ਗੁਰਦੀਪ ਸਿੰਘ ਗਰੇਵਾਲ
ਐਬਟਸਫੋਰਡ, 25 ਅਕਤੂਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਸੂਬੇ ਦੀ 44ਵੀਂ 93 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਪਈਆਂ ਤੇ ਦੇਰ ਰਾਤ ਆਏ ਨਤੀਜਿਆਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਨੂੰ 64, ਨਿਊ ਡੈਮੋਕਰੇਟਿਕ ਪਾਰਟੀ ਨੂੰ 27 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ, ਜਦਕਿ ਸੈਂਟਰ ਬੀ.ਸੀ. ਪਾਰਟੀ ਤੇ ਵੰਨ ਬੀ.ਸੀ. ਇਨ੍ਹਾਂ ਚੋਣਾਂ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਤੇ ਐਨ.ਡੀ.ਪੀ. ਆਗੂ ਡੇਵਿਡ ਈ.ਬੀ. ਨੇ ਆਪਣੀ ਪਾਰਟੀ ਦੀ ਹੋਈ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਦੇ ਆਗੂ ਲੋਰਨ ਡੋਰਕਸਨ ਬ੍ਰਿਟਿਸ਼ ਕੋਲੰਬੀਆ ਦੇ ਅਗਲੇ ਮੁੱਖ ਮੰਤਰੀ ਹੋਣਗੇ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ 43 ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ ’ਚੋਂ 15 ਪੰਜਾਬੀ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ 12 ਪੰਜਾਬੀਆਂ ਨੂੰ ਟਿਕਟ ਦਿੱਤੀ ਸੀ, ਜਿਨ੍ਹਾਂ ’ਚੋਂ 11 ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। ਐਨ.ਡੀ.ਪੀ. ਦੇ 4 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਦਸਤਾਰਧਾਰੀ ਪੰਜਾਬੀ ਵਿਧਾਇਕ ਚੁਣੇ ਗਏ ਹਨ ਤੇ ਦੋਵੇਂ ਹੀ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਹੌਰ ਦੇ ਜੰਮਪਲ ਤੇ ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਹੇ ਤੇ ਬਰਨਬੀ-ਨਿਊਵੈਸਟ ਮਿਨਸਟਰ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਰਾਜ ਚੌਹਾਨ ਨੂੰ 7ਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦਾ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਲੁਧਿਆਣਾ ਨਾਲ ਸੰਬੰਧਿਤ ਤੇ ਬ੍ਰਿਟਿਸ਼ ਕੋਲੰਬੀਆ ਦੀ ਉਪ ਮੁੱਖ ਮੰਤਰੀ ਰਹੀ ਐਨ.ਡੀ.ਪੀ. ਉਮੀਦਵਾਰ ਨਿੱਕੀ ਸ਼ਰਮਾ ਵੈਨਕੂਵਰ-ਹੇਸਟਿੰਗ ਹਲਕੇ ਤੋਂ ਜੇਤੂ ਰਹੀ ਹੈ, ਜਦਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਤੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਮਪਲ ਤੇ ਸਰੀ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ਨੇ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਸੰਸਥਾਪਕ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਐਨ.ਡੀ.ਪੀ. ਉਮੀਦਵਾਰ ਸਾਹਿਬ ਥਿੰਦ ਨੂੰ ਹਰਾਇਆ। ਪ੍ਰੋਫ਼ੈਸਰ ਤੋਂ ਸਿਆਸਤਦਾਨ ਬਣੇ ਤੇ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਉਮੀਦਵਾਰ ਡਾ. ਹਰਜ ਧਾਲੀਵਾਲ ਨੇ ਕੈਬਨਿਟ ਮੰਤਰੀ ਰਹੀ ਤੇ ਐਨ.ਡੀ.