ਕੁਝ ਦਿਨ ਪਹਿਲਾਂ ਹਰ ਕਿਸੇ ਦੀ ਜ਼ੁਬਾਨ 'ਤੇ ਏਸ਼ਿਆਈ ਖੇਡਾਂ ਦੀ ਚਰਚਾ ਸੀ, ਇਹ ਖੇਡਾਂ ਜਾਪਾਨ ਵਿਚ ਹੋ ਰਹੀਆਂ ਸਨ | ਭਾਰਤ ਨੇ ਕੁੱਲ 85 ਤਗਮੇ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ |
ਅੱਜ ਅਸੀਂ ਗੱਲ ਕਰਾਂਗੇ ਇਸ ਪ੍ਰਾਪਤੀ ਵਿਚ ਭਾਰਤ ਦੀਆਂ ਧੀਆਂ ਦੇ ਯੋਗਦਾਨ ਦੀ, ਜਿਨ੍ਹਾਂ ਨੇ ਆਪਣੀ ਮਿਹਨਤ, ਹਿੰਮਤ ਅਤੇ ਦਿ੍ੜ੍ਹ ਇਰਾਦੇ ਸਦਕਾ ਭਾਰਤ ਨੂੰ ਤਗਮਾ ਸੂਚੀ ਵਿਚ ਵਧੀਆ ਰੈਂਕ ਹਾਸਲ ਕਰਵਾਇਆ | ਭਾਰਤੀ ਮਹਿਲਾ ਖਿਡਾਰਨਾਂ ਨੇ ਏਸ਼ਿਆਈ ਖੇਡਾਂ ਵਿਚ 38 ਤਗਮੇ ਜਿੱਤੇ, ਜਿਨ੍ਹਾਂ ਵਿਚੋਂ 11 ਸੋਨੇ, 11 ਚਾਂਦੀ ਅਤੇ 16 ਕਾਂਸੀ ਦੇ ਸਨ | ਯਾਨੀ ਕਿ 61 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਭਾਰਤ ਦੀਆਂ ਬੇਟੀਆਂ ਦਾ ਰਿਹਾ |

ਜੋ ਖਿਡਾਰੀ ਸਰੀਰਕ ਤੌਰ 'ਤੇ ਕਿਸੇ ਨਾ ਕਿਸੇ ਵਜ੍ਹਾ ਤੋਂ ਅਸਮਰੱਥ ਹੁੰਦੇ ਨੇ, ਉਨ੍ਹਾਂ ਲਈ ਵੱਖਰੇ ਖੇਡ ਮੁਕਾਬਲੇ ਕਰਵਾਏ ਜਾਂਦੇ ਨੇ, ਜਿਨ੍ਹਾਂ ਨੂੰ ਪੈਰਾ-ਏਸ਼ਿਆਈ ਖੇਡਾਂ ਆਖਦੇ ਨੇ, ਇਨ੍ਹਾਂ ਖਿਡਾਰੀਆਂ ਨੂੰ ਵੀ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਨੂੰ ਜ਼ਿੰਦਗੀ ਵਿਚ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ | ਪੈਰਾ-ਏਸ਼ਿਆਈ ਖੇਡਾਂ ਵਿਚ ਵੀ ਸਾਡੀਆਂ ਬੇਟੀਆਂ ਨੇ ਕਮਾਲ ਕਰ ਦਿੱਤੀ | 50 ਮੀਟਰ, 200 ਮੀਟਰ, 400 ਮੀਟਰ, ਅਥਲੈਟਿਕਸ, ਰਾਈਫਲ, ਤੀਰ ਅੰਦਾਜ਼ੀ ਆਦਿ ਵਿਚ ਸਾਡੀਆਂ ਧੀਆਂ ਨੇ ਸੋਨੇ, ਚਾਂਦੀ ਦੇ ਤਗਮੇ ਜਿੱਤ ਕੇ ਆਪਣਾ ਹੀ ਨਹੀਂ ਪੂਰੇ ਦੇਸ਼ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ | ਸਾਡੀਆਂ ਧੀਆਂ ਨੇ ਤਕਰੀਬਨ 20 ਸੋਨ, 17 ਚਾਂਦੀ ਤੇ 10 ਕਾਂਸੀ ਦੇ ਤਗਮੇ ਜਿੱਤੇ |
