ਵਿਸ਼ਾਖਾਪਟਨਮ, 18 ਜੁਲਾਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਗੋਤਾਖੋਰੀ ਸਹਾਇਤਾ ਬੇੜਾ (ਡਾਈਵਿੰਗ ਸਪੋਰਟ ਵੈਸਲ) 'ਨਿਸਤਾਰ' ਭਾਰਤੀ ਜਲ ਸੈਨਾ 'ਚ ਸ਼ਾਮਿਲ ਹੋ ਗਿਆ ਹੈ | ਹਿੰਦੋਸਤਾਨ ਸ਼ਿਪਯਾਰਡ ਲਿਮਟਡ ਦੁਆਰਾ ਬਣਾਏ ਦੋ ਗੋਤਾਖੋਰੀ ਸਹਾਇਤਾ ਬੇੜਿਆਂ 'ਚੋਂ ਜਲ ਸੈਨਾ ਨੂੰ ਮਿਲਣ ਵਾਲਾ ਇਹ ਪਹਿਲਾ ਬੇੜਾ ਹੈ | ਇਸ ਮੌਕੇ ਭਾਰਤੀ ਜਲ ਸੈਨਾ ਦੇ ਪ੍ਰਮੁੱਖ ਐਡਮਿਰਲ ਦਿਨੇਸ਼ ਕੁਮਾਰ ਤਿ੍ਪਾਠੀ ਤੇ ਕਈ ਹੋਰ ਸ਼ਖਸੀਅਤਾਂ ਮੌਜੂਦ ਸਨ | ਵਿਸ਼ਾਖਾਪਟਨਮ 'ਚ ਰੱਖਿਆ ਪੀ.ਆਰ.ਓ. ਦਫ਼ਤਰ ਅਨੁਸਾਰ ਇਸ ਬੇੜੇ ਦਾ ਭਾਰ 10,500 ਟਨ ਤੋਂ ਜ਼ਿਆਦਾ ਹੈ ਅਤੇ ਇਸ ਦੀ ਲੰਬਾਈ 120 ਮੀਟਰ ਤੇ ਚੌੜਾਈ 20 ਮੀਟਰ ਤੋਂ ਵੱਧ ਹੈ | ਇਸ ਬੇੜੇ ਦੀਆਂ ਮੁੱਖ ਭੂਮਿਕਾਵਾਂ 'ਚ ਡੂੰਘੇ ਸਮੁੰਦਰ 'ਚ ਗੋਤਾਖੋਰੀ ਤੇ ਸੰਕਟਗ੍ਰਸਤ ਪਣਡੁੱਬੀਆਂ ਰਾਹੀਂ ਬਚਾਅ ਮੁਹਿੰਮ ਸ਼ਾਮਿਲ ਹਨ | ਇਸ 'ਚ ਗੋਤਾਖੋਰੀ ਮਿਸ਼ਨਾਂ ਲਈ ਵੀ ਜ਼ਰੂਰੀ ਅਤਿ-ਆਧੁਨਿਕ ਪਣਾਲੀਆਂ ਲੱਗੀਆਂ ਹੋਈਆਂ ਹਨ | ਐਡਮਿਰਲ ਦਿਨੇਸ਼ ਕੇ. ਤਿ੍ਪਾਠੀ ਨੇ ਕਿਹਾ ਕਿ 'ਨਿਸਤਾਰ' ਦਾ ਪਹਿਲਾ ਸੰਸਕਰਨ 29 ਮਾਰਚ, 1971 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਭਾਰਤ-ਪਾਕਿ ਜੰਗ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਸੀ |