ਮਲੇਰਕੋਟਲਾ, 31 ਅਗਸਤ (ਮਨਜਿੰਦਰ ਸਿੰਘ ਸਰੌਦ)-ਸੂਬੇ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਦੀ 'ਨਵਾਬੀ ਦਿੱਖ' ਨੂੰ ਬਰਕਰਾਰ ਰੱਖਣ ਦੇ ਲਈ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵਲੋਂ ਸ਼ਹਿਰ ਦੇ ਡੰਪਾਂ ਤੋਂ ਵਰਿ੍ਹਆਂ ਪੁਰਾਣੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਦੇ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕਰਵਾਏ ਹਨ ਪਰ ਸ਼ਹਿਰ ਦੀ ਮੁੱਖ ਸੜਕ ਖੰਨਾ-ਮਲੇਰਕੋਟਲਾ ਉੱਤੇ ਲੱਗੇ ਗੰਦ ਦੇ ਢੇਰ ਜਿੱਥੇ ਸ਼ਹਿਰ ਦੀ 'ਨਵਾਬੀ ਦਿੱਖ' ਨੂੰ ਵਿਗਾੜ ਰਹੇ ਹਨ ਉਥੇ ਹੀ ਮੀਂਹ ਅਤੇ ਸਿਲ ਭਰੇ ਮੌਸਮ ਦੇ ਦੌਰਾਨ ਇਨ੍ਹਾਂ ਕੂੜੇ ਕਟਕਰ ਦੇ ਢੇਰਾਂ ਵਿਚੋਂ ਮਾਰਦੀ ਸੜਾਂਦ ਦੇ ਕਾਰਨ ਸਥਾਨਕ ਵਾਸੀ ਬੇਹੱਦ ਪ੍ਰੇਸ਼ਾਨ ਹਨ | ਰਾਹਗੀਰਾਂ ਨੂੰ ਆਪਣੇ ਨੱਕ ਉੱਤੇ ਕੱਪੜਾ ਬੰਨ੍ਹ ਕੇ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਮਾਲੇਰਕੋਟਲਾ-ਖੰਨਾ ਮੁੱਖ ਸੜਕ ਉੱਤੇ ਕਬਰਸਤਾਨ ਦੇ ਕੋਲ ਨਗਰ ਕੌਂਸਲ ਵਲੋਂ ਕੂੜਾ ਨਾ ਸੁੱਟਣ ਦੀ ਕੀਤੀ ਹਦਾਇਤ ਦੇ ਬਾਵਜੂਦ ਕੁਝ ਲੋਕਾਂ ਵਲੋਂ ਕੂੜਾ ਕਟਕਰ ਸੁੱਟਿਆ ਜਾਂਦਾ ਹੈ | ਪਰੰਤੂ ਹੈਰਾਨੀਜਨਕ ਤੱਥ ਇਹ ਹੈ ਕਿ ਇਹ ਕੂੜਾ ਖਿੱਲਰ ਕੇ ਮੁੱਖ ਸੜਕ ਤੱਕ ਆ ਰਿਹਾ ਹੈ | ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਆਖਿਆ ਕਿ ਕੂੜੇ ਕਟਕਰ ਦੇ ਸੜਾਂਦ ਮਾਰਦੇ ਇਹ ਢੇਰ ਰਿਆਸਤੀ ਸ਼ਹਿਰ ਮਲੇਰਕੋਟਲਾ ਦੀ 'ਨਵਾਬੀ ਸ਼ਾਨ' ਨੂੰ ਧੁੰਦਲਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਕੂੜਾ ਕਟਕਰ ਜਾਂ ਗੰਦੇ ਲਿਫ਼ਾਫ਼ੇ ਇੱਥੇ ਨਾ ਸੁੱਟੇ ਜਾਣ ਪਰ ਇੱਥੇ ਸੁਣਦਾ ਕੌਣ ਹੈ | ਸਿਤਮ ਦੀ ਗੱਲ ਹੈ ਕਿ ਇਸ ਜਗਾ ਦੇ ਆਲੇ ਦੁਆਲੇ ਇੱਕ ਕਬਰਸਤਾਨ ਅਤੇ ਪਵਿੱਤਰ ਮਸਜਿਦ ਤੋਂ ਇਲਾਵਾ ਇੱਕ ਸਕੂਲ ਵੀ ਹੈ ਜਿੱਥੇ ਮਾਸੂਮ ਬੱਚੇ ਸਿੱਖਿਆ ਹਾਸਿਲ ਕਰਨ ਆਉਂਦੇ ਹਨ ਪਰ ਇਨ੍ਹਾਂ ਗੰਦ ਦੇ ਢੇਰਾਂ ਕਾਰਨ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ | ਇਹੀ ਹਾਲ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਨੇੜੇ ਬਣੀ ਡੰਪ ਦਾ ਬਣ ਚੁੱਕਿਆ ਹੈ | ਜਿੱਥੋਂ ਭਾਵੇਂ ਪ੍ਰਸ਼ਾਸਨ ਵਲੋਂ ਕੂੜਾ ਚੁਕਵਾਉਣ ਦੇ ਲਈ ਖ਼ਾਸ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ | ਇੱਥੇ ਵੀ ਹਾਲਾਤ ਬਿਲਕੁਲ ਉਹੀ ਹਨ | ਕੂੜੇ ਵਾਲੀ ਜਗਾ ਚੋਂ ਹੌਲੀ-ਹੌਲੀ ਗੰਦ ਦੇ ਢੇਰ ਸੜਕ ਉੱਤੇ ਆ ਕੇ ਲੋਕਾਂ ਦਾ ਜਿਉਣਾਂ ਦੁੱਭਰ ਕਰ ਰਹੇ ਹਨ | ਸੜਕਾਂ ਕੰਢੇ ਗੰਦ ਸੁੱਟ ਰਹੇ ਲੋਕਾਂ ਨੂੰ ਸਰਕਾਰ ਵਲੋਂ ਖ਼ਰਚੇ ਜਾ ਰਹੇ ਕਰੋੜਾਂ ਰੁਪਈਆ ਦੀ ਵੀ ਕੋਈ ਪ੍ਰਵਾਹ ਨਹੀਂ | ਡੰਪ ਦੇ ਬਾਹਰ ਚਕਾਚੌਂਧ ਭਰੀ ਜ਼ਿੰਦਗੀ ਤੋਂ ਬੇਖ਼ਬਰ ਝੁੱਗੀ ਝੌਂਪੜੀ ਵਾਲਿਆਂ ਦੇ ਮਸੂਮ ਬੱਚੇ ਗੰਦ ਦੇ ਢੇਰਾਂ ਵਿਚੋਂ ਆਪਣੇ 'ਮੰੂਹ ਦਾ ਨਿਵਾਲਾ' ਭਾਲਦੇ ਆਮ ਮਿਲ ਜਾਂਦੇ ਹਨ | ਸੋਚਣਾ ਤਾਂ ਬਣਦੇ ਕਿ ਜਿਨ੍ਹਾਂ ਗੰਦ ਦੇ ਢੇਰਾਂ ਕੋਲੋਂ ਕੋਈ ਵੀ ਇਨਸਾਨ ਮੂੰਹ ਬੰਨ੍ਹ ਕੇ ਲੰਘਦਾ ਹੋਵੇ, ਉਨ੍ਹਾਂ ਢੇਰਾਂ ਤੋਂ ਖਾਣ ਪੀਣ ਜਾਂ ਹੋਰ ਵਸਤੂਆਂ ਨੂੰ ਲੱਭ ਰਹੇ ਬੱਚਿਆਂ ਦਾ ਜੀਵਨ ਬਸ਼ਰ ਕੀ ਹੋਵੇਗਾ | ਕੀ ਇਨ੍ਹਾਂ ਮਾਸੂਮ ਬੱਚਿਆਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ, ਇਹ ਸਵਾਲ ਵੱਡੇ ਹਨ | ਸ਼ਹਿਰ ਵਾਸੀਆਂ ਨੇ ਆਖਿਆ ਚੰਗਾ ਹੋਵੇ ਕਿ ਜੇਕਰ ਸੜਕ 'ਤੇ ਵਧ ਰਹੇ ਕੂੜੇ ਦੇ ਢੇਰਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ | ਪ੍ਰਸ਼ਾਸਨ ਨੂੰ ਹੋਰ ਬਹੁਤ ਕੁਝ ਵਿਖਾਈ ਦੇ ਦਿੰਦਾ ਹੈ ਪਰ ਪਤਾ ਨਹੀਂ ਕਿਉਂ ਉਹ ਵੀ ਇਨ੍ਹਾਂ ਢੇਰਾਂ ਤੋਂ ਅਜੇ ਬੇਖ਼ਬਰ ਹੈ |