ਅੱਜ ਅਸੀਂ ਜਿਸ ਅਜ਼ਾਦੀ ਦਾ ਜੋ ਨਿੱਘ ਮਾਣ ਰਹੇ ਹਾਂ, ਇਸ ਲਈ ਅਨੇਕਾਂ ਸੂਰਬੀਰਾਂ, ਯੋਧਿਆਂ ਤੇ ਅਣਖੀ ਦਲੇਰ ਸੂਰਮਿਆਂ ਨੂੰ ਸਿਰ ਧੜ ਦੀ ਬਾਜ਼ੀ ਲਾਉਣੀ ਪਈ ਸੀ। ਬਾਬਾ ਗੁਰਦਿੱਤ ਸਿੰਘ ਦਾ ਨਾਂਅ ਵੀ ਇਨ੍ਹਾਂ ਸੂਰਮਿਆਂ ਦੀ ਸੂਚੀ 'ਚ ਬੜਾ ਸਤਿਕਾਰਤ ਥਾਂ ਰੱਖਦਾ ਹੈ। ਸੰਨ 1914 ਨੂੰ ਬਜਬਜਘਾਟ ਦੇ ਰੇਲਵੇ ਸਟੇਸ਼ਨ 'ਤੇ ਇਕ ਦੁਖਾਂਤ ਵਾਪਰਿਆ। ਇਸ ਸਾਰੇ ਦੁਖਾਂਤ ਨੂੰ 'ਕਾਮਾਗਾਟਾਮਾਰੂ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਬਾਬਾ ਗੁਰਦਿੱਤ ਸਿੰਘ ਦਾ ਜਨਮ 25 ਅਗਸਤ 1860 ਨੂੰ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ 'ਚ ਹੋਇਆ।
ਜਾਪਾਨੀ ਕੰਪਨੀ ਤੋਂ ਜਹਾਜ਼ ਲੈਣਾ- ਬਾਬਾ ਗੁਰਦਿੱਤ ਸਿੰਘ ਛੋਟੀ ਉਮਰੇ ਹੀ ਆਪਣੇ ਪਿਤਾ ਸ. ਹੁਕਮ ਸਿੰਘ ਕੋਲ ਮਲਾਇਆ ਵਿਖੇ ਚਲੇ ਗਏ ਤੇ ਉਨ੍ਹਾਂ ਨਾਲ ਮਿਲ ਕੇ ਠੇਕੇਦਾਰੀ ਦੇ ਕੰਮ 'ਚ ਜੁਟ ਗਏ। ਫਿਰ ਉਹ ਹਾਂਗਕਾਂਗ ਚਲੇ ਗਏ। ਇੱਥੇ ਉਨ੍ਹਾਂ ਨੇ ਪੰਜਾਬੀਆਂ ਦੀਆਂ ਦੁੱਖ-ਤਕਲੀਫਾਂ ਦੇਖੀਆਂ-ਸੁਣੀਆਂ ਕਿ ਕਿਵੇਂ ਪੰਜਾਬੀ ਹਾਂਗਕਾਂਗ 'ਚ ਕੈਨੇਡਾ ਜਾਣ ਲਈ ਟਿਕਟ ਨਾ ਮਿਲਣ ਕਾਰਨ ਕਈ ਮਹੀਨਿਆਂ ਤੋਂ ਫਸੇ ਹੋਏ ਹਨ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਜਹਾਜ਼ ਕੰਪਨੀ ਉਨ੍ਹਾਂ ਨੂੰ ਟਿਕਟਾਂ ਦੇਣ ਲਈ ਤਿਆਰ ਨਹੀਂ ਸੀ। ਇਸ ਪਿੱਛੇ ਕਾਰਨ ਇਹ ਸੀ ਕਿ ਭਾਰਤੀ ਤੇ ਕੈਨੇਡੀਅਨ ਸਰਕਾਰਾਂ ਨੇ ਅਜਿਹਾ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ। ਇਸ ਲਈ ਦੇਸ਼ ਵਾਸੀਆਂ ਦੀ ਮਦਦ ਕਰਨ ਲਈ ਬਾਬਾ ਗੁਰਦਿੱਤ ਸਿੰਘ ਨੇ 'ਕਾਮਾਗਾਟਾਮਾਰੂ' ਨਾਂਅ ਦਾ ਜਾਪਾਨੀ ਜਹਾਜ਼ ਕਿਰਾਏ 'ਤੇ ਲੈ ਲਿਆ।