ਪੀ. ਉਮੀਦਵਾਰ ਜਸਪ੍ਰੀਤ ਕੌਰ ‘ਜੈਸੀ’ ਸੁੰਨੜ ਨੂੰ ਹਰਾਇਆ। ਕੈਨੇਡੀਅਨ ਫ਼ੌਜ ਦੇ ਸਾਬਕਾ ਸੈਨਿਕ ਤੇ ਸਰੀ ਫਲੀਟਵੁੱਡ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਗੁਰਸ਼ਰਨ ਸਿੰਘ ‘ਗੈਰੀ’ ਪੁਰੇਵਾਲ ਨੇ 6 ਵਾਰ ਵਿਧਾਇਕ ਤੇ ਕੈਬਨਿਟ ਮੰਤਰੀ ਰਹੇ ਐਨ.ਡੀ.ਪੀ. ਉਮੀਦਵਾਰ ਜਗਰੂਪ ਸਿੰਘ ਬਰਾੜ ਨੂੰ ਹਰਾਇਆ। ਜ਼ਿਲ੍ਹਾ ਜਲੰਧਰ ਦੇ ਨਕੋਦਰ ਨੇੜਲੇ ਪਿੰਡ ਸਰੀਂਹ ਦੇ ਜੰਮਪਲ ਤੇ ਬੀ.ਸੀ. ਦੇ ਉੱਘੇ ਸਿੱਖ ਆਗੂ ਅਵਤਾਰ ਸਿੰਘ ਸੰਧੂ ਦੇ ਸਪੁੱਤਰ ਤੇ ਵੈਨਕੂਵਰ ਫਰੇਜ਼ਰਵਿਊ ਤੋਂ ਕੰਜ਼ਰਵੇਟਿਵ ਉਮੀਦਵਾਰ ਦੀਪ ਸਿੰਘ ਸੰਧੂ ਨੇ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਐਨ.ਡੀ.ਪੀ. ਉਮੀਦਵਾਰ ਅਮਨਦੀਪ ਸਿੰਘ ਨੂੰ ਹਰਾਇਆ। ਪਹਿਲਵਾਨ ਤੇ ਪੁਲਿਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਤੇ ਗੁਰਾਇਆ ਨੇੜਲੇ ਪਿੰਡ ਚੱਕ ਦੇਸ ਰਾਜ ਸਿੰਘ ਦੇ ਸਰੀ-ਸਰਪਟਾਈਨ ਰਿਵਰ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਪ੍ਰੀਤ ਸਿੰਘ ‘ਜੈਸੀ’ ਸਹੋਤਾ ਨੇ ਰਾਜਸਥਾਨ ਦੇ ਸਾਬਕਾ ਮੰਤਰੀ ਜਗਤਾਰ ਸਿੰਘ ਕੰਗ ਦੇ ਪੋਤਰੇ ਤੇ ਐਨ.ਡੀ.ਪੀ. ਉਮੀਦਵਾਰ ਸਿਕੰਦਰ ਸਿੰਘ ਕੰਗ ਨੂੰ ਹਰਾਇਆ। 80ਵੇਂ ਦਹਾਕੇ ’ਚ ਉੱਘੇ ਪੰਜਾਬੀ ਗਾਇਕ ਰਹੇ ਕੇ.ਐਸ. ਕੂਨਰ ਦੇ ਫਰਜ਼ੰਦ ਤੇ ਰਿਚਮੰਡ ਕੁਈਨਜ਼ਬਰੋ ਤੋਂ ਕੰਜ਼ਰਵੇਟਿਵ ਉਮੀਦਵਾਰ ਐਡਵੋਕੇਟ ਸਟੀਵ ਕੂਨਰ ਨੇ ਐਨ.ਡੀ.ਪੀ. ਉਮੀਦਵਾਰ ਧਰ ਗਰੇਵਾਲ ਨੂੰ ਹਰਾਇਆ। ਜਲੰਧਰ ਸ਼ਹਿਰ ਨਾਲ ਸੰਬੰਧਿਤ ਪ੍ਰਿਤਪਾਲ ਸਿੰਘ ਭਾਟੀਆ ਦਾ ਸਪੁੱਤਰ ਤੇ ਕਲੋਨਾ-ਲੇਕ ਕੰਟਰੀ - ਕੋਲਡਸਟਰੀਮ ਤੋਂ ਕੰਜ਼ਰਵੇਟਿਵ ਉਮੀਦਵਾਰ ਪਵਨੀਤ ਸਿੰਘ ‘ਹੈਪੀ’ ਐਨ.ਡੀ.ਪੀ. ਉਮੀਦਵਾਰ ਬਿੰਨੀ ਬੋਪਾਰਾਏ ਨੂੰ ਹਰਾ ਕੇ ਜੇਤੂ ਰਹੇ ਹਨ। ਪਿੰਗਲਵਾੜਾ ਭਗਤ ਪੂਰਨ ਸਿੰਘ ਸੁਸਾਇਟੀ ਬੀ.ਸੀ. ਦੇ ਪ੍ਰਧਾਨ ਤੇ ਅਬੋਹਰ ਦੇ ਜੰਮਪਲ ਗੁਰਪ੍ਰੀਤ ਸਿੰਘ ‘ਗੈਰੀ’ ਥਿੰਦ (ਸਰੀ-ਗਿੱਲਫੋਰਡ) ਤੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਰਕਬਾ ਦੇ ਅਵਤਾਰ ਸਿੰਘ ਬੱਲ ਦੀ ਧੀ ਜੋਡੀ ਤੂਰ (ਲੈਂਗਲੀ-ਵਿਲੋਬਰੁੱਕ) ਤੇ ਜਲੰਧਰ ਨੇੜਲੇ ਪਿੰਡ ਪੂਰਨਪੁਰ ਨਾਲ ਸੰਬੰਧਿਤ ਹਰਮਨ ਭੰਗੂ (ਲੈਂਗਲੀ ਐਬਟਸਫੋਰਡ) ਤੇ ਉੱਘੀ ਪੰਜਾਬਣ ਵਕੀਲ ਮੋਨਿਕਾ ਮੋਹਨ ਡੈਲਟਾ ਉੱਤਰੀ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੇ ਵਿਧਾਇਕ ਚੁਣੇ ਗਏ ਹਨ, ਜਦਕਿ ਮਾਹਿਲਪੁਰ ਨੇੜਲੇ ਪਿੰਡ ਜੰਗਲੀਆਣਾ ਦੇ ਰਵੀ ਪਰਮਾਰ (ਲੈਂਗਫੋਰਡ-ਹਾਈਲੈਂਡਜ) ਅਤੇ ਅੰਮ੍ਰਿਤਸਰ ਦੀ ਰੋਹਿਨੀ ਅਰੋੜਾ ਬਰਨਬੀ ਪੂਰਬੀ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਦੀ ਟਿਕਟ ’ਤੇ ਜੇਤੂ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ’ਚ 15 ਪੰਜਾਬੀ ਬਣੇ ਵਿਧਾਇਕ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ
ਗੁਰਦੀਪ ਸਿੰਘ ਗਰੇਵਾਲ ਐਬਟਸਫੋਰਡ, 25 ਅਕਤੂਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਸੂਬੇ ਦੀ 44ਵੀਂ 93 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ....
ਅਜੀਤ ਡੈਸਕ
26-10-2026