27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਈ ਕਿਰਪਾ ਸਿੰਘ ਬਣ ਕੇ ਸ਼ਹੀਦੀ ਦੇਣ ਵਾਲੇ ਪੰਡਤ ਕਿਰਪਾ ਰਾਮ

ਅਜੀਤ ਡੈਸਕ 21-07-2025

ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਕਸ਼ਮੀਰੀ ਪੰਡਤ ਆਪਣੇ ਆਗੂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ 'ਚ ਫ਼ਰਿਆਦ ਲੈ ਕੇ ਆਏ ਸਨ। ਸ੍ਰੀਨਗਰ ਤੋਂ 20 ਮੀਲ ਦੂਰ ਮਤਨ ਨਗਰ ਦੇ ਪੰਡਤ ਅਰੂ ਰਾਮ ਨਾਂਅ ਦੇ ਦੱਤ ਬ੍ਰਾਹਮਣ ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦੇ ਸ਼ਰਧਾਲੂ ਸਨ। ਸੰਨ 1660 ਈਸਵੀ 'ਚ ਜਦੋਂ ਗੁਰੂ ਹਰਿ ਰਾਇ ਸਾਹਿਬ ਕਸ਼ਮੀਰ ਗਏ ਤਾਂ ਪੰਡਤ ਅਰੂ ਰਾਮ ਨੇ ਉਨ੍ਹਾਂ ਨੂੰ ਸ੍ਰੀਨਗਰ ਤੋਂ ਲਿਜਾ ਕੇ ਆਪਣੇ ਨਗਰ ਮਤਨ ਵਿਖੇ ਚਰਨ ਪਵਾਏ। ਪੰਡਤ ਜੀ ਦੇ ਤਿੰਨਾਂ ਪੁੱਤਰਾਂ 'ਚੋਂ ਕਿਰਪਾ ਰਾਮ ਸਭ ਤੋਂ ਵੱਡੇ ਤੇ ਗੁਣੀ ਗਿਆਨੀ ਸਨ। ਸੰਨ 1670 ਈਸਵੀ 'ਚ ਜਦੋਂ ਬਾਲ ਗੋਬਿੰਦ ਰਾਏ ਆਪਣੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਵਲੋਂ ਨਵੇਂ ਵਸਾਏ ਨਗਰ ਚੱਕ ਮਾਤਾ ਨਾਨਕੀ (ਅਨੰਦਪੁਰ ਸਾਹਿਬ) ਆਏ ਤਾਂ ਪੰਡਤ ਕਿਰਪਾ ਰਾਮ ਲਖਨੌਰ ਵਿਖੇ ਉਨ੍ਹਾਂ ਦੇ ਦਰਸ਼ਨ ਕਰਨ ਪਹੁੰਚੇ। ਔਰੰਗਜ਼ੇਬ ਦੇ ਰਾਜ ਵੇਲੇ ਜਦੋਂ ਜਬਰ-ਜ਼ੁਲਮ ਦਾ ਦੌਰ ਸ਼ੁਰੂ ਹੋਇਆ ਤਾਂ ਕਸ਼ਮੀਰੀ ਪੰਡਤਾਂ ਨੇ ਗੁਰੂ ਘਰ ਨਾਲ ਗਹਿਰੇ ਤੇ ਨੇੜਲੇ ਸੰਬੰਧ ਵਾਲੇ ਪੰਡਤ ਕਿਰਪਾ ਰਾਮ ਦੀ ਅਗਵਾਈ 'ਚ ਅਨੰਦਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਪਾਸ ਫ਼ਰਿਆਦ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਕਸ਼ਮੀਰੀ ਪੰਡਤਾਂ ਨੇ ਆਪਣੇ ਦੁੱਖਾਂ-ਦਰਦਾਂ ਦੀ ਕਹਾਣੀ ਗੁਰੂ ਸਾਹਿਬ ਅੱਗੇ ਰੱਖੀ, ਤਾਂ ਗੁਰੂ ਜੀ ਇਸ ਬਾਰੇ ਬਾਦਸ਼ਾਹ ਔਰੰਗਜ਼ੇਬ ਨਾਲ ਗੱਲ ਕਰਨ ਵਾਸਤੇ ਦਿੱਲੀ ਜਾਣ ਲਈ ਤਿਆਰ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਤਾਂ ਦਿੱਲੀ ਤੋਂ ਨਹੀਂ ਪਰਤੇ, ਉਨ੍ਹਾਂ ਦੀ ਚਾਂਦਨੀ ਚੌਕ ਵਿਚ ਹੋਈ ਲਾਸਾਨੀ ਕੁਰਬਾਨੀ ਤੇ ਸ਼ਹਾਦਤ ਦੀ ਖ਼ਬਰ ਹੀ ਪਹੁੰਚੀ। ਇਸ ਘਟਨਾ ਦਾ ਪੰਡਤ ਕਿਰਪਾ ਰਾਮ 'ਤੇ ਡੂੰਘਾ ਅਸਰ ਹੋਇਆ। ਉਨ੍ਹਾਂ ਨੇ (ਸ਼ਾਇਦ ਹੋਰ ਕਈ ਸਾਥੀਆਂ ਸਮੇਤ) ਕਸ਼ਮੀਰ ਵਾਪਸ ਜਾਣ ਦੀ ਬਜਾਏ, ਸ਼ਹੀਦ ਹੋਏ ਗੁਰੂ ਦੇ ਪਰਿਵਾਰ ਦੀ ਸੇਵਾ ਸੰਭਾਲ ਹਿਤ ਰਹਿੰਦੀ ਉਮਰ ਅਨੰਦਪੁਰ ਸਾਹਿਬ ਵਿਖੇ ਹੀ ਟਿਕੇ ਰਹਿਣ ਦਾ ਫ਼ੈਸਲਾ ਕੀਤਾ। ਪੰਡਤ ਜੀ ਨੇ ਬਾਲ ਗੁਰੂ ਗੋਬਿੰਦ ਰਾਏ ਨੂੰ ਸੰਸਕ੍ਰਿਤ ਭਾਸ਼ਾ ਤੇ ਪੁਰਾਣੇ ਗ੍ਰੰਥਾਂ ਦਾ ਬੋਧ ਕਰਾਇਆ।
1699 ਦੀ ਵਿਸਾਖੀ ਮੌਕੇ ਜਦੋਂ ਦਸਮੇਸ਼ ਪਿਤਾ ਨੇ ਖ਼ਾਲਸਾ ਸਿਰਜਣਾ ਦਾ ਕੌਤਕ ਰਚਾਇਆ ਤਾਂ ਪੰਡਤ ਕਿਰਪਾ ਰਾਮ ਪਹਿਲੇ ਦਿਨ ਹੀ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਸੈਨਾ ਦੇ ਮੋਹਰੀ ਸਿਪਾਹੀਆਂ 'ਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਦਾ ਨਾਂਅ ਭਾਈ ਕਿਰਪਾ ਸਿੰਘ ਹੋ ਗਿਆ। ਕਈ ਮੁੱਠਭੇੜਾਂ ਤੇ ਲੜਾਈਆਂ ਤੋਂ ਬਾਅਦ 1705 ਈਸਵੀ 'ਚ ਪਹਾੜੀ ਰਾਜਿਆਂ, ਸੂਬਾ ਸਰਹਿੰਦ ਅਤੇ ਮੁਗ਼ਲ ਸੈਨਾ ਨੇ ਰਲ਼ ਕੇ ਬਹੁਤ ਲੰਮਾ ਸਮਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ। ਅਖ਼ੀਰ ਦਸੰਬਰ 1705 ਨੂੰ ਗੁਰੂ ਸਾਹਿਬ ਨੂੰ ਆਪਣੇ ਪਰਿਵਾਰ ਅਤੇ ਪੰਜ ਸੌ ਦੇ ਕਰੀਬ ਸਿੰਘਾਂ ਸਮੇਤ ਕਿਲ੍ਹਾ ਛੱਡਣਾ ਪਿਆ। ਬਹੁਤ ਸਾਰੇ ਸਿੰਘ ਸ਼ਾਹੀ ਫ਼ੌਜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ। ਅਖ਼ੀਰ ਬਚੇ ਹੋਏ 40 ਦੇ ਕਰੀਬ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ 'ਚ ਦਾਖ਼ਲ ਹੋਏ। ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਵਿਚ ਹਕੂਮਤੀ ਫ਼ੌਜਾਂ ਦਾ ਘੇਰਾ ਪੈ ਗਿਆ ਦੱਸਿਆ ਜਾਂਦਾ ਹੈ। 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਏਨੀ ਭਾਰੀ ਫ਼ੌਜ ਨਾਲ ਸੰਸਾਰ ਦੀ ਸਭ ਤੋਂ ਅਸਾਵੀਂ ਲੜਾਈ ਲੜਦੇ ਹੋਏ 7-8 ਦਸੰਬਰ, 1705 ਨੂੰ ਸ਼ਹੀਦ ਹੋਏ। ਇਨ੍ਹਾਂ ਲਾਸਾਨੀ ਸੂਰਬੀਰ ਯੋਧਿਆਂ 'ਚ ਸ਼ਹੀਦ ਭਾਈ ਕਿਰਪਾ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ।