ਕਾਨੂੰਨੀ ਚਾਰਾਜੋਈ- ਕਾਮਾਗਾਟਾਮਾਰੂ 4 ਅਪ੍ਰੈਲ 1914 ਈ: ਨੂੰ ਹਾਂਗਕਾਂਗ ਤੋਂ ਚੱਲਿਆ, ਜਿਸ 'ਚ ਕੁੱਲ 376 ਮੁਸਾਫ਼ਰ ਸਵਾਰ ਸਨ, ਜਿਨ੍ਹਾਂ 'ਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ। 22-23 ਮਈ ਨੂੰ ਜਹਾਜ਼ ਵੈਨਕੂਵਰ ਪਹੁੰਚ ਗਿਆ। ਇੱਥੇ ਇਸ ਜਹਾਜ਼ ਨੂੰ ਵਾਪਸ ਹਾਂਗਕਾਂਗ ਜਾਂ ਭਾਰਤ ਭੇਜਣ ਲਈ ਉੱਥੋਂ ਦੀ ਸਰਕਾਰ ਪਹਿਲੋਂ ਹੀ ਸਰਗਰਮ ਸੀ। ਸਰਕਾਰੀ ਰਿਪੋਰਟਾਂ 'ਚ ਬਾਬਾ ਜੀ ਦੇ ਇਹ ਬਿਆਨ ਦਰਜ ਹਨ ਕਿ ਮੈਂ ਮਾਮਲੇ ਦੇ ਸਦੀਵੀ ਨਿਪਟਾਰੇ ਲਈ ਵੈਨਕੂਵਰ ਦੀ ਸੁਪਰੀਮ ਕੋਰਟ 'ਚ ਮੁਕੱਦਮਾ ਲੜਾਂਗਾ। ਜੇ ਕੈਨੇਡੀਅਨ ਸਰਕਾਰ ਨੇ ਸਾਡੇ ਉਤਾਰੇ ਨੂੰ ਰੋਕਿਆ ਤਾਂ ਮੈਂ ਆਪਣੀ ਸਰਕਾਰ ਤੋਂ ਕਈ ਸਵਾਲ ਪੁੱਛਾਂਗਾ ਅਤੇ ਮਾਮਲੇ ਦੇ ਅੰਤਿਮ ਹੰਨੇ ਜਾਂ ਬੰਨੇ ਨਿਬੇੜੇ ਤੋਂ ਪਹਿਲਾਂ ਨਹੀ ਆਵਾਂਗਾ ਤੇ ਕਾਰਵਾਈ ਦੇ ਪੂਰੇ ਵੇਰਵੇ ਭਾਰਤ ਦੇ ਲੋਕਾਂ ਤੱਕ ਪੁੱਜਦੇ ਕਰਦੇ ਰਹਾਂਗਾ। ਉਨ੍ਹਾਂ ਨੇ ਜੇ. ਐਡਵਰਡ ਬਰਡ ਨਾਂਅ ਦਾ ਵਕੀਲ ਕੀਤਾ, ਜਿਸ ਨੇ ਬੰਦਰਗਾਹ ਦੇ ਰਾਹ 'ਚ ਹੀ 'ਕਾਮਾਗਾਟਾਮਾਰੂ' ਨੂੰ ਰੋਕਣ ਦਾ ਰੋਸ ਦਰਜ ਕਰਾ ਦਿੱਤਾ।
ਕੂਟਨੀਤੀ ਮੁਤਾਬਿਕ ਫ਼ੈਸਲਾ- ਹਾਂਗਕਾਂਗ ਦੇ ਵਕੀਲਾਂ ਅਨੁਸਾਰ ਕਾਮਾਗਾਟਾਮਾਰੂ ਦਾ ਫ਼ੈਸਲਾ ਕਾਨੂੰਨ ਨਹੀਂ, ਸਗੋਂ ਕੂਟਨੀਤੀ ਮੁਤਾਬਿਕ ਕੀਤਾ ਗਿਆ ਸੀ। 22 ਮਈ 1914 ਈ: ਨੂੰ ਜਹਾਜ਼ ਵੈਨਕੂਵਰ ਪਹੁੰਚਿਆ ਸੀ ਤੇ 23 ਜੁਲਾਈ 1914 ਤੱਕ ਲਗਭਗ ਦੋ ਮਹੀਨੇ ਤੱਕ ਜਹਾਜ਼ ਨੂੰ ਸਮੁੰਦਰ ਵਿਚ ਹੀ ਰੋਕ ਰੱਖਿਆ ਸੀ। ਕਈ ਵਾਰ ਪੁਲਿਸ ਨਾਲ ਝੜਪਾਂ ਵੀ ਹੋਈਆਂ। ਇਸ ਦੌਰਾਨ ਜਹਾਜ਼ 'ਚੋਂ ਲਗਭਗ ਰਾਸ਼ਨ ਤੇ ਪਾਣੀ ਵੀ ਖ਼ਤਮ ਹੋ ਚੁੱਕਾ ਸੀ। ਭੁੱਖ ਨਾਲ ਕਈ ਮੁਸਾਫ਼ਰ ਬਿਮਾਰ ਹੋਣ ਲੱਗੇ। ਮੁਸਾਫ਼ਰਾਂ ਨੇ ਸਰਕਾਰ ਤੋਂ ਰਾਸ਼ਨ-ਪਾਣੀ ਦੀ ਮੰਗ ਕੀਤੀ, ਜੋ ਉਨ੍ਹਾਂ ਨੇ ਠੁਕਰਾ ਦਿੱਤੀ। ਅੰਤ 'ਕਾਮਾਗਾਟਾਮਾਰੂ' ਦੇ ਏਜੰਟ ਟੂਪਰ ਦੇ ਸੁਝਾਅ 'ਤੇ ਸਰਕਾਰ ਨੇ ਮੁਸਾਫ਼ਰਾਂ ਨੂੰ ਰਸਦ-ਪਾਣੀ, ਦਵਾਈਆਂ ਤੇ ਸਾਰਾ ਖ਼ਰਚਾ ਦੇਣਾ ਪ੍ਰਵਾਨ ਕਰ ਲਿਆ ਪਰ ਸ਼ਰਤ ਇਹ ਰੱਖੀ ਕਿ ਜਹਾਜ਼ ਤੁਰੰਤ ਹਾਂਗਕਾਂਗ ਲਈ ਰਵਾਨਾ ਹੋ ਜਾਵੇ।
ਦੇਸ਼ ਵਾਪਸੀ ਦਾ ਹੁਕਮ- ਕੈਨੇਡਾ ਦਾ ਕਾਨੂੰਨ ਸੀ ਕਿ ਉੱਥੇ ਸਿਰਫ਼ ਉਹੀ ਦਾਖ਼ਲ ਹੋ ਸਕਦਾ ਹੈ, ਜੋ ਆਪਣੇ ਦੇਸ਼ ਤੋਂ ਸਿੱਧਾ ਕੈਨੇਡਾ ਪਹੁੰਚੇ ਤੇ 200 ਡਾਲਰ ਜੇਬ 'ਚ ਹੋਣ। ਐਡਵਰਡ ਬਰਡ ਨੇ ਪੜਤਾਲੀਆ ਬੋਰਡ ਦੇ ਆਪਣੇ ਫ਼ੈਸਲੇ ਰੋਕਣੇ ਬੰਦ ਕਰਾ ਕੇ ਹਰ ਮੁਕੱਦਮੇ ਦਾ ਵਾਰੋ-ਵਾਰ ਫ਼ੈਸਲਾ ਦੇਣ ਲਈ ਮਜਬੂਰ ਕਰ ਦਿੱਤਾ। ਬੋਰਡ ਨੇ ਆਪਣੀ 25 ਜੂਨ 1914 ਵਾਲੀ ਬੈਠਕ ਵਿਚ ਮੁਣਸ਼ੀ ਸਿੰਘ ਦੇ ਕੇਸ ਨੂੰ ਵਿਚਾਰ ਕੇ ਇਹ ਫ਼ੈਸਲਾ ਕੀਤਾ ਕਿ ਉਸ ਨੇ ਦੰਡਾਵਲੀ ਦੀਆਂ ਧਰਾਵਾਂ 24 ਤੇ 897 ਦੀ ਉਲੰਘਣਾ ਕਰਕੇ ਕੈਨੇਡਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਦੇਸ਼ ਵਾਪਸੀ ਦਾ ਹੁਕਮ ਕੀਤਾ ਜਾਂਦਾ ਹੈ।
ਗ੍ਰੰਥ ਸਾਹਿਬ ਦਾ ਓਟ ਆਸਰਾ- ਕਾਮਾਗਾਟਾਮਾਰੂ ਨੇ 23 ਜੁਲਾਈ 1914 ਨੂੰ ਆਪਣਾ ਵਾਪਸੀ ਸਫ਼ਰ ਸ਼ੁਰੂ ਕੀਤਾ ਤੇ 16 ਅਗਸਤ 1914 ਨੂੰ ਇਹ ਜਹਾਜ਼ ਯੋਕੋਹਾਮਾ ਤੇ 21 ਅਗਸਤ ਨੂੰ ਜਹਾਜ਼ ਕੋਬੋ ਪਹੁੰਚਿਆ। ਇੱਥੇ ਜਹਾਜ਼ ਦੇ ਮੁਸਾਫ਼ਰਾਂ ਨੂੰ ਤਾਜ਼ਾ ਰਾਸ਼ਨ-ਪਾਣੀ ਦਿੱਤਾ। ਜਹਾਜ਼ ਨੂੰ ਫਿਰ ਕਲਕੱਤੇ ਵੱਲ ਸਿੱਧਾ ਕਰ ਦਿੱਤਾ ਗਿਆ। ਅੰਤ 29 ਸਤੰਬਰ 1914 ਨੂੰ ਜਹਾਜ਼ ਬਜਬਜਘਾਟ ਪਹੁੰਚਿਆ। ਅੰਗਰੇਜ਼ ਸਰਕਾਰ ਇਨ੍ਹਾਂ ਨੂੰ ਬੰਦ ਗੱਡੀ 'ਚ ਬੈਠਾ ਕੇ ਪੰਜਾਬ ਭੇਜਣਾ ਚਾਹੁੰਦੀ ਸੀ, ਪਰ ਇਹ ਭਾਰਤੀ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ (ਜੋ ਉਹ ਜਹਾਜ਼ 'ਚ ਨਾਲ ਲੈ ਕੇ ਆਏ ਸਨ) ਉੱਥੋਂ ਦੇ ਗੁਰਦੁਆਰਾ ਸਾਹਿਬ ਵੱਲ ਚੱਲ ਪਏ। ਪੁਲਿਸ ਨੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ। ਇਹ ਮੁਸਾਫ਼ਰ ਸਟੇਸ਼ਨ 'ਤੇ ਹੀ ਬੈਠ ਗਏ ਤੇ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਪੁਲਿਸ ਨੇ ਇਨ੍ਹਾਂ ਨਿਹੱਥੇ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ 20 ਦੇ ਕਰੀਬ ਸਿੱਖ ਸ਼ਹੀਦ ਤੇ 25 ਜ਼ਖ਼ਮੀ ਹੋ ਗਏ, ਕਈਆਂ ਨੂੰ ਜੇਲ੍ਹ ਹੋ ਗਈ ਤੇ ਕਈ ਪੁੱਛ-ਪੜਤਾਲ ਕਰਕੇ ਛੱਡ ਦਿੱਤੇ ਗਏ। ਬਾਬਾ ਗੁਰਦਿੱਤ ਸਿੰਘ ਇੱਥੋਂ ਬਚ ਨਿਕਲੇ ਤੇ ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਂਦੇ ਰਹੇ। ਉਨ੍ਹਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਸੰਨ 1947 ਨੂੰ ਦੇਸ਼ ਆਜ਼ਾਦ ਹੋ ਗਿਆ ਤੇ ਉਹ ਅਜ਼ਾਦੀ ਦਾ ਨਿੱਘ ਮਾਣਦੇ ਹੋਏ 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ।
ਘਟਨਾ ਲਈ ਮੰਗੀ ਮਾਫ਼ੀ- ਪਿਛਲੇ 20-25 ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਉੱਥੇ ਵਸਦੇ ਸਿੱਖਾਂ ਨੇ ਕੈਨੇਡਾ ਸਰਕਾਰ 'ਤੇ ਇਸ ਗੱਲ ਦਾ ਜ਼ੋਰ ਪਾਇਆ ਸੀ ਕਿ ਕੈਨੇਡਾ ਸਰਕਾਰ ਕਾਮਾਗਾਟਾਮਾਰੂ ਦੁਖਾਂਤ ਲਈ ਮਾਫ਼ੀ ਮੰਗੇ। ਕੈਨੇਡਾ ਦੇ ਸਿੱਖਾਂ ਦੇ ਉਪਰਾਲੇ ਸਦਕਾ 18 ਮਈ 2016 ਨੂੰ ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ਼ ਕਾਮਨਜ਼ ਦੇ ਭਰੇ ਇਜਲਾਸ ਮੌਕੇ ਭਾਸ਼ਨ ਦੌਰਾਨ ਕਾਮਾਗਾਟਾਮਾਰੂ ਦੁਖਾਂਤ ਲਈ ਮਾਫ਼ੀ ਮੰਗੀ।
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email:dharmindersinghchabba@gmail.com