ਲਹਿਰਾਗਾਗਾ, 31 ਅਗਸਤ (ਅਸ਼ੋਕ ਗਰਗ) - ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਆਪਣੀ ਧੀ ਦੇ ਘਰ ਆਈ ਹੋਈ ਇੱਕ ਬਜ਼ੁਰਗ ਅÏਰਤ ਦੀ ਮੌਤ ਅਤੇ ਧੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਸਵੇਰ ਕਰੀਬ 4 ਵਜੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸੁਖਪਾਲ ਸਿੰਘ ਮਿਸਤਰੀ ਸਪੁੱਤਰ ਸੌਣ ਸਿੰਘ ਦਾ ਘਰ ਡਿਗ ਗਿਆ | ਸੁਖਪਾਲ ਸਿੰਘ ਦੀ ਸੱਸ ਕਰਮਜੀਤ ਕੌਰ, ਉਮਰ-60 ਸਾਲ ਦੀ ਮੌਤ ਹੋ ਗਈ ਹੈ | ਸੁਖਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਗਿਆ ਹੈ | ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਪਿੰਡ ਦੇ ਕਾਫ਼ੀ ਘਰਾਂ ਦਾ ਨੁਕਸਾਨ ਹੋਇਆ ਹੈ | ਗੁਰਦਾਸ ਸਿੰਘ ਸਪੁੱਤਰ ਭਾਨ ਸਿੰਘ ਦਾ ਮਕਾਨ ਵੀ ਮੀਂਹ ਕਾਰਨ ਕਾਫ਼ੀ ਨੁਕਸਾਨਿਆ ਗਿਆ ਹੈ, ਜਿਸ ਕਰ ਕੇ ਪਰਿਵਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ | ਇਸ ਤੋਂ ਇਲਾਵਾ ਪਿੰਡ ਸੰਗਤਪੁਰਾ ਵਿਖੇ ਕੁਝ ਦਿਨ ਪਹਿਲਾਂ ਵਾਲੇ ਭਾਰੀ ਮੀਂਹ ਕਾਰਨ ਪਸ਼ੂਆਂ ਦੇ ਬਰਾਂਡੇ ਦੀ ਛੱਤ ਡਿਗ ਜਾਣ ਕਾਰਨ ਇੱਕ ਮੱਝ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਪਸ਼ੂ ਜ਼ਖਮੀ ਹੋ ਗਏ ਸੀ | ਜ਼ਖਮੀ ਪਸ਼ੂਆਂ ਵਿਚੋਂ ਅੱਜ ਮੁੜ ਇੱਕ ਹੋਰ ਮੱਝ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਡੇਅਰੀ ਫਾਰਮ ਦਾ ਧੰਦਾ ਕਰਦੇ ਰਘਵੀਰ ਸਿੰਘ ਗੱਗੀ ਨੇ ਦੱਸਿਆ ਹੈ ਕਿ ਉਸ ਨੇ ਕਰਜ਼ਾ ਚੁੱਕ ਕੇ ਆਪਣਾ ਇਹ ਧੰਦਾ ਸ਼ੁਰੂ ਕੀਤਾ ਸੀ | ਦੋ ਮੱਝਾਂ ਦੇ ਮਰ ਜਾਣ ਕਾਰਨ ਅਤੇ ਬਰਾਂਡੇ ਦੀ ਛੱਤ ਢਹਿ ਢੇਰੀ ਹੋ ਜਾਣ ਨਾਲ ਉਸ ਦਾ ਵੱਡਾ ਨੁਕਸਾਨ ਹੋਇਆ ਹੈ | ਹੁਣ ਉਹ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਵੀ ਅਸਮਰਥ ਹੋ ਗਿਆ ਹੈ |