
65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਦੋ ਸਾਲਾਂ ’ਚ ਚਾੜ੍ਹਿਆ ਜਾਵੇਗਾ ਨੇਪਰੇ
ਸੰਗਰੂਰ 14 ਨਵੰਬਰ (ਧੀਰਜ ਪਸ਼ੌਰੀਆ)-ਸੰਗਰੂਰ ਨੇੜਲੇ ਪਿੰਡ ਚੰਗਾਲ ਵਿਖੇ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਜਾ ਰਿਹਾ ਹੈ । ਮਸਤੂਆਣਾ ਸਾਹਿਬ ਦੇ ਨੇੜੇ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਦੇ ਨਿਰਮਾਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 25 ਨਵੰਬਰ ਤੱਕ ਟੈਂਡਰ ਪਾਏ ਜਾਣਗੇ ਜਿਸ ਤੋਂ ਬਾਅਦ ਟੈਂਡਰ ਖੋਲਣ ਤੋਂ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ। ਪਿੰਡ ਚੰਗਾਲ ਵਿਖੇ ਸੱਤ ਏਕੜ ਰਕਬੇ ਵਿੱਚ ਬਣਨ ਵਾਲੇ ਇਸ ਹੋਮਿਓਪੈਥਿਕ ਮੈਡੀਕਲ ਕਾਲਜ ਦੀ ਚਾਰਦੀਵਾਰੀ ਦਾ ਨਿਰਮਾਣ ਹੋ ਚੁੱਕਾ ਹੈ। ਕਰੀਬ ਦੋ ਸਾਲਾਂ ਵਿੱਚ ਉਹ ਉਸਾਰੇ ਜਾਣ ਵਾਲੇ ਇਸ ਅਦਾਰੇ ਵਿੱਚ ਹੋਮਿਓਪੈਥਿਕ ਮੈਡੀਕਲ ਕਾਲਜ, ਹਸਪਤਾਲ, ਕੰਟੀਨ, ਪਾਰਕਿੰਗ, ਲੜਕੇ ਤੇ ਲੜਕੀਆਂ ਲਈ ਹੋਸਟਲ ਤੋਂ ਇਲਾਵਾ ਪਾਵਰ ਸਪਲਾਈ ਲਈ ਸਬ ਸਟੇਸ਼ਨ ਵੀ ਬਣੇਗਾ।
ਕਾਲਜ ਸਥਾਪਿਤ ਹੋਣ ਨਾਲ ਹੋਮਿਓਪੈਥੀ ਪ੍ਰਣਾਲੀ ਦਾ ਹੋਵੇਗਾ ਵਿਕਾਸ ਹੋਮਿਓਪੈਥਿਕ ਪ੍ਰਣਾਲੀ ਦੇ ਮਾਹਿਰ ਡਾ. ਅਮਰਜੀਤ ਸਿੰਘ ਮਾਨ ਨੇ ਇਸ ਕਾਲਜ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਕਾਲਜ ਦੇ ਸਥਾਪਿਤ ਹੋਣ ਨਾਲ ਮਾਲਵੇ ਵਿੱਚ ਹੋਮਿਓਪੈਥੀ ਪ੍ਰਣਾਲੀ ਦਾ ਵਿਕਾਸ ਹੋਵੇਗਾ ਅਤੇ ਇਲਾਕਾ ਵਾਸੀਆਂ ਨੂੰ ਹੋਮਿਓਪੈਥੀ ਪ੍ਰਣਾਲੀ ਦਾ ਸਸਤਾ ਇਲਾਜ ਮਿਲੇਗਾ। ਡਾ ਮਾਨ ਨੇ ਕਿਹਾ ਕਿ ਹੋਮਿਓਪੈਥੀ ਪ੍ਰਣਾਲੀ ਨਾਲ ਕਈ ਰੋਗਾਂ ਨੂੰ ਜੜ੍ਹ ਤੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਇਲਾਕੇ ਨੂੰ ਮਿਲਣਗੀਆਂ ਵੱਡੀਆਂ ਸਹੂਲਤਾਂ-ਭਰਾਜ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਇਸ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਸਥਾਪਤ ਹੋ ਜਾਣ ਨਾਲ ਜਿੱਥੇ ਇਲਾਕੇ ਦੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਪ੍ਰਾਪਤ ਕਰਨਗੇ ਉੱਥੇ ਇਲਾਕਾ ਵਾਸੀਆਂ ਨੂੰ ਉੱਚ ਸਿਹਤ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ।

ਚਾਰ ਸਾਲਾਂ ’ਚ ਮੈਡੀਕਲ ਕਾਲਜ ਬਣਿਆ ਨਹੀਂ ਹੁਣ ਹੋਮਿਓਪੈਥਿਕ ਮੈਡੀਕਲ ਕਾਲਜ ਕਿਵੇਂ ਬਣੇਗਾ-ਰਣਦੀਪ ਦਿਓਲ ਪਿੰਡ ਚੰਗਾਲ ਵਿਖੇ ਬਣਨ ਜਾ ਰਹੇ ਹੋਮਿਓਪੈਥਿਕ ਮੈਡੀਕਲ ਕਾਲਜ ਬਾਰੇ ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ ਪਹਿਲਾਂ ਮੈਡੀਕਲ ਕਾਲਜ ਲਈ ਕਾਂਗਰਸ ਸਰਕਾਰ ਵੇਲੇ ਮੌਕੇ ਦੇ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਗਿਆ। ਪਹਿਲਾਂ ਮੈਡੀਕਲ ਕਾਲਜ ਦਾ ਨੀਂਹ ਪੱਥਰ 2021 ਵਿੱਚ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੱਖਿਆ ਗਿਆ ਅਤੇ ਫਿਰ ਮੈਡੀਕਲ ਕਾਲਜ ਦਾ ਨੀਂਹ ਪੱਥਰ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਗਿਆ। ਇਹ ਸਿਰਫ਼ ਨੀਂਹ ਪੱਥਰ ਹੀ ਰਹਿ ਗਏ। ਹੁਣ ਮੌਜੂਦਾ ਸਰਕਾਰ ਦੇ ਆਖ਼ਰੀ ਰਹਿੰਦੇ ਮਹੀਨਿਆਂ ਵਿੱਚ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਨਿਰਮਾਣ ਕਰਵਾਏ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ ਇਹ ਸਿਰਫ਼ ਕਾਗ਼ਜ਼ੀ ਬਿਆਨਬਾਜ਼ੀ ਤੋਂ ਬਗੈਰ ਹੋਰ ਕੁਝ ਨਹੀਂ ਹੋਵੇਗਾ ।