ਐਡੀਲੇਡ, 21 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਿੱਖ ਹਾਕੀ ਕਲੱਬ ਤੇ ਵੁੱਡਵਿਲੇ ਹਾਕੀ ਕਲੱਬ ਦੇ ਸਾਂਝੇ ਉਪਰਾਲੇ ਨਾਲ ਕਰਵਾਈ ਗਈ ਸੱਤ ਰੋਜ਼ਾ ਅੰਤਰਰਾਸ਼ਟਰੀ ਅੰਡਰ-21 ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ-2026 ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਈ। 15 ਤੋਂ 21 ਨਵੰਬਰ ਤੱਕ ਐਡੀਲੇਡ, ਦੱਖਣੀ ਆਸਟ੍ਰੇਲੀਆ ਵਿਖੇ ਕਰਵਾਏ ਗਏ ਇਸ ਟੂਰਨਾਮੈਂਟ ’ਚ ਮਲੇਸ਼ੀਆ, ਜਪਾਨ, ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਨੇ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੌਰਾਨ ਹਰ ਰੋਜ਼ ਸ਼ਾਮ ਨੂੰ ਹੋਏ ਰੋਮਾਂਚਕ ਮੁਕਾਬਲਿਆਂ ਦਾ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਭਰਪੂਰ ਆਨੰਦ ਮਾਣਿਆ। ਫਾਈਨਲ ਮੁਕਾਬਲੇ ’ਚ ਮਲੇਸ਼ੀਆ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜੇਤੂ ਕੱਪ ਆਪਣੇ ਨਾਂਅ ਕੀਤਾ ਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮੇਜ਼ਬਾਨ ਟੀਮ ਵੁੱਡਵਿਲੇ ਐਡੀਲੇਡ ਸਿੱਖਸ ਨੇ ਫਾਈਨਲ ਤੱਕ ਪਹੁੰਚ ਕੇ ਦੂਜਾ ਸਥਾਨ ਹਾਸਲ ਕੀਤਾ ਤੇ ਉਪ-ਜੇਤੂ ਰਹੀ, ਜਦਕਿ ਨਿਊ ਸਾਊਥ ਵੇਲਜ਼ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਖੇਡ ਸਮਾਗਮ ਦੀ ਵਿਸ਼ੇਸ਼ ਖਿੱਚ ਪੰਜਾਬੀ ਭਾਈਚਾਰੇ ਵਲੋਂ ਹਰ ਰੋਜ਼ ਕੀਤੀ ਗਈ ਲੰਗਰ ਦੀ ਸੇਵਾ ਵੀ ਰਹੀ।
ਇਸ ਸੇਵਾ ਰਾਹੀਂ ਭਾਈਚਾਰੇ ਨੇ ਖਿਡਾਰੀਆਂ, ਪ੍ਰਬੰਧਕਾਂ ਤੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਿਆਂ ਆਪਸੀ ਸਾਂਝ ਅਤੇ ਸੇਵਾ ਭਾਵਨਾ ਦਾ ਸੁੰਦਰ ਸੰਦੇਸ਼ ਦਿੱਤਾ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਗੁਰਮੀਤ ਢਿੱਲੋਂ, ਹਰਪ੍ਰੀਤ ਧਮਰਾਇਤ, ਸਰਦਾਰ ਕਰਨੈਲ ਸਿੰਘ, ਗੁਰਸੇਵਕ ਢਿੱਲੋਂ, ਦਵਿੰਦਰ ਸਿੰਘ, ਐਡੀਲੇਡ ਸੋਲਰ ਐਂਡ ਇਲੈਕਟ੍ਰੀਕਲ ਸਰਵਿਸਿਜ਼, ਸੁੱਖਾ ਪੰਜਾਬ ਮੋਟਰਜ਼, ਹਰਜਿੰਦਰ ਸਿੰਘ ਲਸਾੜਾ, ਅਮਨਜੋਤ ਚੀਮਾ, ਸਰੂਪ ਸਿੰਘ ਜੌਹਲ, ਹਰਵਰਿੰਦਰ ਸਿੰਘ ਸਿੱਬੀਆ ਤੇ ਪਰਮਿੰਦਰ ਸਿੰਘ ਸਮੇਤ ਸਮੂਹ ਸਪਾਂਸਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਐਡੀਲੇਡ ਸਿੱਖ ਹਾਕੀ ਕਲੱਬ ਤੇ ਵੁੱਡਵਿਲੇ ਹਾਕੀ ਕਲੱਬ ਵਲੋਂ ਸਾਰੇ ਸਪਾਂਸਰਾਂ, ਵਲੰਟੀਅਰਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਤੇ ਉਤਸ਼ਾਹ ਸਦਕਾ ਇਹ ਅੰਤਰਰਾਸ਼ਟਰੀ ਖੇਡ ਸਮਾਗਮ ਯਾਦਗਾਰੀ ਹੋ ਨਿਬੜਿਆ।