27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਿਮਰਤਾ ਦੀ ਉਪਜ ਹਨ ਖ਼ਿਮਾ, ਆਦਰ ਤੇ ਸ਼ੁਕਰੀਆ

ਅਜੀਤ ਡੈਸਕ 21-07-2025

ਨਿਮਰਤਾ ਦਾ ਗੁਣ ਪੈਦਾ ਕਰਨ ਲਈ ਮਨੁੱਖ ਨੂੰ ਹਉਮੈ ਨੂੰ ਤਿਆਗਣਾ ਪੈਂਦਾ ਹੈ, ਆਪਣੇ ਅੰਦਰਲੀ ਮੈਂ ਨੂੰ ਮਾਰਨਾ ਪੈਂਦਾ ਹੈ। ਹਉਮੈਂ ਨਾਲ ਭਰੇ ਮਨੁੱਖ ਨੂੰ ਤਾਂ ਰੱਬ ਆਪਣੇ ਨੇੜੇ ਵੀ ਢੁਕਣ ਨਹੀਂ ਦਿੰਦਾ। ਨਿਮਰਤਾ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਪਰ ਹਉਮੈ ਵੱਡੇ-ਵੱਡੇ ਸਾਮਰਾਜਾਂ ਦੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਨਿਮਰਤਾ ਅਤੇ ਕਾਇਰਤਾ ਮਨੁੱਖੀ ਜ਼ਿੰਦਗੀ ਦੇ ਦੋ ਵੱਖਰੇ-ਵੱਖਰੇ ਪਹਿਲੂ ਹਨ। ਨਿਮਰਤਾ ਵਿਚ ਸਵੈਮਾਣ ਵੀ ਕਾਇਮ ਰਹਿਣਾ ਚਾਹੀਦਾ ਹੈ। ਕਿਸੀ ਵੱਡੀ ਗਲਤੀ, ਖ਼ੁਨਾਮੀ ਅਤੇ ਭੁੱਲ ਲਈ ਕਿਸੇ ਦੂਜੇ ਬੰਦੇ ਤੋਂ ਖ਼ਿਮਾ ਉਹੀ ਵਿਅਕਤੀ ਮੰਗ ਸਕਦਾ ਹੈ ਜਾਂ ਫਿਰ ਆਪਣੇ ਪ੍ਰਤੀ ਕੋਈ ਗੁਨਾਹ ਕਰਨ ਵਾਲੇ ਵਿਅਕਤੀ ਨੂੰ ਉਹੀ ਖ਼ਿਮਾ ਕਰ ਸਕਦਾ ਹੈ, ਜਿਸ ਦੇ ਸੁਭਾਅ 'ਚ ਨਿਮਰਤਾ ਹੁੰਦੀ ਹੈ। ਮੁਗ਼ਲਾਂ ਨਾਲ ਚੱਲਦੇ ਯੁੱਧ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਭਾਈ ਘਨੱਈਆ ਨੂੰ ਦੂਸ਼ਮਣ ਦੇ ਫੱਟੜ ਸੈਨਿਕਾਂ ਨੂੰ ਵੀ ਪਾਣੀ ਪਿਆਉਣ ਨੂੰ ਕਹਿਣਾ ਗੁਰੂ ਸਾਹਿਬ ਦਾ ਨਿਮਰਤਾ ਦਾ ਹੀ ਭਾਵ ਸੀ। ਜੇਕਰ ਦੁਰਯੋਧਨ ਨੇ ਭਗਵਾਨ ਕ੍ਰਿਸ਼ਨ ਦੀ ਗੱਲ ਮੰਨ ਕੇ ਆਪਣੀਆਂ ਕੀਤੀਆਂ ਗਲਤੀਆਂ ਲਈ ਖ਼ਿਮਾ ਮੰਗ ਪਾਂਡਵਾਂ ਨੂੰ ਪੰਜ ਪਿੰਡ ਦੇ ਦਿੱਤੇ ਹੁੰਦੇ ਤਾਂ ਕਾਰਵਾਂ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ। ਉਨ੍ਹਾਂ ਦੀ ਕੁਲ ਤਬਾਹ ਹੋਣ ਤੋਂ ਬਚ ਜਾਣੀ ਸੀ।
ਨਿਮਰਤਾ ਨਾਲ ਸਮਝਾਈ ਗੱਲ ਛੇਤੀ ਸਮਝ ਆ ਜਾਂਦੀ ਹੈ। ਭਗਵਾਨ ਰਾਮ ਨੂੰ ਮਰਿਆਦਾ ਪ੍ਰਸ਼ੋਤਮ ਕਹਾਉਣ 'ਚ ਉਨ੍ਹਾਂ ਦਾ ਨਿਮਰ ਸੁਭਾਅ ਹੋਣਾ ਵੀ ਸੀ। ਉਨ੍ਹਾਂ ਪਰਿਵਾਰਾਂ 'ਚ ਹੀ ਸ਼ਾਂਤੀ ਤੇ ਤਰੱਕੀ ਹੁੰਦੀ ਹੈ ਜਿਨ੍ਹਾਂ 'ਚ ਛੋਟੇ ਆਪਣੀਆਂ ਭੁੱਲਾਂ ਤੇ ਗ਼ਲਤੀਆਂ ਲਈ ਆਪਣੇ ਬਜ਼ੁਰਗਾਂ ਤੋਂ ਖ਼ਿਮਾ ਮੰਗ ਲੈਂਦੇ ਹਨ ਤੇ ਬਜ਼ੁਰਗ ਛੋਟਿਆਂ ਨੂੰ ਖ਼ਿਮਾ ਕਰਨ ਦਾ ਮਾਦਾ ਰੱਖਦੇ ਹਨ। ਖ਼ਿਮਾ ਮੰਗਣ ਅਤੇ ਖ਼ਿਮਾ ਕਰਨ ਨਾਲ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ, ਸੰਬੰਧ ਤੇ ਸੰਵਾਦ ਬਣੇ ਰਹਿੰਦੇ ਹਨ। ਮਾਣ-ਸਨਮਾਨ ਦੇਣਾ ਤੇ ਲੈਣਾ ਵੀ ਮਨੁੱਖੀ ਜ਼ਿੰਦਗੀ ਦੀ ਇਕ ਮਹੱਤਵਪੂਰਨ ਪ੍ਰਕਿਰਿਆ ਹੈ। ਮਾਣ-ਸਨਮਾਨ ਦਾ ਵੀ ਨਿਮਰ ਸੁਭਾਅ ਨਾਲ ਕਾਫ਼ੀ ਨੇੜਲਾ ਸੰਬੰਧ ਹੈ। ਮਾਣ-ਸਨਮਾਨ ਦਾ ਅਰਥ ਕੇਵਲ ਦੂਜੇ ਦੇ ਗਲੇ ਵਿਚ ਹਾਰ ਪਾਉਣਾ, ਪ੍ਰਸੰਸਾ ਕਰਨਾ ਜਾਂ ਜੀ ਹਜ਼ੂਰੀ ਕਰਨਾ ਹੀ ਨਹੀਂ ਹੁੰਦਾ, ਸਗੋਂ ਦੂਜੇ ਨੂੰ ਸਲੀਕੇ, ਅਦਬ ਨਾਲ ਬੁਲਾਉਣਾ, ਇੱਜ਼ਤ ਕਰਨਾ, ਭਾਵਨਾਵਾਂ ਦਾ ਸਤਿਕਾਰ ਕਰਨਾ ਅਤੇ ਹੋਂਦ ਨੂੰ ਸਵੀਕਾਰ ਕਰਨਾ ਵੀ ਹੁੰਦਾ ਹੈ। ਮਾਣ-ਸਨਮਾਨ ਦੇਣ ਤੇ ਲੈਣ ਵਿਚ ਅਮੀਰ-ਗਰੀਬ, ਛੋਟਾ-ਵੱਡਾ ਜਾਂ ਘੱਟ-ਵੱਧ ਪੜ੍ਹਿਆ ਲਿਖਿਆ ਨਹੀਂ ਵੇਖਿਆ ਜਾਂਦਾ। ਦੂਜਿਆਂ ਨੂੰ ਮਾਣ-ਸਨਮਾਨ ਦੇਣਾ ਤੁਹਾਡੀ ਮਹਾਨ ਸ਼ਖ਼ਸੀਅਤ, ਅਮੀਰ ਮਨ ਤੇ ਫ਼ਰਾਖ਼ ਦਿਲ ਹੋਣ ਦੀ ਨਿਸ਼ਾਨੀ ਹੁੰਦਾ ਹੈ। ਦੂਜਿਆਂ ਦਾ ਮਾਣ-ਸਨਮਾਨ ਕਰਨ ਨਾਲ ਮਨੁੱਖ ਖ਼ੁਦ ਵੀ ਮਾਣ-ਸਨਮਾਨ ਹਾਸਿਲ ਕਰਦਾ ਹੈ। ਕਿਸੇ ਵਲੋਂ ਗਰਜ ਸਾਰਨ ਜਾਂ ਕੰਮ ਆਉਣ 'ਤੇ ਸ਼ੁਕਰਗੁਜ਼ਾਰ ਹੋਣਾ ਦੋ ਤਰ੍ਹਾਂ ਦਾ ਹੁੰਦਾ ਹੈ ।ਪਹਿਲੀ ਕਿਸਮ ਵਿਚ ਕੇਵਲ ਮੂੰਹ ਨਾਲ ਸ਼ੁਕਰੀਆ ਕਰਨਾ ਹੁੰਦਾ ਹੈ, ਦੂਜੀ ਕਿਸਮ 'ਚ ਮਨੋਂ ਯਾਦ ਰੱਖਣਾ ਹੁੰਦਾ ਹੈ। ਮੂੰਹ ਨਾਲ ਸ਼ੁਕਰੀਆ ਅਦਾ ਕਰਨ ਦਾ ਵੀ ਇਕ ਸਲੀਕਾ ਹੁੰਦਾ ਹੈ। ਖ਼ੁਦਗਰਜ਼ ਅਤੇ ਹਉਮੈਂ ਨਾਲ ਭਰੇ ਲੋਕ ਮੂੰਹ ਨਾਲ ਸ਼ੁਕਰੀਆ ਅਦਾ ਕਰਨ ਨੂੰ ਭਾਰ ਸਮਝਦੇ ਹਨ। ਉਹ ਦੂਜਿਆਂ ਦੇ ਅਹਿਸਾਨ ਨੂੰ ਭੁਲਾ ਦਿੰਦੇ ਹਨ ਪਰ ਨਿਮਰ ਸੁਭਾਅ ਦੇ ਲੋਕ ਬਹੁਤ ਹੀ ਅਦਬ ਤੇ ਨਿਮਰ ਭਾਵ ਨਾਲ ਦੂਜਿਆਂ ਦਾ ਸ਼ੁਕਰੀਆ ਕਰਦੇ ਹਨ ਤੇ ਮਿਲੇ ਸਹਿਯੋਗ ਨੂੰ ਉਮਰ ਭਰ ਯਾਦ ਰੱਖਦੇ ਹਨ।

-ਮੋਬਾ: 98726-27136

ਪਿਛਲੀ ਖ਼ਬਰ ਬੋਲ ਕਬੋਲ ਅਗਲੀ ਖ਼ਬਰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।