ਮੋਗਾ, 19 ਜੁਲਾਈ-ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸੰਵਿਧਾਨ ਬਚਾਓ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਅੱਜ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਮੋਗਾ ਦੇ ਪ੍ਰਾਈਮ ਫਾਰਮ ਵਿਚ ਵਿਸ਼ਾਲ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਜੋ ਕਿ ਇਕੱਠ ਪੱਖੋਂ ਇਤਿਹਾਸਕ ਹੋ ਨਿੱਬੜੀ | ਇਸ ਰੈਲੀ ਵਿਚ ਜਿੱਥੇ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਉੱਥੇ ਇਸ ਰੈਲੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਸੁਖਪਾਲ ਸਿੰਘ ਖਹਿਰਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ, ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ, ਕਾਲਾ ਢਿੱਲੋਂ ਵਿਧਾਇਕ ਬਰਨਾਲਾ, ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਕਾਂਗਰਸ, ਸੁਖਵਿੰਦਰ ਸਿੰਘ ਡੈਨੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਆਦਿ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਰੈਲੀ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ ਤੇ ਉਹ ਘੱਟ ਗਿਣਤੀਆਂ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਵਿਚ ਸਾਰਿਆਂ ਨੂੰ ਬਰਾਬਰੀ ਦੇ ਹੱਕ ਦਿੱਤੇ ਸਨ | ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ 'ਆਪ' ਸਰਕਾਰ ਦੋਵੇਂ ਹੀ ਲੋਕਾਂ ਨੂੰ ਲੁੱਟਣ 'ਤੇ ਲੱਗੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਆ ਰਹੀਆਂ 2027 ਵਿਧਾਨ ਸਭਾ ਚੋਣਾਂ ਵਿਚ 70 ਸੀਟਾਂ ਨਵੇਂ ਲੋਕਾਂ ਤੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ | ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਮਹਿਫ਼ੂਜ਼ ਨਹੀਂ ਹਨ | ਇੱਥੋਂ ਤੱਕ ਕਿ 'ਆਪ' ਨੇ ਮੇਰੇ 'ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਇਨ੍ਹਾਂ ਨੇ ਮੇਰੀ ਗ਼ਲਤ ਵੀਡੀਓ ਬਣਾ ਕੇ ਮੇਰੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਮੈਂ 'ਆਪ' ਦੇ ਦੋ ਕੈਬਨਿਟ ਮੰਤਰੀਆਂ 'ਤੇ ਪਰਚਾ ਦਰਜ ਕਰਵਾਇਆ | ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਹਰ ਵਰਗ ਇਸ ਸਰਕਾਰ ਨੂੰ ਬਣਾ ਕੇ ਪਛਤਾਅ ਰਿਹਾ ਹੈ | ਪ੍ਰਤਾਪ ਬਾਜਵਾ ਨੇ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਤੇ ਹਲਕਾ ਇੰਚਾਰਜ ਮਾਲਵਿਕਾ ਸੂਦ ਵਲੋਂ ਕੀਤੀ ਵਿਸ਼ਾਲ ਰੈਲੀ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਾਰਾ ਅਵਾਮ ਕਾਂਗਰਸ ਪਾਰਟੀ ਨੂੰ ਚਾਹੁੰਦਾ ਹੈ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੰਵਿਧਾਨ ਬਚਾਓ ਰੈਲੀਆਂ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ | ਰੈਲੀ ਨੂੰ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ, ਸੁਖਵਿੰਦਰ ਸਿੰਘ ਡੈਨੀ ਮੈਂਬਰ ਆਲ ਇੰਡੀਆ ਕਾਂਗਰਸ, ਸੁਖਪਾਲ ਸਿੰਘ ਖਹਿਰਾ ਵਿਧਾਇਕ ਤੇ ਸੀਨੀਅਰ ਆਗੂ, ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ, ਕਾਲਾ ਢਿੱਲੋਂ ਵਿਧਾਇਕ ਬਰਨਾਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਰੈਲੀ ਆਪ ਪਾਰਟੀ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਅਸੀਂ ਮੋਗਾ ਦੀ ਧਰਤੀ ਤੋਂ ਆਪ ਪਾਰਟੀ ਖ਼ਿਲਾਫ਼ ਜੰਗ ਦਾ ਐਲਾਨ ਕਰਦੇ ਹਾਂ | ਰੈਲੀ ਦੌਰਾਨ ਸਟੇਜ ਦਾ ਸੰਚਾਲਨ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਰੈਲੀ ਨੂੰ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਵਿਜੇ ਸਾਥੀ ਸਾਬਕਾ ਵਿਧਾਇਕ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਮੋਗਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਮਨਜੀਤ ਸਿੰਘ ਮਾਨ ਮੈਂਬਰ ਪੀ.ਪੀ.ਸੀ., ਹਰੀ ਸਿੰਘ ਖਾਈ ਸੀਨੀਅਰ ਆਗੂ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਪਰਮਿੰਦਰ ਸਿੰਘ ਡਿੰਪਲ ਅਬਜ਼ਰਵਰ ਹਲਕਾ ਜ਼ੀਰਾ, ਜਗਸੀਰ ਸਿੰਘ ਕਾਲੇਕੇ ਸੀਨੀਅਰ ਆਗੂ ਬਾਘਾ ਪੁਰਾਣਾ ਨੇ ਵੀ ਸੰਬੋਧਨ ਕੀਤਾ | ਰੈਲੀ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਮਾਲਵਿਕਾ ਸੂਦ ਹਲਕਾ ਇੰਚਾਰਜ ਨੇ ਕਿਹਾ ਕਿ ਅੱਜ ਦੀ ਰੈਲੀ ਦੇ ਵਿਸ਼ਾਲ ਇਕੱਠ ਮੁਤਾਬਿਕ ਉਨ੍ਹਾਂ ਦੇ ਪ੍ਰਬੰਧ ਛੋਟੇ ਪੈ ਗਏ | ਉਨ੍ਹਾਂ ਰੈਲੀ ਵਿਚ ਪੁੱਜੇ ਕਾਂਗਰਸੀ ਆਗੂਆਂ, ਵਰਕਰਾਂ ਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਮੋਗਾ ਵਿਖੇ ਕੀਤੀ ਜ਼ਿਲ੍ਹਾ ਪੱਧਰੀ ਸੰਵਿਧਾਨ ਬਚਾਓ ਰੈਲੀ ਇਕੱਠ ਪੱਖੋਂ ਇਤਿਹਾਸਕ ਹੋ ਨਿੱਬੜੀ <br/>
ਮੋਗਾ ਵਿਖੇ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਸੰਵਿਧਾਨ ਬਚਾਓ ਰੈਲੀ ਦੌਰਾਨ ਮੰਚ 'ਤੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਡੈਨੀ, ਗੁਰਕੀਰਤ ਸਿੰਘ ਕੋਟਲੀ, ਪਰਮਪਾਲ ਸਿੰਘ ਤਖ਼ਤੂਪੁਰਾ ਤੇ ਹੋਰ | ਤਸਵੀਰ: ਜਸਪਾਲ ਸਿੰਘ ਬੱਬੀ, ਹਰਜੀਤ ਸਿੰਘ<br/>
20-07-2025