ਮੌਨਸੂਨ ਇਜਲਾਸ ਦੀ ਰਣਨੀਤੀ ਸੰਬੰਧੀ ਰਾਜਨਾਥ ਦੇ ਨਿਵਾਸ 'ਤੇ ਮੀਟਿੰਗ
ਅਜੀਤ ਡੈਸਕ
19-07-2025
ਨਵੀਂ ਦਿੱਲੀ, 18 ਜੁਲਾਈ (ਪੀ. ਟੀ. ਆਈ)-ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਜੇ.ਪੀ. ਨੱਢਾ ਅਤੇ ਕਿਰਨ ਰਿਜੀਜੂ ਸਮੇਤ ਕਈ ਕੇਂਦਰੀ ਮੰਤਰੀਆਂ ਨੇ 21 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੀ ਮਾਨਸੂਨ ਇਜਲਾਸ ਤੋਂ ਪਹਿਲਾਂ ਅੱਜ ਰੱਖਿਆ ਮੰਤਰੀ ਦੇ ਨਿਵਾਸ 'ਤੇ ਰਣਨੀਤੀ ਮੀਟਿੰਗ ਕੀਤੀ | ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਮੰਤਰੀਆਂ ਦੇ ਸਮੂਹ ਨੇ ਐਤਵਾਰ ਨੂੰ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਅਤੇ ਵਿਰੋਧੀ ਪਾਰਟੀਆਂ ਵਲੋਂ ਇਜਲਾਸ 'ਚ ਬਿਹਾਰ ਦੀਆਂ ਵੋਟਰ ਸੂਚੀਆਂ, ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸੰਧੂਰ ਸਮੇਤ ਚੁੱਕੇ ਜਾਣ ਵਾਲੇ ਹੋਰ ਮੁੱਦਿਆਂ ਸੰਬੰਧੀ ਸਰਕਾਰ ਦੇ ਰੁਖ਼ ਦੀ ਰਣਨੀਤੀ ਤਿਆਰ ਕੀਤੀ | ਮੀਟਿੰਗ ਦੇ ਏਜੰਡੇ ਸੰਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ ਪਰ ਸੂਤਰਾਂ ਅਨੁਸਾਰ ਇਹ ਮੀਟਿੰਗ ਮੌਨਸੂਨ ਇਜਲਾਸ ਨਾਲ ਸੰਬੰਧਿਤ ਸੀ | ਮੀਟਿੰਗ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਜੇ.ਪੀ. ਨੱਢਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਦੇ ਇਲਾਵਾ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਜੀ. ਕਿਸ਼ਨ ਰੈਡੀ ਵੀ ਹਾਜ਼ਰ ਸਨ | ਵਿਰੋਧੀ ਪਾਰਟੀਆਂ ਸੰਸਦ 'ਚ ਬਿਹਾਰ ਦੀਆਂ ਵੋਟਰ ਸੂਚੀਆਂ ਤੇ ਆਪ੍ਰੇਸ਼ਨ ਸੰਧੂਰ ਦੇ ਮੁੱਦਿਆਂ 'ਤੇ ਬਹਿਸ ਦੀ ਮੰਗ ਕਰ ਰਹੀਆਂ ਹਨ |