ਮਨੁੱਖੀ ਜ਼ਰੂਰਤਾਂ ਵਿਚ ਜਿਥੇ ਪਹਿਲਾਂ ਰੋਟੀ, ਕੱਪੜਾ ਤੇ ਮਕਾਨ ਨੂੰ ਜ਼ਰੂਰੀ ਸਮਝਿਆ ਜਾਂਦਾ ਸੀ, ਉਥੇ ਹੁਣ ਬਿਜਲੀ ਚੌਥੀ ਜ਼ਰੂਰਤ ਬਣ ਗਈ ਹੈ। ਜੀਵਨ ਵਿਚ ਬਿਜਲੀ ਦੀ ਲੋੜ ਹੁਣ ਹਰ ਕੰਮ ਵਿਚ ਹੋਣ ਲੱਗ ਪਈ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਸੂਬੇ ਦਾ ਬਿਜਲੀ ਨਿਗਮ ਜਿਥੇ ਲੰਬੇ ਸਮੇਂ ਤੋਂ ਤਾਰਾਂ, ਖੰਭਿਆਂ ਤੇ ਟਰਾਂਸਫਾਰਮਰ ਦਾ ਜਾਲ ਵਿਛਾ ਕੇ ਲੋਕਾਂ ਦੇ ਘਰੋ ਘਰੀ ਬਿਜਲੀ ਅਪੜਾ ਰਿਹਾ ਹੈ, ਉੱਥੇ ਬਿਜਲੀ ਨਿਗਮ ਦੇ ਹਾਲਾਤ ਦਿਨੋ ਦਿਨ ਮੁਲਾਜ਼ਮਾਂ ਦੀ ਘਟਦੀ ਗਿਣਤੀ ਕਾਰਨ ਵਿਗੜ ਰਹੇ ਹਨ। ਭਾਵੇਂ ਸੂਬਾ ਸਰਕਾਰ ਸਾਲ 2026 'ਚ ਜ਼ੀਰੋ ਬਿਜਲੀ ਕੱਟ ਦੀਆਂ ਗੱਲਾਂ ਕਰ ਰਹੀ ਹੈ, ਪ੍ਰੰਤੂ ਜ਼ਮੀਨੀ ਪੱਧਰ ਦੇ ਹਾਲਾਤ ਇਸ ਨਾਲ ਮੇਲ ਨਹੀਂ ਖਾਂਦੇ। ਭਾਵੇਂ ਸੂਬਾ ਸਰਕਾਰ ਵਲੋਂ ਲੰਘੇ ਸਾਲਾਂ ਦੌਰਾਨ ਥੋੜ੍ਹੀ ਨਵੀਂ ਭਰਤੀ ਕੀਤੀ ਗਈ ਹੈ, ਪ੍ਰੰਤੂ ਇਹ ਭਰਤੀ ਬਿਜਲੀ ਨਿਗਮ 'ਚੋਂ ਹਰ ਸਾਲ ਸੇਵਾਮੁਕਤ ਹੁੰਦੇ ਬਿਜਲੀ ਅਧਿਕਾਰੀਆਂ, ਮੁਲਾਜ਼ਮਾਂ ਤੇ ਕਰਮਚਾਰੀਆਂ ਦੇ ਸਾਹਮਣੇ ਆਟੇ 'ਚ ਲੂਣ ਬਰਾਬਰ ਹੈ। ਬਿਜਲੀ ਨਿਗਮ ਅਹਿਮ ਅਦਾਰਾ ਹੈ, ਜੋ 24 ਘੰਟੇ ਆਪਣੇ ਖਪਤਕਾਰਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਿਆਂ ਵੱਖ-ਵੱਖ ਸੀਜ਼ਨਾਂ, ਬਰਸਾਤ, ਝੱਖੜ, ਹਨੇਰੀ ਸਮੇਂ ਵੱਡੇ ਪੱਧਰ 'ਤੇ ਕਰੋੜਾਂ ਦੇ ਨੁਕਸਾਨ ਵੀ ਝਲਦਾ ਹੈ। ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਬਿਜਲੀ ਖਰਾਬ ਹੋਣ ਮੌਕੇ ਸਪਲਾਈ ਸੰਬੰਧੀ ਸ਼ਿਕਾਇਤਾਂ ਇੰਨੀਆਂ ਵਧ ਜਾਂਦੀਆਂ ਹਨ ਕਿ ਅਦਾਰੇ ਵਿਚ ਕੰਮ ਕਰਦੇ ਜ਼ਰੂਰਤ ਤੋਂ ਬਹੁਤ ਘਟ ਮੁਲਾਜ਼ਮਾਂ ਲਈ ਕੰਮ ਬਹੁਤ ਔਖਾ ਹੋ ਜਾਂਦਾ ਹੈ। ਇਸ ਸਮੇਂ ਬਿਜਲੀ ਨਿਗਮ ਕੋਲ ਲਗਪਗ 1 ਕਰੋੜ 10 ਹਜ਼ਾਰ ਖਪਤਕਾਰਾਂ ਵਿਚ ਘਰੇਲੂ ਬਿਜਲੀ, ਦੁਕਾਨਾਂ, ਫੈਕਟਰੀਆਂ, ਕੰਪਨੀਆਂ, ਦਫ਼ਤਰਾਂ ਦੇ ਖਪਤਕਾਰ ਸ਼ਾਮਿਲ ਹਨ। ਬਿਜਲੀ ਦੀ ਲੋੜ ਜੀਵਨ ਵਿਚ ਬਹੁਤ ਅਹਿਮ ਹੋ ਗਈ ਹੈ, ਇਸ ਨੂੰ ਚਾਲੂ ਰੱਖਣਾ ਬਿਜਲੀ ਨਿਗਮ ਲਈ ਲਾਜ਼ਮੀ ਹੋ ਗਿਆ ਹੈ।
