ਹਰੀਕੇ ਪੱਤਣ, 16 ਮਈ (ਸੰਜੀਵ ਕੁੰਦਰਾ) ਵਿਸ਼ਵ ਦੇ ਨਕਸ਼ੇ ਤੇ ਅਹਿਮ ਸਥਾਨ ਰੱਖਦੀ ਹਰੀਕੇ ਝੀਲ ਤੋਂ ਗੰਦਗੀ ਦਾ ਗ੍ਰਹਿਣ ਲੱਥ ਨਹੀਂ ਰਿਹਾ | ਕੂੜਾ ਕਰਕਟ ਤੇ ਹੋਰ ਗੰਦਗੀ ਦੇ ਢੇਰ ਝੀਲ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਪਰ ਨਾ ਤਾਂ ਕੂੜਾ ਸੁੱਟਣ ਵਾਲੇ ਲੋਕ ਇਸ ਪ੍ਰਤੀ ਸੰਜੀਦਾ ਹਨ ਅਤੇ ਨਾ ਸੰਬੰਧਿਤ ਵਿਭਾਗ ਇਸ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ ਹਰੀਕੇ ਝੀਲ ਜਿੱਥੇ ਬਿਆਸ-ਸਤਲੁਜ ਦਰਿਆਆ ਦਾ ਸੰਗਮ ਹੁੰਦਾ ਹੈ ਤੇ ਸੈਕੜੇਂ ਕਿਸਮਾਂ ਦੇ ਪੰਛੀ ਦੇਖੇ ਜਾਂਦੇ ਹਨ, ਜੋ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ | ਇਸ ਝੀਲ ਦੀ ਸੁੰਦਰਤਾ, ਸ਼ਾਤ ਵਾਤਾਵਰਣ ਅਤੇ ਪੰਛੀਆਂ ਦੀਆਂ ਰੰਗ-ਬਿਰੰਗੀਆਂ ਡਾਰਾਂ ਦਾ ਆਨੰਦ ਮਾਨਣ ਲਈ ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਦੇ ਹਨ ਪਰ ਸਰਕਾਰਾਂ ਦੀ ਝੀਲ ਪ੍ਰਤੀ ਕੋਈ ਸਹੀ ਨੀਤੀ ਨਹੀਂ ਹੈ | ਕਸਬਾ ਹਰੀਕੇ ਪੱਤਣ ਵਾਲੇ ਪਾਸਿਓਾ ਜਿੱਥੋ ਝੀਲ ਦਾ ਏਰੀਆ ਸ਼ੁਰੂ ਹੁੰਦਾ ਹੈ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਵਿਭਾਗ ਦੀ ਅਣਗਹਿਲੀ ਅਤੇ ਸਥਾਨਕ ਲੋਕਾਂ ਦੀ ਝੀਲ ਪ੍ਰਤੀ ਬੇਰੁਖ਼ੀ ਦਾ ਪੱਖ ਉਘੇੜਦੇ ਹਨ | ਸਥਾਨਕ ਲੋਕ ਆਪਣੇ ਘਰਾਂ ਤੇ ਦੁਕਾਨਾਂ ਦੇ ਕੂੜੇ ਕਰਕਟ ਵਾਲੇ ਲਿਫਾਫੇ ਝੀਲ ਕਿਨਾਰੇ ਸੁੱਟ ਦਿੰਦੇ ਹਨ, ਜੋ ਝੀਲ ਦੇ ਪਾਣੀ ਅੰਦਰ ਜਾ ਕੇ ਜਿੱਥੇ ਝੀਲ ਨੂੰ ਗੰਧਲਾ ਕਰ ਰਹੇ ਹਨ, ਉੱਥੇ ਜੀਵ ਜੰਤੂਆਂ ਲਈ ਵੀ ਨੁਕਸਾਨਦੇਹ ਹੈ | ਇਹ ਵਰਤਾਰਾ ਦਹਾਕਿਆਂ ਤੋਂ ਚੱਲ ਰਿਹਾ ਹੈ ਇਸ ਨੂੰ ਰੋਕਣ ਨੂੰ ਲੈ ਕੇ ਕੋਈ ਵੀ ਕਦਮ ਚੁੱਕੇ ਨਹੀਂ ਗਏ | ਹਰੀਕੇ ਝੀਲ ਦੀ ਅਹਿਮੀਅਤ ਨੂੰ ਵੇਖਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਇਸ ਜਗ੍ਹਾ ਤੇ ਗੰਦਗੀ ਨਾ ਸੁੱਟ ਕੇ ਝੀਲ ਦੀ ਸੁੰਦਰਤਾ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ |