ਬੋਹਾ, 18 ਜੁਲਾਈ (ਤਾਂਗੜੀ)-'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਥਾਣਾ ਬੋਹਾ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ | ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਮੁੱਖ ਤੌਰ 'ਤੇ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ ਤੇ ਜੁਲਾਈ ਤੋਂ ਅਕਤੂਬਰ ਮਹੀਨਾ ਉਨ੍ਹਾਂ ਦੇ ਵਾਧੇ ਲਈ ਸਭ ਤੋਂ ਅਨੁਕੂਲ ਹੁੰਦਾ ਹੈ | ਇਸ ਲਈ ਘਰਾਂ ਦੀਆਂ ਛੱਤਾਂ 'ਤੇ ਟੁੱਟੇ-ਫੁੱਟੇ ਬਰਤਨਾਂ ਅਤੇ ਆਲੇ ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ | ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ, ਨਿਰਪਾਲ ਸਿੰਘ ਨੇ ਡੇਂਗੂ ਦੇ ਲੱਛਣਾਂ, ਇਲਾਜ, ਬਚਾਓ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਦੌਰਾਨ ਬਰੀਡਿੰਗ ਚੈਕਰਾਂ ਵਲੋਂ ਖੜ੍ਹੇ ਸਾਫ਼ ਪਾਣੀ 'ਤੇ ਸਪਰੇਅ ਵੀ ਕੀਤੀ ਗਈ | ਇਸ ਮੌਕੇ ਥਾਣਾ ਮੁੱਖ ਅਫ਼ਸਰ ਅਮਰੀਕ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਸੰਤਰੀ ਤੇ ਬਲਵਾਨ ਸਿੰਘ ਆਦਿ ਹਾਜ਼ਰ ਸਨ |