ਪ੍ਰੰਤੂ ਲੰਘੇ ਕਈ ਦਹਾਕਿਆਂ ਤੋਂ ਸਰਕਾਰਾਂ ਦਾ ਇਸ ਅਦਾਰੇ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਭਰਤੀ ਪ੍ਰਤੀ ਸੁਹਿਰਦ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਬਿਜਲੀ ਮਾਹਿਰਾਂ ਅਨੁਸਾਰ ਜੇਕਰ ਬਿਜਲੀ ਨਿਗਮ ਦੀ ਗੱਲ ਕਰੀਏ ਤਾਂ ਇਨ੍ਹਾਂ ਵਲੋਂ ਨਵੀਂ ਭਰਤੀ ਸੰਬੰਧੀ ਕੋਈ ਯੋਜਨਾ ਨਹੀਂ ਉਲੀਕੀ ਜਾਂਦੀ ਅਤੇ ਨਾ ਹੀ ਅਦਾਰੇ 'ਚੋਂ ਸੇਵਾਮੁਕਤ ਹੁੰਦੇ ਅਧਿਕਾਰੀਆਂ ਤੋਂ ਬਾਅਦ ਉਨ੍ਹਾਂ ਦੇ ਕੰਮ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਆਮ ਤੌਰ 'ਤੇ ਬਹੁਤੀਆਂ ਭਰਤੀਆਂ ਸਰਕਾਰਾਂ ਦੇ ਕਹਿਣ 'ਤੇ ਹੀ ਕੀਤੀਆਂ ਜਾਂਦੀਆਂ ਹਨ। ਕਿਸੇ ਸਮੇਂ ਇਕ ਲੱਖ ਮੁਲਾਜ਼ਮਾਂ ਨਾਲ ਚੱਲਣ ਵਾਲੇ ਇਸ ਪਾਵਰਕਾਮ ਵਿਚ 2023-24 ਦੇ ਅੰਕੜਿਆਂ ਅਨੁਸਾਰ ਸਿਰਫ਼ 30,277 ਮੁਲਾਜ਼ਮ ਹੀ ਰਹਿ ਗਏ ਹਨ। ਇਸ ਸਾਲ 1800 ਦੇ ਕਰੀਬ ਹੋਰ ਬਿਜਲੀ ਮੁਲਾਜ਼ਮ ਸੇਵਾਮੁਕਤ ਹੋ ਜਾਣਗੇ। ਇਸ ਤੋਂ ਇਲਾਵਾ ਇਸ ਦੇ ਟਰਾਂਸਕੋ ਵਿਚ ਕੰਮ ਕਰਦੇ 2,531 ਮੁਲਾਜ਼ਮ ਵੀ ਹਰ ਸਾਲ ਘਟਦੇ ਕ੍ਰਮ ਵੱਲ ਹੀ ਜਾ ਰਹੇ ਹਨ। ਬਿਜਲੀ ਮੁਲਾਜ਼ਮਾਂ ਦੇ ਘਟਣ ਨਾਲ ਖਪਤਕਾਰਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਮੁਲਾਜ਼ਮਾਂ 'ਤੇ ਹੋਰ ਬੋਝ ਵਧਣ ਨਾਲ ਹਾਦਸੇ ਤੇ ਮਾਨਸਿਕ ਤਣਾਅ ਵੀ ਵਧ ਜਾਏਗਾ।
ਪਾਵਰਕਾਮ ਵਿਚ 2019-20 'ਚ 35,933 ਮੁਲਾਜ਼ਮਾਂ ਤੋਂ ਹੁਣ ਘਟ ਕੇ 30,277 ਰਹਿ ਗਏ ਮੁਲਾਜ਼ਮਾਂ ਕਾਰਨ ਆਉਣ ਵਾਲੇ ਸਮੇਂ ਦੌਰਾਨ ਬਿਜਲੀ ਨਿਗਮ ਤੇ ਬਿਜਲੀ ਖਪਤਕਾਰਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। ਬਿਜਲੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਥੋੜ੍ਹੀ ਹੋਣ ਕਰਕੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਘਰੇਲੂ ਤੇ ਖੇਤੀਬਾੜੀ ਬਿਜਲੀ ਖਪਤਕਾਰ ਆਪਣੀਆਂ ਸ਼ਿਕਾਇਤਾਂ ਲੈ ਕੇ ਅਦਾਰੇ ਦੇ ਦਫ਼ਤਰਾਂ ਦੇ ਗੇੜੇ ਕੱਢਦੇ ਰਹਿੰਦੇ ਹਨ। ਆਨਲਾਈਨ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਵੀ ਸਮੇਂ ਸਿਰ ਕੰਮ ਨਹੀਂ ਹੁੰਦੇ, ਕਿਉਂਕਿ ਬਿਜਲੀ ਲਾਈਨਾਂ ਨੂੰ ਚਾਲੂ ਰੱਖਣ, ਸਾਂਭ ਸੰਭਾਲ ਕਰਨ ਅਤੇ ਟੁੱਟ-ਭੱਜ ਠੀਕ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਿਜਲੀ ਨਿਗਮ ਦੇ ਏ.ਐਲ.ਐਮ., ਜੇ.ਈ., ਲਾਈਨਮੈਨ ਵਰਗੇ ਮੁਲਾਜ਼ਮਾਂ ਦੀਆਂ 39,641 ਦੇ ਕਰੀਬ ਮਿਥੀਆਂ ਅਸਾਮੀਆਂ 'ਚੋਂ ਸਿਰਫ਼ 13,972 ਅਸਾਮੀਆਂ 'ਤੇ ਹੀ ਮੁਲਾਜ਼ਮ ਕੰਮ ਕਰ ਰਹੇ ਹਨ। ਅੰਕੜਿਆਂ ਅਨੁਸਾਰ ਬਿਜਲੀ ਨਿਗਮ ਦੀ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਉਕਤ ਤਿੰਨੋਂ ਤਰ੍ਹਾਂ ਦੀਆਂ ਅਸਾਮੀਆਂ 'ਚੋਂ 25,669 ਖਾਲੀ ਪਈਆਂ ਹਨ। ਇਥੇ ਇਕ ਵੱਡਾ ਸਵਾਲ ਇਹ ਹੈ ਕਿ ਇਕ ਪਾਸੇ ਬਿਜਲੀ ਨਿਗਮ ਲੰਘੇ ਸਾਲਾਂ ਵਿਚ ਬਿਜਲੀ ਉਤਪਾਦਨ ਵਧਾਉਣ ਵਿਚ ਨਾਕਾਮ ਰਿਹਾ ਹੈ, ਦੂਜੇ ਪਾਸੇ ਬਿਜਲੀ ਲਾਈਨਾਂ ਨੂੰ ਚਾਲੂ ਰੱਖਣ ਲਈ ਲੋੜੀਂਦੀਆਂ ਕਰੀਬ 70 ਫ਼ੀਸਦ ਆਸਾਮੀਆਂ ਦਾ ਖਾਲੀ ਹੋਣਾ ਸੂਬੇ ਵਿਚ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਵਿਚ ਅੜਿੱਕਾ ਬਣ ਰਿਹਾ ਹੈ। ਇਹੀ ਵਜ੍ਹਾ ਹੈ ਕਿ ਬਿਜਲੀ ਨਿਗਮ ਨੂੰ ਘੱਟ ਗਿਣਤੀ ਮੁਲਾਜ਼ਮਾਂ ਸਿਰ ਕੰਮ ਦਾ ਬੋਝ ਪਾ ਕੇ ਅਤੇ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਲਾਈਨਾਂ ਦੀ ਮੁਰੰਮਤ ਦਾ ਕੰਮ ਕਰਵਾਉਣਾ ਪੈਂਦਾ ਹੈ। ਬਿਜਲੀ ਨਿਗਮ ਵਿਚ ਭਰਤੀ ਨਾਮਾਤਰ ਹੋਣ ਦੀ ਰਹਿੰਦੀ ਕਸਰ ਠੇਕੇਦਾਰੀ ਪ੍ਰਥਾ ਨੇ ਕੱਢ ਦਿੱਤੀ ਹੈ। ਇਨ੍ਹਾਂ ਠੇਕੇਦਾਰਾਂ ਨਾਲ ਲੱਗ ਕੇ ਨਿਗੂਣੀ ਤਨਖਾਹ 'ਤੇ ਕੰਮ ਕਰਨ ਵਾਲੇ ਕੱਚੇ ਕਾਮੇ ਬਿਜਲੀ ਸਪਲਾਈ ਨੂੰ ਠੀਕ ਕਰਦਿਆਂ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਬਿਜਲੀ ਨਿਗਮ ਦੇ ਮੁਲਾਜ਼ਮ ਨਾ ਹੋਣ ਕਾਰਨ ਉਨ੍ਹਾਂ ਦੀ ਜਾਨ ਅਜਾਈਂ ਚਲੀ ਜਾਂਦੀ ਹੈ।
-ਇੰਚਾਰਜ, ਉਪ ਦਫ਼ਤਰ ਪਟਿਆਲਾ।
ਮੋਬਾ: 98760-06700