8 ਮਾਮਲਿਆਂ ਵਿਚ ਲੋੜੀਂਦਾ ਨਾਮਵਰ ਸਮੱਗਲਰ ਕਾਬੂ
ਜਲੰਧਰ, 7 ਸਤੰਬਰ- ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਅਤੇ ਡਕੈਤੀ ਸਮੇਤ ਅੱਠ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਇਕ ਭਗੌੜੇ ਦੋਸ਼ੀ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਬੋਵੇਵਾਲਾ, ਫਤਿਹਗੜ੍ਹ ਪੰਜਤੂਰ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਸ ਸੰਬੰਧੀ ਪ੍ਰੈਸ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਭਗੌੜੇ ਅਪਰਾਧੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਈ ਗਈ ਇਸ ਕਾਰਵਾਈ ਦਾ ਉਦੇਸ਼ ਗੰਭੀਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਭਗੌੜਿਆਂ ਨੂੰ ਫੜਨਾ ਹੈ। ਇਸ ਮੁਹਿੰਮ ਦੇ ਤਹਿਤ ਥਾਣਾ ਲੋਹੀਆਂ ਦੇ ਐਸ.ਐਚ.ਓ ਅਤੇ ਡੀ.ਐਸ.ਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਈ ਛਾਪੇਮਾਰੀ ਕਰਕੇ ਦੋਸ਼ੀ ਨੂੰ ਮੋਗਾ ਤੋਂ ਕਾਬੂ ਕੀਤਾ ਹੈ। ਦੋਸ਼ੀ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਪੁਲਿਸ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ।