15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀਆਂ ਬਹੁਪੱਖੀ ਸੇਵਾਵਾਂ

ਸੇਵਾ ਦੀ ਧਾਰਾ ਜੋ ਹਰ ਪਾਸੇ ਵਹਿ ਰਹੀ ਹੈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀਆਂ ਬਹੁਪੱਖੀ ਸੇਵਾਵਾਂ

ਅਜੀਤ ਡੈਸਕ 16-11-2026

 


ਸਿੱਖ ਧਰਮ ਦੀ ਮੂਲ ਵਿਚਾਰਧਾਰਾ ਵਿਚ 'ਸੇਵਾ' ਨੂੰ  ਵਿਸ਼ੇਸ਼ ਸਥਾਨ ਪ੍ਰਾਪਤ ਹੈ | ਸੇਵਾ ਮਨੁੱਖ ਨੂੰ  ਨਿਮਰਤਾ, ਸਾਂਝੀਵਾਲਤਾ ਤੇ ਦੂਜਿਆਂ ਦੇ ਦੁੱਖ ਨੂੰ  ਸਮਝਣ ਦੀ ਪ੍ਰੇਰਨਾ ਦਿੰਦੀ ਹੈ | ਇਸੇ ਸੇਵਾ ਪਰੰਪਰਾ ਨੂੰ  ਅੱਗੇ ਤੋਰਨ ਵਾਲੀਆਂ ਸੰਸਥਾਵਾਂ 'ਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦਾ ਵਿਸ਼ੇਸ਼ ਸਥਾਨ ਹੈ | ਸਰਹਾਲੀ ਸਾਹਿਬ ਤੋਂ ਚੱਲੀ ਇਹ ਸੇਵਾ-ਧਾਰਾ ਅੱਜ ਪੰਜਾਬ ਤੋਂ ਬਾਹਰ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ | 
ਇਤਿਹਾਸ ਤੋਂ ਵਰਤਮਾਨ ਤੱਕ ਕਾਰ ਸੇਵਾ-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਮੌਜੂਦਾ ਸੇਵਾ-ਯਾਤਰਾ ਨੂੰ  ਸਮਝਣ ਲਈ ਇਸ ਦੇ ਇਤਿਹਾਸਕ ਪਿਛੋਕੜ 'ਤੇ ਨਜ਼ਰ ਮਾਰਨੀ ਜ਼ਰੂਰੀ ਹੈ | ਸੰਤ ਬਾਬਾ ਤਾਰਾ ਸਿੰਘ (1927-1987) ਤੋਂ ਆਰੰਭ ਹੋਈ ਇਸ ਸੇਵਾ ਪਰੰਪਰਾ ਨੂੰ  ਸੰਤ ਬਾਬਾ ਚਰਨ ਸਿੰਘ (1954-2001) ਨੇ ਅੱਗੇ ਵਧਾਇਆ | ਮੌਜੂਦਾ ਸਮੇਂ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਨਿਰੰਤਰ ਸੇਵਾ ਕਾਰਜ ਜਾਰੀ ਹਨ |
ਬੰਗਲਾਦੇਸ਼ 'ਚ ਸੇਵਾ-ਸੰਭਾਲ-ਸੰਪਰਦਾਇ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਸੰਤ ਬਾਬਾ ਸੁੱਖਾ ਸਿੰਘ ਨੂੰ  ਸਾਲ 2003 ਵਿਚ ਕੋਲਕਾਤਾ ਵਿਖੇ ਸਿੱਖ ਸੰਗਤ ਨਾਲ ਮੁਲਾਕਾਤ ਦੌਰਾਨ ਬੰਗਲਾਦੇਸ਼ ਦੇ ਇਤਿਹਾਸਕ ਗੁਰਧਾਮਾਂ ਦੇ ਖ਼ਸਤਾ ਹਾਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਅਗਲੇ ਵਰ੍ਹੇ 2004 'ਚ ਇਨ੍ਹਾਂ ਅਸਥਾਨਾਂ ਦੀ ਕਾਰ ਸੇਵਾ ਆਰੰਭ ਕਰਨ ਦਾ ਫ਼ੈਸਲਾ ਕੀਤਾ | ਢਾਕਾ ਦੇ ਗੁਰਦੁਆਰਾ ਨਾਨਕ ਸ਼ਾਹੀ (ਪਾ:1), ਗੁਰਦੁਆਰਾ ਸੰਗਤ ਟੋਲਾ (ਪਾ:9), ਚਿਟਾਗਾਂਗ ਸ਼ਹਿਰ ਦੇ ਗੁਰਦੁਆਰਾ ਸਿੱਖ ਟੈਂਪਲ ਅਸਟੇਟ ਤੇ ਗੁਰਦੁਆਰਾ ਸਾਹਿਬ ਪਹਾੜਤਲੀ ਅਤੇ ਸ਼ਹਿਰ ਮਾਇਮਨਸਿੰਘ ਨਾਲ ਸੰਬੰਧਿਤ ਇਤਿਹਾਸਕ ਗੁਰਧਾਮ ਇਸ ਕਾਰਜ ਨਾਲ ਜੋੜੇ | ਜਾਣਕਾਰੀ ਮੁਤਾਬਕ 2004 ਤੋਂ ਬੰਗਲਾਦੇਸ਼ ਦੇ ਪੰਜ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਤੇ ਨਵੀਨੀਕਰਨ ਨਾਲ ਸਬੰਧਿਤ ਕਾਰਜ ਕੀਤੇ ਜਾ ਰਹੇ ਹਨ | ਗੁਰਦੁਆਰਾ ਗੁਰੂ ਨਾਨਕ ਮੰਦਰ ਮਾਇਮਨਸਿੰਘ ਵਿਖੇ ਸਾਲ 2006 ਵਿਚ ਲੰਮੇ ਸਮੇਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਨਿਸ਼ਾਨ ਸਾਹਿਬ ਸਥਾਪਤ ਕੀਤਾ | ਇਨ੍ਹਾਂ ਕਾਰਜਾਂ 'ਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੰਗਤਾਂ ਨੇ ਵੀ ਸਹਿਯੋਗ ਕੀਤਾ | ਸੰਪਰਦਾਇ ਵਲੋਂ ਇਕ ਹੋਰ ਅਤਿ ਸ਼ਲਾਘਾਯੋਗ ਅੰਤਰਰਾਸ਼ਟਰੀ ਉੱਦਮ ਹੈ, ਹਰ ਸਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਬੰਗਲਾਦੇਸ਼ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਸਿੱਖ ਸ਼ਰਧਾਲੂਆਂ ਨੂੰ  ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ ਕਰਾਉਣੀ | ਇਸ ਸਾਲ (4 ਦਸੰਬਰ 2026) ਨੂੰ  ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ |
ਸਿੱਖਿਆ ਨੂੰ  ਅਹਿਮ ਸਥਾਨ ਦਿੱਤਾ-ਸੰਪਰਦਾਇ ਦੇ ਬਾਨੀ ਸੰਤ ਬਾਬਾ ਤਾਰਾ ਸਿੰਘ ਵਲੋਂ 1970 ਵਿਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਆਰੰਭ ਕੀਤਾ ਗਿਆ | ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਰਾਸ਼ਟਰ 'ਚ ਵੀ ਵਿੱਦਿਅਕ ਕਾਰਜ ਕੀਤੇ | ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ  ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣਾ ਇਸ ਸੇਵਾ ਦਾ ਇਕ ਅਹਿਮ ਮਨੋਰਥ ਰਿਹਾ ਹੈ | ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਤੇ ਰਾਏਪੁਰ (ਛੱਤੀਸਗੜ੍ਹ) ਵਿਖੇ ਸੰਪਰਦਾਇ ਵਲੋਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ |
ਗੁਰਮਤਿ ਸੰਗੀਤ-ਸਰਹਾਲੀ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਵੀ ਇਸੇ ਸੋਚ ਦਾ ਹਿੱਸਾ ਹੈ | ਸਾਲ 2007 'ਚ ਸਥਾਪਤ ਇਸ ਅਕੈਡਮੀ ਵਿਚ ਬੱਚਿਆਂ ਤੇ ਨੌਜਵਾਨਾਂ ਨੂੰ  ਗੁਰਬਾਣੀ ਸੰਥਿਆ ਤੇ ਕੀਰਤਨ ਦੇ ਨਾਲ ਤਬਲਾ ਤੇ ਹਾਰਮੋਨੀਅਮ ਵਰਗੇ ਸਾਜ਼ਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ |  ਨਾਂਦੇੜ (ਮਹਾਂਰਾਸ਼ਟਰ) ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਬਾਬਾ ਲੱਖੀ ਸ਼ਾਹ ਵਣਜਾਰਾ ਗੁਰਮਤਿ ਵਿਦਿਆਲਾ, ਮੁਗਟ ਵਿਖੇ ਚੱਲ ਰਿਹਾ ਹੈ, ਜਿੱਥੇ ਸਿਕਲੀਗਰ ਤੇ ਵਣਜਾਰਾ ਭਾਈਚਾਰੇ ਦੇ ਸਿੱਖ ਬੱਚੇ ਮੁਫ਼ਤ ਗੁਰਮਤਿ ਵਿੱਦਿਆ, ਕੀਰਤਨ ਸਿਖਲਾਈ, ਫ੍ਰੀ ਹੋਸਟਲ ਤੇ ਲੰਗਰ ਦੀਆਂ ਸਹੂਲਤਾਂ ਪ੍ਰਾਪਤ ਕਰ ਰਹੇ ਹਨ |
ਖੇਡਾਂ ਰਾਹੀਂ ਨਵੀਂ ਦਿਸ਼ਾ-ਨੌਜਵਾਨਾਂ ਨੂੰ  ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ਲਈ ਸੰਤ ਬਾਬਾ ਤਾਰਾ ਸਿੰਘ ਜੀ ਸਪੋਰਟਸ ਅਕੈਡਮੀ, ਸਰਹਾਲੀ ਦੀ ਸ਼ੁਰੂਆਤ ਕੀਤੀ ਗਈ | 2024 'ਚ ਸ਼ੁਰੂ ਕੀਤੀ ਇਸ ਅਕੈਡਮੀ ਲਈ ਕਰੀਬ ਸੱਤ ਏਕੜ ਜ਼ਮੀਨ 'ਤੇ ਖੇਡ ਪ੍ਰਬੰਧ ਕੀਤੇ ਗਏ | 
ਹਰਿਆਵਲ ਮੁਹਿੰਮ-ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਨਿਰੰਤਰ ਚਲਾਈ ਜਾ ਰਹੀ ਇਸ ਹਰਿਆਵਲ ਮੁਹਿੰਮ ਤਹਿਤ ਹਰ ਸਾਲ ਨਾ ਸਿਰਫ਼ ਵੱਡੀ ਗਿਣਤੀ 'ਚ ਬੂਟੇ ਲਾਏ ਜਾਂਦੇ ਹਨ, ਸਗੋਂ ਲੋਕਾਂ ਨੂੰ  ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ | ਸਾਲ 2026 'ਚ 1.50 ਲੱਖ ਦੇ ਕਰੀਬ ਬੂਟੇ ਲਾਏ ਗਏ | 
ਲੋੜਵੰਦਾਂ ਲਈ ਸਹੂਲਤਾਂ-ਸੰਪਰਦਾਇ ਵਲੋਂ ਸਿਹਤ ਦੇ ਖੇਤਰ 'ਚ ਵੀ ਲੋੜਵੰਦ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਸੇਵਾਵਾਂ ਨਾਲ ਸੰਬੰਧਿਤ ਉਪਰਾਲੇ ਕੀਤੇ ਜਾਂਦੇ ਹਨ, ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹਾਂ ਦਾ ਉਪਰਾਲਾ ਵੀ ਲੰਮੇ ਸਮੇਂ ਤੋਂ ਸੇਵਾ ਕਾਰਜਾਂ ਦਾ ਹਿੱਸਾ ਹੈ ਤੇ ਸਮੇਂ-ਸਮੇਂ ਖੂਨਦਾਨ ਕੈਂਪ ਲਾਏ ਜਾਂਦੇ ਹਨ |
'ਸੇਵਾ ਰਤਨ' ਸਨਮਾਨ-ਸੰਤ ਬਾਬਾ ਸੁੱਖਾ ਸਿੰਘ ਜੀ ਨੂੰ  ਸਿੱਖੀ ਦੇ ਚਾਰ ਤਖ਼ਤ ਸਾਹਿਬਾਨ ਵਲੋਂ ਅਤੇ ਆਸਟ੍ਰੇਲੀਆ, ਕੈਨੇਡਾ, ਬੰਗਲਾਦੇਸ਼ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਉੱਘੇ ਨੇਤਾਵਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਗ੍ਰਾਮ ਪੰਚਾਇਤਾਂ ਤੇ ਸਿੱਖ ਸੰਗਤਾਂ ਵਲੋਂ ਵੱਡੇ ਪੱਧਰ 'ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਸਾਲ 2026 'ਚ ਬਾਬਾ ਜੀ ਨੂੰ  ਹੜ੍ਹ ਰਾਹਤ ਕਾਰਜਾਂ ਲਈ 'ਸੇਵਾ ਰਤਨ' ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ |
 ਇਸ ਤਰ੍ਹਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਇਹ ਬਹੁਪੱਖੀ ਸੇਵਾ-ਧਾਰਾ ਇਸ ਵਿਚਾਰ ਨੂੰ  ਅਮਲੀ ਰੂਪ ਦਿੰਦੀ ਨਜ਼ਰ ਆਉਂਦੀ ਹੈ ਕਿ 'ਸਰਬੱਤ ਦਾ ਭਲਾ' ਸਿਰਫ਼ ਸ਼ਬਦ ਨਹੀਂ, ਸਗੋਂ ਜੀਵਨ 'ਚ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਵੀ ਹੈ |
-ਇੰਚਾਰਜ ਉਪ ਦਫ਼ਤਰ, ਤਰਨ ਤਾਰਨ | ਮੋਬਾਈਲ : 98760-33901

ਪਿਛਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ 'ਬੁੰਗਾ ਰਾਮਗੜ੍ਹੀਆ' ਅਗਲੀ ਖ਼ਬਰ ਸੰਤ ਕਰਤਾਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।