ਲਹਿਰਾਗਾਗਾ, 31 ਅਗਸਤ (ਅਸ਼ੋਕ ਗਰਗ, ਮਦਨ ਸ਼ਰਮਾ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਦਿੜ੍ਹਬਾ ਹਲਕੇ ਦੇ ਸੰਗਤਪੁਰਾ, ਲਦਾਲ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਭਾਰੀ ਮੀਂਹ ਕਾਰਨ ਹੋਏ ਫ਼ਸਲਾਂ ਤੇ ਘਰਾਂ ਦੇ ਨੁਕਸਾਨ ਦਾ ਲੋਕਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਧਾਰ 'ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ | ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਕਾਰਵਾਈ ਜਾਰੀ ਹੈ | ਉਨ੍ਹਾਂ ਪਿੰਡ ਸੰਗਤਪੁਰਾ ਵਿਖੇ ਖੇਤਾਂ 'ਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਨਿੱਜੀ ਤੌਰ 'ਤੇ 50 ਹਜ਼ਾਰ ਰੁਪਏ ਦੀ ਮੌਕੇ 'ਤੇ ਮਦਦ ਕੀਤੀ | ਸਰਪੰਚ ਹਰਪਾਲ ਸਿੰਘ ਸੰਗਤਪੁਰਾ ਨੇ ਆਖਿਆ ਕਿ ਉਹ ਵੀ ਆਪਣੇ ਕੋਲੋਂ 21 ਹਜ਼ਾਰ ਰੁਪਏ ਦੀ ਮਦਦ ਕਰਨਗੇ | ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਨੇ ਦੇਸ਼ ਲਈ ਔਖੇ ਸਮੇਂ ਵਡਮੁੱਲਾ ਯੋਗਦਾਨ ਪਾਇਆ ਹੈ | ਹੁਣ ਹੜ੍ਹਾਂ ਦੇ ਸੰਕਟ ਸਮੇਂ ਕੇਂਦਰ-ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕਰੇ | ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ | ਉਨ੍ਹਾਂ ਨਾਲ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਓ.ਐਸ.ਡੀ ਤਪਿੰਦਰ ਸੋਹੀ, ਐਸ.ਡੀ.ਐਮ ਲਹਿਰਾਗਾਗਾ ਸੂਬਾ ਸਿੰਘ, ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ ਤੇ ਐਸ.ਐਚ.ਓ. ਕਰਮਜੀਤ ਸਿੰਘ, ਸਰਪੰਚ ਹਰਪਾਲ ਸਿੰਘ, ਟਰੱਕ ਯੂਨੀਅਨ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ ਮੌਜੂਦ ਸਨ |