ਰੂਪਨਗਰ, 15 ਜੁਲਾਈ (ਸਟਾਫ਼ ਰਿਪੋਰਟਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਜ਼ਿਲ੍ਹਾ ਰੂਪਨਗਰ ਵਲੋਂ ਡਿਪਟੀ ਚੀਫ਼ ਇੰਜੀਨੀਅਰ ਪਾਵਰ ਕਾਮ ਰੂਪਨਗਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਬਿਜਲੀ ਸਮਾਰਟ ਮੀਟਰ ਲਗਾਉਣ ਅਤੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਕੀਤਾ ਗਿਆ | ਮੀਤ ਪ੍ਰਧਾਨ ਹਰਜੀਤ ਸਿੰਘ ਸਰਾਓ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਕਮੇਟੀ ਦੇ ਪ੍ਰਧਾਨ ਸਪਿੰਦਰ ਸਿੰਘ ਧਨੋਆ ਦੀ ਅਗਵਾਈ ਵਿਚ ਕੀਤਾ ਗਿਆ | ਇਸ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਢੰਗਰਾਲੀ, ਸੁਰਿੰਦਰ ਸਿੰਘ ਰਸੂਲਪੁਰ ਅਤੇ ਜਸਮੇਰ ਸਿੰਘ ਬਾਠਾਂ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਬਿਜਲੀ ਸਮਾਰਟ ਮੀਟਰ ਲਗਾਉਣ ਦੇ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰੇ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਵਿਰੋਧ ਦਾ ਹਰ ਪੱਧਰ ਉੱਤੇ ਸੰਘਰਸ਼ ਵਿੱਢੇਗੀ | ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੀ ਪੁਰਜ਼ੋਰ ਵਿਰੋਧਤਾ ਕੀਤੀ | ਇਸ ਰੋਸ ਪ੍ਰਦਰਸ਼ਨ ਵਿੱਚ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਹਰੇਬਾਜ਼ੀ ਕਰਨ ਉਪਰੰਤ ਆਗੂਆਂ ਵਲੋਂ ਮੋਹਿਤ ਸੂਦ ਡਿਪਟੀ ਚੀਫ਼ ਇੰਜਨੀਅਰ ਰੂਪਨਗਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਅੱਠ ਸੂਤਰੀ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਉਪਰੋਕਤ ਮੰਗਾਂ ਤੋਂ ਇਲਾਵਾ ਸਰਕਾਰ ਵਲੋਂ ਬਿਜਲੀ ਬੋਰਡ ਦੀਆਂ 85 ਹਜ਼ਾਰ ਦੇ ਲਗਭਗ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਕੇ ਨੌਜਵਾਨ ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾਵੇ | ਕਿਸਾਨਾਂ ਨੂੰ ਖੇਤੀਬਾੜੀ ਅਤੇ ਆਮ ਲੋਕਾਂ ਦੀ ਘਰੇਲੂ ਵਰਤੋਂ ਵਿਚ ਆਉਣ ਵਾਲੇ ਬਿਜਲੀ ਸੰਬੰਧੀ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ | ਇਸ ਧਰਨੇ ਵਿਚ ਉਪਰੋਕਤ ਤੋਂ ਇਲਾਵਾ ਸਰਪੰਚ ਰਣਦੀਪ ਸਿੰਘ ਦੀਪੂ, ਸੁਖਦਰਸ਼ਨ ਸਿੰਘ, ਰਣਜੋਧ ਸਿੰਘ, ਸੁਰਿੰਦਰ ਸਿੰਘ ਧਨੋਆ ਦਾਤਾਰਪੁਰ,ਗੁਰਪ੍ਰੀਤ ਸਿੰਘ ਗੋਰਾ ਭਾਉਵਾਲ,ਅਮਰੀਕ ਸਿੰਘ,ਰਣਧੀਰ ਸਿੰਘ ਨਥਮਲਪੁਰ, ਗੁਰਦੇਵ ਸਿੰਘ,ਨਿਰਮਲ ਸਿੰਘ, ਉਂਕਾਰ ਸਿੰਘ, ਬੀਰਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਤੇਜ ਸਿੰਘ, ਜਸਪ੍ਰੀਤ ਸਿੰਘ, ਬਲਜੀਤ ਸਿੰਘ ਸਰੋਓ, ਅੰਮਿ੍ਤ ਸਿੰਘ ਆਦਿ ਸ਼ਾਮਲ ਸਨ |