ਨਿਊਯਾਰਕ, 21 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਸ਼ਿੰਗਟਨ ਵਿਚ ਵਿਗਿਆਨਕ ਕਾਨਫਰੰਸ ਦੌਰਾਨ ਆਪਣੀ ਖੋਜ ਪੇਸ਼ ਕਰਕੇ ਨਿਊਜਰਸੀ ਪਰਤ ਰਹੀ ਪ੍ਰਿੰਸਟਨ ਯੂਨੀਵਰਸਿਟੀ ਦੀ ਵਿਦਿਆਰਥਣ ਈਵਾ ਯੀ.ਸ਼ੀ. ਨੂੰ ਪਰਵਾਸ ਏਜੰਸੀ ‘ਆਈਸ’ ਨੇ ਹਿਰਾਸਤ ’ਚ ਲੈ ਲਿਆ ਹੈ। ਉਸ ਨੂੰ ਵੀਰਵਾਰ ਨੂੰ ਵਰਜੀਨੀਆ ਦੇ ਆਰਲਿੰਗਟਨ ਸਥਿਤ ਰੋਨਾਲਡ ਰੀਗਨ ਨੈਸ਼ਨਲ ਹਵਾਈ ਅੱਡੇ ਉੱਤੇ ਉਸ ਵੇਲੇ ਫੜਿਆ ਗਿਆ, ਜਦੋਂ ਉਹ ਆਪਣੀ ਉਡਾਣ ਦੀ ਉਡੀਕ ਕਰ ਰਹੀ ਸੀ। ਈਵਾ ਪ੍ਰਿੰਸਟਨ ਨਿਊਰੋਸਾਇੰਸ ਇੰਸਟੀਚਿਊਟ ਵਿਚ ਪੀ.ਐੱਚ.ਡੀ. ਦੇ ਤੀਜੇ ਸਾਲ ਦੀ ਵਿਦਿਆਰਥਣ ਹੈ।
ਉਹ ‘ਸੋਸਾਇਟੀ ਫਾਰ ਨਿਊਰੋਸਾਇੰਸ’ ਦੀ ਸਾਲਾਨਾ ਕਾਨਫਰੰਸ ਵਿਚ ਗਈ ਸੀ, ਜਿੱਥੇ ਉਸ ਨੇ ਬੁੱਧਵਾਰ ਨੂੰ ਆਪਣੀ ਖੋਜ ਪੇਸ਼ ਕੀਤੀ। ਉਸ ਦਾ ਕੰਮ ਇਹ ਸਮਝਣ ਉੱਤੇ ਕੇਂਦਰਿਤ ਹੈ ਕਿ ਦਿਮਾਗ਼ ਫ਼ੈਸਲੇ ਕਿਵੇਂ ਲੈਂਦਾ ਹੈ। ਇਸ ਦੌਰਾਨ ਗ੍ਰਹਿ ਸੁਰੱਖਿਆ ਵਿਭਾਗ ਨੇ ਆਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਹੈ ਕਿ ਈਵਾ ਅਮਰੀਕਾ ’ਚ ਕਾਨੂੰਨੀ ਪਰਵਾਸੀ ਦਰਜੇ ਤੋਂ ਬਿਨਾਂ ਰਹਿ ਰਹੀ ਸੀ। ਵਿਭਾਗ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਅਮਰੀਕਾ ’ਚ ਪੜ੍ਹਨ ਦੀ ਯੋਗ ਮਨਜ਼ੂਰੀ ਨਹੀਂ ਸੀ।
ਉਸ ਦਾ ਕਹਿਣਾ ਹੈ ਕਿ ਵਿਚਾਰ ਅਧੀਨ ਅਰਜ਼ੀ ਆਪਣੇ ਆਪ ਕਾਨੂੰਨੀ ਦਰਜਾ ਨਹੀਂ ਦਿੰਦੀ। ਦੂਜੇ ਪਾਸੇ ਪ੍ਰਿੰਸਟਨ ਯੂਨੀਵਰਸਿਟੀ ਨੇ ਉਸ ਲਈ ਵਕੀਲ ਦਾ ਪ੍ਰਬੰਧ ਕਰ ਦਿੱਤਾ ਹੈ। ਗ੍ਰੈਜੂਏਟ ਸਕੂਲ ਦੇ ਡੀਨ ਰੌਡਨੀ ਪ੍ਰੀਸਟਲੀ ਨੇ ਕਿਹਾ ਕਿ ਯੂਨੀਵਰਸਿਟੀ ਪਰਿਵਾਰ, ਵਕੀਲਾਂ ਤੇ ਖੋਜ ਸਾਥੀਆਂ ਨਾਲ ਸੰਪਰਕ ’ਚ ਰਹਿ ਕੇ ਮਦਦ ਕਰ ਰਹੀ ਹੈ।