05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਨ ਦੀ ਸ਼ਾਂਤੀ ਲਈ ਸੰਤੁਸ਼ਟੀ ਲਾਜ਼ਮੀ

ਮਨ ਦੀ ਸ਼ਾਂਤੀ ਲਈ ਸੰਤੁਸ਼ਟੀ ਲਾਜ਼ਮੀ

ਅਜੀਤ ਡੈਸਕ 05-11-2026

ਜ਼ਿੰਦਗੀ ਇਕ ਸੰਘਰਸ਼ ਹੈ | ਕਈ ਵਾਰ ਸਾਨੂੰ ਜ਼ਿੰਦਗੀ 'ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ  ਕਿਸ ਤਰ੍ਹਾਂ ਗੁਜ਼ਾਰਦੇ ਹਾਂ | ਜਿੰਨਾ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿਚ ਹੀ ਸਬਰ-ਸੰਤੋਖ ਕਰਨਾ ਚਾਹੀਦਾ ਹੈ | ਪਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਹੈ | ਕਿਸੇ ਕੋਲ ਵੱਧ ਹੁੰਦਾ ਹੈ, ਕਿਸੇ ਕੋਲ ਘੱਟ ਹੁੰਦਾ ਹੈ | ਅੱਜ ਦੇ ਜ਼ਮਾਨੇ ਵਿਚ ਪੈਸੇ ਦੀ ਹੋੜ ਬਹੁਤ ਹੈ, ਕਈਆਂ 'ਚ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ | ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ | ਪੈਸਿਆਂ ਕਾਰਨ ਅੱਜਕਲ੍ਹ ਸਾਰੇ ਹੀ ਰਿਸ਼ਤੇ ਟੁੱਟ ਚੁੱਕੇ ਹਨ | ਬਸ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ | ਕਹਿਣ ਦਾ ਮਤਲਬ ਇਹ ਹੈ ਕਿ ਪੈਸੇ ਨੂੰ  ਹੀ ਤਰਜੀਹ ਦਿੱਤੀ ਜਾ ਰਹੀ ਹੈ |

ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਪ੍ਰਣ ਕਰੀਏ ਕਿ ਅਸੀਂ ਸਾਰਾ ਦਿਨ ਖ਼ੁਸ਼ ਰਹਿਣਾ ਹੈ | ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ | ਹਮੇਸ਼ਾ ਚੰਗਾ ਸੋਚੋ, ਕਦੇ ਵੀ ਕਿਸੇ ਪ੍ਰਤੀ ਨਾਕਾਰਾਤਮਿਕ ਵਿਚਾਰ ਨਾ ਰੱਖੋ | ਸਵੇਰੇ ਉੱਠਦੇ ਸਾਰ ਹੀ ਤੁਹਾਡੇ ਚਿਹਰੇ 'ਤੇ ਖੁਸ਼ੀ ਹੋਣੀ ਚਾਹੀਦੀ ਹੈ | ਮੱਥੇ 'ਤੇ ਪਈ ਤਿਊੜੀ ਨਾਲ ਅਸੀਂ ਆਪ ਵੀ ਦੁਖੀ ਹੁੰਦੇ ਹਾਂ | ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ  ਵੀ ਮੁਸੀਬਤ ਵਿਚ ਪਾ ਦਿੰਦੇ ਹਾਂ | ਜੇ ਚਿਹਰੇ 'ਤੇ ਖੁਸ਼ੀ ਰਹੇਗੀ ਤਾਂ ਘਰ ਦਾ ਮਾਹੌਲ ਵੀ ਬਹੁਤ ਵਧੀਆ ਹੋਵੇਗਾ | ਘਰ ਦੇ ਜੀਅ ਇਕ-ਦੂਜੇ ਦੀ ਕਦਰ ਕਰਨਗੇ | ਆਪਸੀ ਪਿਆਰ ਬਹੁਤ ਵਧੇਗਾ | ਕਿਸੇ ਪ੍ਰਤੀ ਨਫ਼ਰਤ ਨਹੀਂ ਰੱਖਣਗੇ | ਕਹਿਣ ਦਾ ਭਾਵ ਹੈ ਕਿ ਸਾਰੇ ਘਰ ਦਾ ਮਾਹੌਲ ਸਵਰਗ ਵਰਗਾ ਪ੍ਰਤੀਤ ਹੋਵੇਗਾ | ਇਕ ਦੂਜੇ ਦੀ ਇੱਜ਼ਤ ਹੋਵੇਗੀ, ਮਾਣ-ਸਤਿਕਾਰ ਵਧੇਗਾ | ਕਈ ਵਾਰ ਅਸੀਂ ਪਰਮਾਤਮਾ ਨੂੰ  ਕੋਸਦੇ ਰਹਿੰਦੇ ਹਾਂ ਕਿ ਮੈਨੂੰ ਇਹ ਨਹੀਂ ਦਿੱਤਾ, ਮੈਂ ਏਨੀ ਮਿਹਨਤ ਕੀਤੀ | ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾਂ ਮੇਰੇ ਕੋਲ ਛੋਟੀ ਕਾਰ ਹੈ |  ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ ਦਾਤ ਨਹੀਂ ਬਖਸ਼ੀ | ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ, ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ | ਕਈ ਤਰ੍ਹਾਂ ਦੇ ਮੁਟਾਵ ਮਨ ਵਿਚ ਹੁੰਦੇ ਹਨ | ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ ਦੇਖ ਕੇ ਆਉਂਦੇ ਹਨ | ਕਈ ਵਾਰ ਅਸੀਂ ਆਪਣੇ ਦੁੱਖ ਨਾਲ ਜ਼ਿਆਦਾ ਦੁਖੀ ਨਹੀਂ ਹੁੰਦੇ, ਜਿੰਨਾ ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਾਂ | ਜਿੰਨਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਸਾਨੂੰ ਉਸ ਵਿਚ ਹੀ ਸਬਰ ਕਰਨਾ ਚਾਹੀਦਾ ਹੈ | ਅਕਸਰ ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਸੀਮਤ ਸਾਧਨ ਹੁੰਦੇ ਹਨ, ਉਹ ਬਹੁਤ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰਦੇ ਹਨ |
ਕਈ ਅਜਿਹੀਆਂ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ  ਖੁਸ਼ੀ ਨਾਲ ਗੁਜ਼ਾਰਦੇ ਹਨ | ਅਜਿਹੇ ਲੋਕਾਂ ਦੀ ਜ਼ਿੰਦਗੀ ਵਿਚ ਫਿਰ ਦੁੱਖ ਬਹੁਤ ਘੱਟ ਹੁੰਦੇ ਹਨ ਕਿਉਂਕਿ ਉਹ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਗੁਜ਼ਾਰਦੇ ਹਨ | ਘਰ ਵਿਚ ਇਕ-ਦੂਜੇ ਦੀ ਇੱਜ਼ਤ ਕਰਦੇ ਹਨ | ਦੂਜਿਆਂ ਦੀ ਤਰੱਕੀ ਨੂੰ  ਦੇਖ ਕੇ ਜਲਦੇ ਨਹੀਂ ਹਨ | ਹਮੇਸ਼ਾ ਪਰਮਾਤਮਾ ਦੇ ਸ਼ੁਕਰ-ਗੁਜ਼ਾਰ ਰਹਿੰਦੇ ਹਨ | ਕਹਿਣ ਦਾ ਮਤਲਬ ਇਹ ਹੈ ਕਿ ਅਜਿਹੇ ਲੋਕਾਂ ਨੂੰ  ਜ਼ਿੰਦਗੀ ਨਾਲ ਕੋਈ ਵੀ ਸ਼ਿਕਵਾ ਨਹੀਂ ਹੁੰਦਾ | ਇਸ ਲਈ ਆਓ, ਜ਼ਿੰਦਗੀ ਨੂੰ  ਹੱਸ ਖੇਡ ਕੇ ਗੁਜ਼ਾਰੀਏ ਤੇ ਖ਼ੁਦ ਵੀ ਖ਼ੁਸ਼ ਰਹੀਏ ਤੇ ਹੋਰਾਂ ਨੂੰ  ਵੀ ਖ਼ੁਸ਼ ਰਹਿਣ ਦਈਏ |

-ਮੁਹਾਲੀ | ਮੋਬਾਈਲ : 78889-66168

ਪਿਛਲੀ ਖ਼ਬਰ ਦੀਵਾਲੀ ਮੌਕੇ ਲਿਆਓ ਚਿਹਰੇ 'ਤੇ ਸੋਨੇ ਜਿਹਾ ਨਿਖਾਰ ਅਗਲੀ ਖ਼ਬਰ ਤਿਉਹਾਰਾਂ ਦਾ ਸਵਾਗਤ ਕਿਸ ਤਰ੍ਹਾਂ ਕਰੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।