ਇਹ ਇਸ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੈ ਕਿਉਂਕਿ ਇਸ ਅੰਕੜੇ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਹੁਣ ਬੇਟੀਆਂ ਨੂੰ ਵੀ ਮੌਕੇ ਪ੍ਰਦਾਨ ਕਰਨ ਵਿਚ ਕੋਈ ਕਮੀ ਨਹੀਂ ਛੱਡ ਰਹੇ, ਉਹ ਪੁੱਤਰਾਂ ਵਾਂਗ ਹੀ ਧੀਆਂ ਦੇ ਖੇਡਾਂ ਪ੍ਰਤੀ ਸੁਪਨੇ ਸਾਕਾਰ ਕਰਨ ਦੀ ਹਰ ਕੋਸ਼ਿਸ਼ ਕਰਦੇ ਨੇ |
ਮਹਿਲਾ ਹਾਕੀ ਟੀਮ ਨੇ 44 ਸਾਲਾਂ ਬਾਅਦ ਤੇ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਗਮਾ ਜਿੱਤ ਕੇ ਸਾਰੇ ਭਾਰਤ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ | ਇਸ ਤੋਂ ਇਲਾਵਾ ਹੋਰ ਖੇਡਾਂ ਜਿਵੇਂ ਤੀਰ ਅੰਦਾਜ਼ੀ, ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ, ਅਥਲੈਟਿਕਸ ਆਦਿ ਵਿਚ ਆਪਣਾ ਹੁਨਰ ਦੇਸ਼ ਸਾਹਮਣੇ ਉਜਾਗਰ ਕੀਤਾ |
ਭਾਰਤ ਦੀਆਂ ਧੀਆਂ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮੌਕਾ, ਹੱਲਾਸ਼ੇਰੀ ਤੇ ਸਹਿਯੋਗ ਮਿਲੇ ਤਾਂ ਉਹ ਆਪਣੀ ਕਾਬਲੀਅਤ ਵਿਖਾਉਣ ਵਿਚ ਪਿੱਛੇ ਨਹੀਂ ਹਟਦੀਆਂ ਤੇ ਦੁਨੀਆ ਦੇ ਹਰ ਮੰਚ 'ਤੇ ਆਪਣਾ ਲੋਹਾ ਮੰਨਵਾ ਸਕਦੀਆਂ ਨੇ |
ਅਸਲ ਵਿਚ ਅਜੋਕੀ ਪੀੜ੍ਹੀ ਦੇ ਤੇਜ਼ੀ ਨਾਲ ਦੌੜਦੇ ਦਿਮਾਗ਼ ਨੂੰ ਮੋਬਾਈਲ, ਲੈਪਟਾਪ ਤੇ ਫਾਸਟ ਫੂਡ ਤੋਂ ਕੱਢ ਕੇ ਕਿਸੇ ਰਚਨਾਤਮਿਕ ਅਤੇ ਹੁਨਰਾਤਮਿਕ ਕੰਮ ਵਿਚ ਲਗਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੀ ਊਰਜਾ ਨੂੰ ਹੁਨਰਾਤਮਿਕ ਪਾਸੇ ਲਗਾਉਣਾ ਸਮੇਂ ਦੀ ਲੋੜ ਬਣ ਗਿਆ ਹੈ | ਖੇਡਾਂ ਵਰਜਿਸ਼ ਦਾ ਸਭ ਤੋਂ ਵਧੀਆ ਤਰੀਕਾ ਵੀ ਹਨ |
ਇਹ ਚੰਗੀ ਸਿਹਤ ਦੇਣ ਦੇ ਨਾਲ-ਨਾਲ ਆਤਮ-ਵਿਸ਼ਵਾਸ, ਅਨੁਸ਼ਾਸਨ, ਸਮੇਂ 'ਤੇ ਅਭਿਆਸ ਤੇ ਖਾਣਾ ਖਾਣਾ, ਹਾਰ ਨੂੰ ਸਵੀਕਾਰਨਾ ਸਿਖਾਉਂਦੀਆਂ ਹਨ | ਇਹ ਸਿਖਾਉਂਦੀਆਂ ਨੇ ਕਿ ਹਾਰ ਅੰਤ ਨਹੀਂ, ਨਵੀਂ ਸ਼ੁਰੂਆਤ ਹੈ | ਇਨ੍ਹਾਂ ਨਾਲ ਇਕ ਟੀਮ ਵਾਂਗ ਕੰਮ ਕਰਨ ਵਰਗੀਆਂ ਸਭ ਖ਼ੂਬੀਆਂ ਸ਼ਖ਼ਸੀਅਤ ਵਿਚ ਪਨਪਦੀਆਂ ਨੇ | ਜਿੱਤ ਤੇ ਹਾਰ ਦੋਵੇਂ ਜ਼ਿੰਦਗੀ ਦੇ ਜ਼ਰੂਰੀ ਸਬਕ ਸਿਖਾਉਂਦੀਆਂ ਨੇ ਤੇ ਜਿੱਤ ਹਾਰ ਤੋਂ ਅਹਿਮ ਚੀਜ਼ ਹੁੰਦੀ ਹੈ ਭਾਗ ਲੈਣਾ ਜੋ ਅਨੁਸ਼ਾਸਨ, ਜ਼ਿੰਮੇਵਾਰੀ ਤੇ ਮਿਲ ਕੇ ਜੂਝਣਾ ਸਿਖਾਉਂਦਾ ਹੈ | ਮੈਦਾਨ 'ਚ ਲਿਆ ਗਿਆ ਫ਼ੈਸਲਾ ਜ਼ਿੰਦਗੀ ਵਿਚ ਅਗਵਾਈ ਕਰਨੀ ਵੀ ਸਿਖਾਉਂਦਾ ਹੈ |
ਆਧੁਨਿਕ ਨੌਜਵਾਨ ਪੀੜ੍ਹੀ ਨੂੰ ਜੇਕਰ ਸਹੀ ਸਮੇਂ 'ਤੇ ਸਹੀ ਦਿਸ਼ਾ ਮਿਲ ਜਾਵੇ ਤਾਂ ਉਨ੍ਹਾਂ ਦਾ ਭਵਿੱਖ ਸੰਵਰ ਸਕਦਾ ਹੈ ਤੇ ਵਰਤਮਾਨ ਖ਼ੁਸ਼ਨੁਮਾ ਹੋ ਸਕਦਾ ਹੈ |
ਗ਼ਲਤ ਸੰਗਤ, ਗ਼ਲਤ ਦਿਸ਼ਾ, ਗ਼ਲਤ ਕੰਮਾਂ ਵਿਚ ਪੈਣ ਤੋਂ ਖੇਡਾਂ ਬਚਾਉਂਦੀਆਂ ਹਨ |
ਹੁਣ ਸਮਾਂ ਪਹਿਲਾਂ ਨਾਲੋਂ ਕਾਫ਼ੀ ਬਦਲ ਰਿਹਾ ਹੈ, ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੇਡਾਂ ਪ੍ਰਤੀ ਸ਼ੌਕ ਨੂੰ , ਉਨ੍ਹਾਂ ਦੀ ਹਿੱਸੇਦਾਰੀ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਨੇ ਭਾਵੇਂ ਉਨ੍ਹਾਂ ਨੂੰ ਕਰਜ਼ੇ ਲੈਣੇ ਪੈਣ ਜਾਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਣ |
ਉਭਰਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਆਉਂਦੀਆਂ ਚੁਣੌਤੀਆਂ ਨੂੰ ਦੂਰ ਕਰਨਾ ਸਰਕਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਖ਼ਾਸ ਕਰਕੇ ਖਿਡਾਰਨਾਂ ਦੇ ਮਾਮਲੇ ਵਿਚ | ਕਈ ਖਿਡਾਰੀਆਂ ਵਿਚ ਬਹੁਤ ਸਮਰੱਥਾ ਤੇ ਹੁਨਰ ਹੁੰਦਾ ਹੈ ਪਰ ਸਾਧਨਾਂ ਦੀ ਘਾਟ ਹੋਣ ਕਾਰਨ ਉਹ ਪਿੱਛੇ ਹਟ ਜਾਂਦੀਆਂ ਨੇ, ਇਨ੍ਹਾਂ ਦਾ ਹੱਥ ਫੜਨ ਵਿਚ ਸਰਕਾਰਾਂ ਨੂੰ , ਸੰਸਥਾਵਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ | ਸਕੂਲਾਂ, ਕਾਲਜਾਂ, ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾਂਦੇ ਮੁਕਾਬਲੇ ਇਸ ਹੁਨਰ ਨੂੰ ਪਛਾਣਨ ਲਈ ਮੌਕਾ ਦਿੰਦੇ ਨੇ ਜੋ ਕਿ ਖਿਡਾਰਨਾਂ ਲਈ ਭਵਿੱਖ ਵਿਚ ਅੱਗੇ ਵਧਣ ਦੇ ਕੰਮ ਆਉਂਦਾ ਹੈ |
