ਕੁਝ ਦਿਨ ਪਹਿਲਾਂ ਦੀ ਗੱਲ ਹੈ | ਸਵੇਰ ਦੀ ਸੈਰ ਤੋਂ ਬਾਅਦ ਮੇਰੀ ਇਕ ਵਾਕਫ਼ਕਾਰ ਬਜ਼ੁਰਗ ਮਾਤਾ ਪਾਰਕ ਦੇ ਇਕ ਬੈਂਚ 'ਤੇ ਚੁੱਪ-ਚਾਪ ਬੈਠੀ ਸੀ | ਉਸ ਦੀਆਂ ਨਜ਼ਰਾਂ ਵਾਰ-ਵਾਰ ਮੋਬਾਈਲ ਦੀ ਸਕਰੀਨ 'ਤੇ ਟਿਕ ਜਾਂਦੀਆਂ, ਫਿਰ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੀਆਂ | ਉਸ ਚਿਹਰੇ 'ਤੇ ਇਕ ਅਜਿਹੀ ਉਡੀਕ ਸੀ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਸੀ |

ਮੈਂ ਹੌਲੀ ਜਿਹੇ ਪੁੱਛਿਆ, 'ਮਾਤਾ ਜੀ, ਕਿਸੇ ਦੀ ਉਡੀਕ ਕਰ ਰਹੇ ਹੋ?'
ਮੇਰਾ ਸਵਾਲ ਸੁਣਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ | ਕੰਬਦੀ ਆਵਾਜ਼ ਵਿਚ ਉਹ ਬੋਲੀ, 'ਪ੍ਰਦੇਸ਼ ਵਿਚ ਰਹਿੰਦੇ ਪੁੱਤਰ ਦਾ ਫ਼ੋਨ ਆਉਣਾ ਸੀ... ਸ਼ਾਇਦ ਕੰਮ-ਕਾਰ ਵਿਚ ਰੁੱਝਿਆ ਹੋਵੇਗਾ |'
ਇਹ ਕਹਿ ਕੇ ਉਹ ਮੁੜ ਮੋਬਾਈਲ ਦੀ ਸਕਰੀਨ ਵੱਲ ਤੱਕਣ ਲੱਗ ਪਈ | ਉਸ ਪਲ ਮੈਨੂੰ ਅਹਿਸਾਸ ਹੋਇਆ ਕਿ ਕਈ ਵਾਰ ਇਕ ਫ਼ੋਨ ਦੀ ਘੰਟੀ ਵੀ ਕਿਸੇ ਬਜ਼ੁਰਗ ਲਈ ਪੂਰੇ ਸੰਸਾਰ ਦੀ ਸਭ ਤੋਂ ਵੱਡੀ ਖ਼ੁਸ਼ੀ ਬਣ ਜਾਂਦੀ ਹੈ | ਇਹ ਕੇਵਲ ਇਕ ਮਾਂ ਦੀ ਕਹਾਣੀ ਨਹੀਂ, ਸਗੋਂ ਇਹ ਅੱਜ ਦੇ ਸਮਾਜ ਦੇ ਅੰਤਰ-ਆਤਮਾ ਦੀ ਵੇਦਨਾ ਹੈ, ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਇਕ ਆਵਾਜ਼ ਸੁਣਨ ਲਈ ਦਿਨ ਗਿਣਦੇ ਹਨ |
ਮਾਪੇ ਮਨੁੱਖੀ ਜੀਵਨ ਦਾ ਉਹ ਅਨਮੋਲ ਵਰਦਾਨ ਹਨ, ਜਿਨ੍ਹਾਂ ਦੇ ਨਿਸ਼ਕਾਮ ਪਿਆਰ, ਬੇਅੰਤ ਤਿਆਗ ਅਤੇ ਅਥਾਹ ਸੰਘਰਸ਼ ਦਾ ਮੁੱਲ ਦੁਨੀਆ ਦੀ ਕੋਈ ਦੌਲਤ ਨਹੀਂ ਚੁਕਾ ਸਕਦੀ | ਉਹ ਆਪਣੀਆਂ ਇੱਛਾਵਾਂ, ਆਰਾਮ ਅਤੇ ਖ਼ੁਸ਼ੀਆਂ ਨੂੰ ਕੁਰਬਾਨ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿਚ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਹਨ | ਬੱਚੇ ਦੇ ਚਿਹਰੇ 'ਤੇ ਇਕ ਮੁਸਕਰਾਹਟ ਖਿੜੀ ਰਹੇ, ਇਸ ਲਈ ਉਹ ਆਪਣੇ ਹਿੱਸੇ ਦੀਆਂ ਅਣਗਿਣਤ ਖ਼ੁਸ਼ੀਆਂ ਵੀ ਹੱਸਦਿਆਂ-ਹੱਸਦਿਆਂ ਉਨ੍ਹਾਂ ਤੋਂ ਵਾਰ ਦਿੰਦੇ ਹਨ | ਮਾਪਿਆਂ ਦਾ ਪਿਆਰ ਕਿਸੇ ਸ਼ਰਤ, ਸਵਾਰਥ ਜਾਂ ਉਮੀਦ ਦਾ ਮੁਹਤਾਜ ਨਹੀਂ ਹੁੰਦਾ, ਉਹ ਤਾਂ ਉਸ ਛਾਂ-ਦਾਰ ਬੋਹੜ ਵਾਂਗ ਹੁੰਦੇ ਹਨ, ਜੋ ਆਪ ਧੁੱਪ ਸਹਾਰ ਕੇ ਆਪਣੀ ਔਲਾਦ ਨੂੰ ਠੰਢੀ ਛਾਂ ਬਖ਼ਸ਼ਦਾ ਹੈ |
