦੇ ਪੀਰ-ਪੈਗੰਬਰਾਂ ਦੇ ਖ਼ਿਲਾਫ਼ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ। ਅਕਾਲ ਤਖ਼ਤ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵਲੋਂ ਜਾਰੀ ਕੀਤੇ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉਨ੍ਹਾਂ ਕੋਲ ਕੁਝ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਵਿਦੇਸ਼ਾਂ ਵਿਚ ਕੁਝ ਸਿੱਖਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕ-ਟਾਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖ਼ਿਲਾਫ਼ ਅਤੇ ਕੁਝ ਮੁਸਲਮਾਨਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਖਾਤਿਆਂ ਤੋਂ ਸਿੱਖ ਧਰਮ ਦੇ ਖ਼ਿਲਾਫ਼ ਬੇਹੱਦ ਅਪਮਾਨਜਨਕ ਅਤੇ ਨਫ਼ਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਹੈ। ਇਹ ਸਭ ਕੁਝ ਨਾ ਤਾਂ ਕੋਈ ਸੱਚਾ ਸਿੱਖ ਕਰ ਰਿਹਾ ਹੈ ਅਤੇ ਨਾ ਹੀ ਸੱਚਾ ਮੁਸਲਮਾਨ, ਬਲਕਿ ਇਹ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਘੀ ਸਾਜ਼ਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿਚ ਲੜਾਉਣ ਦੀਆਂ ਨੀਚਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ। ਉਨ੍ਹਾਂ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਨੂੰ ਅਜਿਹੇ ਗੁੰਮਰਾਹਕੁੰਨ ਅਤੇ ਖ਼ਤਰਨਾਕ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਦਸ ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਆਪਣੇ ਧਰਮ ਵਿਚ ਪ੍ਰਪੱਕ ਰਹਿਣ ਤੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਿੱਖ ਧਰਮ ਇਸ ਸਾਜ਼ਿਸ਼ ਨੂੰ ਨੰਗਾ ਕਰਨ ਲਈ ਹਰ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਖੜ੍ਹਾ ਹੈ ਅਤੇ ਦੁਵੱਲੀ ਨਫ਼ਰਤ ਪੈਦਾ ਕਰਨ ਵਾਲੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਵੀ ਸਿੱਖ ਕੌਮ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