ਮਾਨਸਾ, 18 ਜੁਲਾਈ (ਵਿ. ਪ੍ਰਤੀ)-ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਘਰਾਂ 'ਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ 'ਚ ਫ਼ੇਲ੍ਹ ਸਾਬਤ ਹੋ ਰਹੀ ਹੈ | ਇਹ ਦੋਸ਼ ਸੀਨੀਅਰ ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ ਨੇ ਲਗਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਪਹਿਲਾਂ ਕਰੀਬ 243 ਆਰ. ਓ. ਪਲਾਂਟ ਲਗਾਏ ਗਏ ਸਨ, ਜਿਨ੍ਹਾਂ ਵਿਚੋਂ ਕੇਵਲ 9 ਹੀ ਅੱਜ ਚੱਲ ਰਹੇ ਹਨ | ਕਾਂਗਰਸ ਆਗੂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ ਵਿਚ ਟੀ. ਡੀ. ਐੱਸ. ਦੀ ਮਾਤਰਾ ਬਹੁਤ ਵੱਧ ਹੈ, ਜੋ ਲਾਇਲਾਜ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਿਆਦਾਤਰ ਲੋਕ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਹਨ, ਜਿੱਥੇ ਸ਼ਹਿਰਾਂ ਵਿਚ ਸੀਵਰੇਜ ਦਾ ਪਾਣੀ ਵੀ ਮਿਲ ਕੇ ਪੀਣ ਵਾਲੇ ਪਾਣੀ ਨੂੰ ਗੰਦਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਚੁੱਪ ਬੈਠੀ ਹੋਈ ਹੈ ਤੇ ਲੋਕਾਂ ਨੂੰ ਮੌਤ ਵੱਲ ਧੱਕ ਰਹੀ ਹੈ |