ਬੈਂਗਲੁਰੂ, 18 ਜੁਲਾਈ (ਪੀ. ਟੀ. ਆਈ.)-ਬੈਂਗਲੁਰੂ ਦੇ ਲਗਪਗ 50 ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜੋ ਜਾਂਚ ਤੋਂ ਬਾਅਦ ਫ਼ਰਜ਼ੀ ਨਿਕਲੀ | ਪੁਲਿਸ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਸਕੂਲ ਦੇ ਅੰਦਰ ਬੰਬ' ਵਿਸ਼ੇ ਵਾਲੀ ਈ-ਮੇਲ ਸਵੇਰੇ 7.24 ਵਜੇ ਵੱਖ-ਵੱਖ ਸਕੂਲਾਂ ਦੇ ਲਗਭਗ 50 ਈ-ਮੇਲ. ਆਈ.ਡੀ. 'ਤੇ ਭੇਜੇ ਗਏ ਸਨ | ਪੁਲਿਸ ਨੇ ਕਿਹਾ ਕਿ ਮੇਲ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਉਸ ਨੇ ਸੰਬੰਧਿਤ ਸਕੂਲਾਂ ਦੇ ਕਲਾਸਰੂਮਾਂ ਵਿਚ ਕਈ ਵਿਸਫੋਟਕ ਯੰਤਰ ਰੱਖੇ ਸਨ | ਈਮੇਲ ਵਿਚ ਕਿਹਾ ਗਿਆ ਸੀ, ਹੈਲੋ¢ ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਸਕੂਲ ਦੇ ਕਲਾਸਰੂਮਾਂ ਵਿਚ ਕਈ ਵਿਸਫੋਟਕ ਯੰਤਰ (ਟ੍ਰਾਈਨੀਟ੍ਰੋਟੋਲੂਨ) ਰੱਖੇ ਹਨ | ਵਿਸਫੋਟਕਾਂ ਨੂੰ ਕਾਲੇ ਪਲਾਸਟਿਕ ਦੇ ਥੈਲਿਆਂ ਵਿਚ ਲੁਕਾਇਆ ਗਿਆ ਹੈ | ਪੁਲਿਸ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ | ਇਸ ਤੋਂ ਬਾਅਦ ਪੁਲਿਸ ਬੰਬ ਨਿਰੋਧਕ ਦਸਤੇ ਅਤੇ ਸਾਬੋਤਾਜ ਵਿਰੋਧੀ ਜਾਂਚ ਟੀਮਾਂ ਦੇ ਨਾਲ ਸੰਬੰਧਿਤ ਸਕੂਲਾਂ ਵਿਚ ਪਹੁੰਚ ਗਈ | ਪੁਲਿਸ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੁਰੰਤ ਸਕੂਲ ਦੇ ਅਹਾਤੇ 'ਚੋਂ ਬਾਹਰ ਕੱਢ ਲਿਆ ਗਿਆ ਪਰ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ |