ਕੋਲਕਾਤਾ, 16 ਜੁਲਾਈ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੇਸ਼ ਭਰ 'ਚ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਦੀ ਨੀਤੀ ਦਾ ਦੋਸ਼ ਲਗਾਇਆ ਅਤੇ ਭਗਵਾ ਪਾਰਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ 'ਤੇ ਤੁਰੰਤ ਰੋਕ ਨਾ ਲਗਾਈ ਤਾਂ ਉਸ ਨੂੰ ਗੰਭੀਰ ਰਾਜਨੀਤਕ ਨਤੀਜੇ ਭੁਗਤਣੇ ਪੈਣਗੇ | ਭਾਜਪਾ ਖਿਲਾਫ਼ ਵਿਰੋਧ ਮਾਰਚ ਕਰਨ ਉਪਰੰਤ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਦੋਸ਼ ਲਗਾਇਆ ਕਿ ਮੈਂ ਕੇਂਦਰ ਸਰਕਾਰ ਦੇ ਉਨ੍ਹਾਂ ਨੋਟਿਸਾਂ ਨੂੰ ਚੁਣੌਤੀ ਦੇਵਾਂਗੀ ਜੋ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਮਾਮੂਲੀ ਸ਼ੱਕ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਲਈ ਭਾਜਪਾ ਸ਼ਾਸਤ ਰਾਜਾਂ ਨੂੰ ਗੁਪਤ ਰੂਪ ਨਾਲ ਭੇਜੇ ਗਏ ਸਨ | ਉਨ੍ਹਾਂ ਕਿਹਾ ਕਿ ਬੰਗਾਲ ਦੇ ਲਗਪਗ 22 ਲੱਖ ਪ੍ਰਵਾਸੀ ਮਜ਼ਦੂਰ ਦੇਸ਼ ਦੇ ਹੋਰ ਹਿੱਸਿਆਂ 'ਚ ਕੰਮ ਕਰ ਰਹੇ ਹਨ, ਜਿਨ੍ਹਾਂ ਕੋਲ ਆਧਾਰ, ਈ.ਪੀ.ਆਈ.ਸੀ. ਤੇ ਪੈਨ ਕਾਰਡ ਵਰਗੇ ਪਛਾਣ ਦਸਤਾਵੇਜ਼ ਹਨ ਅਤੇ ਕਿਸੇ ਮਾਮੂਲੀ ਕਾਰਨ ਉਨ੍ਹਾਂ ਨਾਲ ਕੀਤੇ ਕਿਸੇ ਵੀ ਦੁਰਵਿਹਾਰ ਨੂੰ ਉਹ ਬਰਦਾਸ਼ਤ ਨਹੀਂ ਕਰੇਗੀ |