ਭਾਰਤੀ ਸੰਸਕਿ੍ਤੀ ਦਾ ਸੰਦੇਸ਼ ਸਦਾ ਇਹੀ ਰਿਹਾ ਹੈ ਕਿ ਮਾਪਿਆਂ ਦਾ ਦਰਜਾ ਰੱਬ ਦੇ ਬਰਾਬਰ ਹੈ | ਇਸ ਲਈ ਉਨ੍ਹਾਂ ਦਾ ਆਦਰ, ਸੇਵਾ ਅਤੇ ਸਤਿਕਾਰ ਕਰਨਾ ਹਰ ਬੱਚੇ ਦਾ ਪਹਿਲਾ ਫ਼ਰਜ਼ ਹੈ | ਜਿਸ ਘਰ ਵਿਚ ਮਾਪਿਆਂ ਦਾ ਸਤਿਕਾਰ ਹੁੰਦਾ ਹੈ, ਉੱਥੇ ਖ਼ੁਸ਼ਹਾਲੀ, ਸ਼ਾਂਤੀ ਅਤੇ ਬਰਕਤ ਆਪਣੇ-ਆਪ ਵਸ ਜਾਂਦੀ ਹੈ | ਉਨ੍ਹਾਂ ਦੀਆਂ ਦਿਲੋਂ ਨਿਕਲੀਆਂ ਦੁਆਵਾਂ ਉਹ ਅਮੋਲਕ ਪੂੰਜੀ ਹਨ, ਜੋ ਜੀਵਨ ਦੇ ਹਰ ਸੰਘਰਸ਼ ਵਿਚ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ |
ਅੱਜ ਸਮਾਜ ਨੂੰ ਸਿਰਫ਼ ਆਰਥਿਕ ਤੌਰ 'ਤੇ ਨਹੀਂ, ਸਗੋਂ ਨੈਤਿਕ ਤੌਰ 'ਤੇ ਵੀ ਮਜ਼ਬੂਤ ਬਣਾਉਣ ਦੀ ਲੋੜ ਹੈ | ਇਹ ਤਦੋਂ ਹੀ ਸੰਭਵ ਹੈ ਜਦੋਂ ਹਰ ਬੱਚਾ ਆਪਣੇ ਮਾਪਿਆਂ ਨੂੰ ਇਕੱਲਾਪਣ ਨਹੀਂ, ਸਗੋਂ ਆਪਣਾ ਸਾਥ ਦੇਵੇ, ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੇ, ਉਨ੍ਹਾਂ ਨਾਲ ਹੱਸੇ, ਉਨ੍ਹਾਂ ਨਾਲ ਕੁਝ ਪਲ ਬਿਤਾਏ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਏ ਕਿ ਉਹ ਅੱਜ ਵੀ ਪਰਿਵਾਰ ਦੀ ਸਭ ਤੋਂ ਵੱਡੀ ਤਾਕਤ ਹਨ |
ਆਓ, ਅੱਜ ਹੀ ਇਹ ਸੰਕਲਪ ਕਰੀਏ ਕਿ ਅਸੀਂ ਆਪਣੇ ਮਾਪਿਆਂ ਨੂੰ ਸਿਰਫ਼ ਰੋਟੀ, ਕੱਪੜਾ ਅਤੇ ਦਵਾਈ ਹੀ ਨਹੀਂ, ਸਗੋਂ ਆਪਣਾ ਸਮਾਂ, ਆਪਣਾ ਪਿਆਰ, ਆਪਣਾ ਸਤਿਕਾਰ ਅਤੇ ਆਪਣਾ ਸਾਥ ਵੀ ਦੇਵਾਂਗੇ, ਕਿਉਂਕਿ ਦੁਨੀਆ ਦੀ ਹਰ ਦੌਲਤ ਮੁੜ ਮਿਲ ਸਕਦੀ ਹੈ, ਪਰ ਮਾਪਿਆਂ ਦਾ ਸਾਇਆ ਇਕ ਵਾਰ ਉੱਠ ਜਾਵੇ ਤਾਂ ਫਿਰ ਕਦੇ ਵਾਪਸ ਨਹੀਂ ਆਉਂਦਾ | ਇਸ ਲਈ ਜਦੋਂ ਤੱਕ ਉਹ ਸਾਡੇ ਨਾਲ ਹਨ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਬਣਾਈਏ |
-ਉੱਤਮ ਗਾਰਡਨ ਕਾਲੋਨੀ ਮਨਵਾਲ, ਪਠਾਨਕੋਟ (ਪੰਜਾਬ)
ਸੰਪਰਕ : 94174-27656
ਈਮੇਲ: rajan_pathankot@yahoo.com