ਸ੍ਰੀ ਚਮਕੌਰ ਸਾਹਿਬ,15 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਪੁੱਜ ਕੇ ਪੰਜਾਬ ਸਰਕਾਰ 'ਤੇ ਦੋਸ਼ ਲਗਾਏ ਕਿ ਹਸਪਤਾਲ ਮੁਕੰਮਲ ਹੋਣ ਅਤੇ ਅਪਗ੍ਰੇਡ ਹੋਣ ਦੇ ਬਾਵਜੂਦ ਨਾ ਤਾਂ ਪੂਰੇ ਡਾਕਟਰ ਤਾਇਨਾਤ ਕੀਤੇ ਗਏ ਹਨ ਤੇ ਨਾ ਹੀ ਹੋਰ ਸਟਾਫ਼ ਤੇ ਅਮਲਾ ਤਾਇਨਾਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਹੁੰਦਿਆਂ ਕਰੋੜਾਂ ਰੁਪਏ ਮਨਜ਼ੂਰ ਕੀਤੇ ਸਨ ਤੇ ਉਸ ਦੇ ਬਾਵਜੂਦ ਹਸਪਤਾਲ ਵਿਚ ਨੇੜਲੀਆਂ ਡਿਸਪੈਂਸਰੀਆਂ 'ਚੋਂ ਪੁਰਾਣਾ ਸਾਮਾਨ ਲਿਆ ਕੇ ਬੂਤਾ ਸਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਨਾਲ ਲੈ ਕੇ ਇੱਥੇ ਉਦਘਾਟਨ ਕਰਨ ਲਈ ਪੁੱਜਣਗੇ ਤੇ ਜੁਮਲੇ ਸੁਣਾ ਕੇ ਚਲੇ ਜਾਣਗੇ | ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਇੱਥੇ ਆਕਸੀਜਨ ਪਲਾਂਟ ਲਗਵਾਇਆ ਸੀ, ਉਹ ਵੀ 'ਆਪ' ਦੀ ਸਰਕਾਰ ਬਣਦਿਆਂ ਬੰਦ ਹੋ ਗਿਆ ਸੀ | ਅੱਜ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਤੇ ਕਰੋੜਾ ਰੁਪਏ ਖਰਚ ਕੇ ਵੀ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਵਲੋਂ ਵਧੀਆ ਸਿਹਤ ਸੇਵਾਵਾਂ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਇਲਾਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮੋਜੂਦਾ ਸਰਕਾਰ ਇਸ ਹਸਪਤਾਲ ਵਿਚ ਪੂਰੇ ਡਾਕਟਰ ਨਹੀਂ ਭੇਜ ਰਹੀ, ਉਨ੍ਹਾਂ ਕਿਹਾ ਕਿ 18-19 ਡਾਕਟਰਾਂ ਦੀ ਥਾਂ ਸਿਰਫ਼ ਚਾਰ ਪੰਜ ਡਾਕਟਰਾਂ ਨਾਲ ਕੰਮ ਸਾਰਿਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਵੀ ਦਿਨ ਤੈਅ ਕੀਤੇ ਗਏ ਹਨ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇੱਥੇ ਜਲਦੀ ਪੂਰਾ ਅਮਲਾ ਅਤੇ ਮਸ਼ੀਨਰੀ ਨਾ ਭੇਜੀ ਤਾਂ ਉਹ ਇਸ ਦਾ ਸਖ਼ਤ ਵਿਰੋਧ ਕਰਨਗੇ |