ਆਪਣੇ ਦੇਸ਼ ਲਈ ਤਗਮੇ ਜਿੱਤਣ ਵਾਲੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਪੈਸਿਆਂ ਦੇ ਰੂਪ ਵਿਚ ਇਨਾਮ ਦੇਣਾ ਤੇ ਸਰਕਾਰੀ ਨੌਕਰੀਆਂ ਦੇਣ ਨਾਲ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਉਤਸ਼ਾਹ ਮਿਲਦਾ ਹੈ | ਸੋ, ਖੇਡਾਂ ਅੱਜ ਕੱਲ੍ਹ ਵਧੀਆ ਕਰੀਅਰ ਵੀ ਹਨ |
ਇਨ੍ਹਾਂ ਪ੍ਰਾਪਤੀਆਂ ਪਿੱਛੇ ਸਾਲਾਂ ਦੀ ਮਿਹਨਤ, ਲਗਨ, ਅਨੇਕਾਂ ਕੁਰਬਾਨੀਆਂ ਹੁੰਦੀਆਂ ਹਨ | ਖ਼ਾਸ ਕਰਕੇ ਲੜਕੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਮਾਜ ਦੀ ਪੁਰਾਣੀ ਸੋਚ ਤੇ ਸਾਧਨਾਂ ਦੀ ਘਾਟ ਵਰਗੀਆਂ ਚੁਣੌਤੀਆਂ ਨਾਲ ਵੀ ਜੂਝਣਾ ਪੈਂਦਾ ਹੈ |
ਇਹ ਧੀਆਂ ਦੀ ਜਿੱਤ ਅਤੇ ਸਮਾਜ ਦੀ ਬਦਲਦੀ ਸੋਚ ਦੀ ਜਿੱਤ ਹੈ | ਸਾਨੂੰ ਆਪਣੀਆਂ ਧੀਆਂ ਦੀਆਂ ਪ੍ਰਾਪਤੀਆਂ ਉਤੇ ਮਾਣ ਕਰਨਾ ਚਾਹੀਦਾ ਹੈ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਅੱਜ ਦੀਆਂ ਇਹ ਜੇਤੂ ਧੀਆਂ ਕੱਲ੍ਹ ਦੇ ਭਾਰਤ ਦੀ ਨਵੀਂ ਤਸਵੀਰ ਹਨ, ਜਿਥੇ ਧੀਆਂ ਨੂੰ ਬੋਝ ਨਹੀਂ ਘਰ ਦੀ ਸ਼ਾਨ ਸਮਝਿਆ ਜਾਂਦਾ ਹੈ |
ਜੇ ਪਰਿਵਾਰ ਤੇ ਸਮਾਜ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ, ਉਨ੍ਹਾਂ ਨੂੰ ਉਡਣ ਲਈ ਖੰਭ ਦੇਣ, ਫਿਰ ਬੇਟੀਆਂ ਦੀ ਉਡਾਰੀ ਅਸਮਾਨਾਂ ਵਿਚ ਸੁਨਹਿਰੀ ਇਤਿਹਾਸ ਸਿਰਜਣ ਦੇ ਨਿਸ਼ਾਨ ਜ਼ਰੂਰ ਛੱਡੇਗੀ |
ਜਦ ਕੋਈ ਨੌਜਵਾਨ ਦੇਸ਼ ਲਈ ਮੈਡਲ ਜਿੱਤਦਾ ਹੈ, ਦੇਸ਼ ਦਾ ਤਿਰੰਗਾ ਲੈ ਕੇ ਖੜ੍ਹਾ ਹੁੰਦਾ ਹੈ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ |
ਲੋੜ ਹੈ ਘਰ ਤੋਂ ਇਸ ਦੀ ਸ਼ੁਰੂਆਤ ਕਰੀਏ | ਸਕੂਲ, ਕਾਲਜ ਤੇ ਰਾਸ਼ਟਰੀ ਪੱਧਰ 'ਤੇ ਹਰ ਕੋਈ ਸਹਿਯੋਗ ਕਰੇ ਤਾਂ ਜੋ ਸਾਡਾ ਨੌਜਵਾਨ ਵਰਗ ਖੇਡਾਂ ਵਰਗੇ ਉਸਾਰੂ ਕੰਮ ਵਿਚ ਪੈ ਕੇ ਆਪਣੇ ਸ਼ਹਿਰ, ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰੇ | ਨੌਜਵਾਨਾਂ ਲਈ ਅਖੀਰ ਵਿਚ ਇਕ ਸੰਦੇਸ਼ :
ਮੋਬਾਈਲ ਛੱਡੋ, ਮੈਦਾਨ ਫੜੋ
ਖੇਡੋਗੇ ਤਾਂ ਹੀ ਖਿੜੋਗੇ |
e-mail : gurjot@ajitjalandhar.com
facebook.com/gurjotkaurhamdard