ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਤੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਆਏ ਹਾਂ-ਅਸ਼ਵਨੀ ਸ਼ਰਮਾ <br/>
ਅਜੀਤ ਡੈਸਕ
20-07-2025
ਜਸਵੰਤ ਸਿੰਘ ਜੱਸ
ਅੰਮਿ੍ਤਸਰ, 19 ਜੁਲਾਈ-ਹਾਲ ਹੀ ਵਿਚ ਪੰਜਾਬ ਭਾਜਪਾ ਦੇ ਨਿਯੁਕਤ ਹੋਏ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਭਾਜਪਾ ਆਗੂਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਅੱਜ ਅਸੀਂ ਪੰਜਾਬ ਵਿਚ ਸ਼ਾਂਤੀ ਤੇ ਏਕਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ ਆਏ ਹਾਂ | ਪੱਤਰਕਾਰਾਂ ਵਲੋਂ ਕੁਝ ਦਿਨਾਂ ਤੋਂ ਸ਼ੋ੍ਰਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕੇ ਕਰਨ ਸੰਬੰਧੀ ਮਿਲ ਰਹੀਆਂ ਈਮੇਲ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਵਿਚ ਵੱਸਦੇ ਨਾਨਕ ਨਾਮ ਲੇਵਾ ਸੰਗਤਾਂ ਲਈ ਆਸਥਾ ਦਾ ਕੇਂਦਰ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਇਸ ਪਾਵਨ ਅਸਥਾਨ ਦੀ ਮਰਿਆਦਾ ਅਤੇ ਇਥੋਂ ਦੀਆਂ ਪਰੰਪਰਾਵਾਂ ਦਾ ਪਾਲਣ ਕਰਦੇ ਹੋਏ ਇਸ ਅਸਥਾਨ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ ਤੇ ਕੇਂਦਰ ਸਰਕਾਰ ਵਲੋਂ ਬੀਤੇ ਦਿਨ ਆਪਣੇ ਸੀਨਅਰ ਆਗੂ ਸ਼ਵੇਤ ਮਲਿਕ ਦੀ ਅਗਵਾਈ ਵਿਚ ਵਫਦ ਨੂੰ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਵੀ ਭੇਜਿਆ ਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਇਸ ਅਹਿਮ ਮਾਮਲੇ ਪ੍ਰਤੀ ਅਜੇ ਤੱਕ ਵੀ ਗ਼ੈਰ-ਸੰਜੀਦਾ ਹੈ | ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਵਿਚ ਪੰਜਾਬ ਸਰਕਾਰ ਫੇਲ੍ਹ ਹੋਈ ਹੈ | ਪੰਜਾਬ ਸਰਕਾਰ ਨੂੰ ਅਹੰਕਾਰ ਛੱਡ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇੇ ਮਦਦ ਪ੍ਰਾਪਤ ਕਰਨੀ ਚਾਹੀਦੀ ਹੈ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀਆਂ ਦੇ ਮਾਮਲੇ ਨੂੰ ਹਲਕੇ ਵਿਚ ਲੈ ਰਹੇ ਹਨ ਮੁੱਖ ਮੰਤਰੀ ਤੇ ਪੰਜਾਬ ਸਰਕਾਰ : ਤਰੁਣ ਚੁੱਘ
ਇਸ ਮੌਕੇ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀਆਂ ਦੇ ਮਾਮਲੇ ਨੂੰ ਹਲਕੇ ਵਿਚ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਬੀਤੇ ਕੱਲ ਪੰਜਾਬ ਸਰਕਾਰ ਵਲੋਂ ਫ਼ਿਲਮੀ ਡਰਾਮਾ ਕੀਤਾ ਗਿਆ ਕਿ ਦੋਸ਼ੀ ਵਿਅਕਤੀ ਗਿ੍ਫਤਾਰ ਕਰ ਲਿਆ ਗਿਆ ਹੈ, ਪਰ ਬੀਤੇ ਦਿਨ ਤੇ ਅੱਜ ਫਿਰ ਧਮਕੀ ਭਰੀਆਂ ਈਮੇਲ ਆਈਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੂਬਾ ਸਰਕਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ | ਇਸ ਤੋਂ ਪਹਿਲਾਂ ਦਰਸ਼ਨ ਕਰਨ ਉਪਰੰਤ ਸ੍ਰੀ ਅਸ਼ਵਨੀ ਸ਼ਰਮਾ ਤੇ ਸ੍ਰੀ ਚੁੱਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਅੰਮਿ੍ਤਪਾਲ ਸਿੰਘ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਤ ਧਾਰਮਿਕ ਪੁਸਤਕਾਂ ਨਾਲ ਸਨਮਾਨ ਕੀਤਾ | ਜਦੋਂ ਕਿ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਭਾਜਪਾ ਆਗੂਆਂ ਵਲੋਂ ਸੂਚਨਾ ਕੇਂਦਰ ਦੇ ਬਾਹਰ ਸ੍ਰੀ ਸ਼ਰਮਾ ਤੇ ਸ੍ਰੀ ਚੁੱਘ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਭਾਜਪਾ ਆਗੂ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਪਰਮਿੰਦਰ ਸਿੰਘ ਬਰਾੜ, ਬੋਨੀ ਅਮਰਪਾਲ ਸਿੰਘ ਅਜਨਾਲਾ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਹਰਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ ਤੇ ਇੰਦਰਜੀਤ ਸਿੰਘ ਬਾਸਰਕੇ ਸਮੇਤ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ | ਬਾਅਦ ਵਿਚ ਸ੍ਰੀ ਅਸ਼ਵਨੀ ਸ਼ਰਮਾ ਸਾਥੀਆਂ ਸਮੇਤ ਸ੍ਰੀ ਦੁਰਗਿਆਣਾ ਮੰਦਰ ਵਿਖੇ ਵੀ ਮੱਥਾ ਟੇਕਣ ਗਏ |