ਸੰਨ 2025 ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਇਸ ਪ੍ਰਥਾਏ ਭਾਸ਼ਾ ਵਿਭਾਗ ਪੰਜਾਬ ਨੇ ਦੋ ਰੋਜ਼ਾ ਸਮਾਗਮ 'ਤੇਗ ਬਹਾਦਰ ਸਿਮਰਿਐ' ਪੰਡਤ ਕਿਰਪਾ ਰਾਮ ਦੀ ਜਨਮ ਭੂਮੀ ਮਤਨ ਤੇ ਸ੍ਰੀਨਗਰ ਵਿਖੇ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੀ ਟੀਮ ਪੰਜਾਬ ਤੋਂ ਕੁਝ ਵਿਦਵਾਨਾਂ ਅਤੇ ਕਵੀਆਂ ਨੂੰ ਬੱਸ ਰਾਹੀਂ ਕਸ਼ਮੀਰ ਲੈ ਕੇ ਜਾਵੇਗੀ। ਇਹ ਬੱਸ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਤੋਂ 21 ਜੁਲਾਈ, 2025 ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਰਵਾਨਾ ਹੋਵੇਗੀ ਅਤੇ ਖੰਨਾ, ਲੁਧਿਆਣਾ, ਜਲੰਧਰ, ਪਠਾਨਕੋਟ ਅਤੇ ਜੰਮੂ ਤੋਂ ਹੁੰਦੀ ਹੋਈ 22 ਜੁਲਾਈ ਨੂੰ ਸਵੇਰੇ ਸ੍ਰੀਨਗਰ ਪਹੁੰਚੇਗੀ। 23 ਜੁਲਾਈ ਨੂੰ ਸਵੇਰੇ ਡੈਲੀਗੇਟਾਂ ਦਾ ਕਾਫ਼ਲਾ ਬੱਸ ਅਤੇ ਹੋਰ ਸੜਕੀ ਸਾਧਨਾਂ ਰਾਹੀਂ ਸ੍ਰੀਨਗਰ ਤੋਂ ਮਤਨ ਦੀ ਯਾਤਰਾ ਕਰੇਗਾ। ਮਤਨ ਦੇ ਗੁਰਦੁਆਰਾ ਸਾਹਿਬ ਵਿਖੇ ਪੰਡਤ ਕਿਰਪਾ ਰਾਮ/ਸ਼ਹੀਦ ਭਾਈ ਕਿਰਪਾ ਸਿੰਘ ਨੂੰ ਯਾਦ ਕੀਤਾ ਜਾਵੇਗਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਹੋਵੇਗੀ। ਪਰਤ ਕੇ ਸ੍ਰੀਨਗਰ ਵਿਖੇ ਜਿਹਲਮ ਦਰਿਆ ਕਿਨਾਰੇ ਬਣੇ ਬਹੁਤ ਸੁੰਦਰ ਟੈਗੋਰ ਹਾਲ ਵਿਚ ਸਮਾਗਮ ਹੋਏਗਾ, ਜਿਸ ਦਾ ਪਹਿਲਾ ਭਾਗ ਬਾਅਦ ਦੁਪਹਿਰ ਢਾਈ ਵਜੇ ਆਰੰਭ ਹੋਏਗਾ, ਜਿਸ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ ਤੇ ਸ਼ਹੀਦੀ ਬਾਰੇ ਵਿਦਵਾਨ ਵਿਚਾਰਾਂ ਕਰਨਗੇ। ਦੂਜੇ ਭਾਗ 'ਚ ਪੰਜਾਬੀ, ਡੋਗਰੀ ਤੇ ਕਸ਼ਮੀਰੀ ਜ਼ੁਬਾਨਾਂ ਦੇ ਚੋਣਵੇਂ ਕਵੀ ਗੁਰੂ ਸਾਹਿਬ ਨੂੰ ਕਾਵਿ-ਸੁਮਨ ਭੇਟ ਕਰਨਗੇ। ਅਗਲੇ ਦਿਨ 24 ਜੁਲਾਈ ਸ਼ਾਮ ਨੂੰ ਇਸੇ ਹਾਲ 'ਚ ਸੰਗੀਤਕ ਸਮਾਗਮ ਹੋਏਗਾ।

-ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ।

ਪਿਛਲੀ ਖ਼ਬਰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਬਿਜਲੀ ਨਿਗਮ ਵਿਚ ਘਟ ਰਹੇ ਮੁਲਾਜ਼ਮ ਚਿੰਤਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।