19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਜਪਾ-ਅਕਾਲੀ ਗੱਠਜੋੜ ਸੰਬੰਧੀ ਭੰਬਲਭੂਸਾ ਜਾਰੀ

ਭਾਜਪਾ-ਅਕਾਲੀ ਗੱਠਜੋੜ ਸੰਬੰਧੀ ਭੰਬਲਭੂਸਾ ਜਾਰੀ

ਅਜੀਤ ਡੈਸਕ 20-11-2026

* ਕਿਸ ਨਾਲ, ਕਦੋਂ ਤੇ ਕਿੱਥੇ ਗੱਲਬਾਤ ਹੋ ਰਹੀ ਦਾ ਜਵਾਬ ਕਿਸੇ ਕੋਲ ਨਹੀਂ * ਪੰਥਕ ਮੁੱਦਿਆਂ ਦੇ ਹੱਲ ਬਿਨਾਂ ਕੇਵਲ ਸੀਟਾਂ ਦੀ ਵੰਡ ਵਾਲਾ ਗੱਠਜੋੜ ਕੀ ਪ੍ਰਵਾਨ ਚੜ੍ਹ ਸਕੇਗਾ?

ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਨਵੰਬਰ- ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰੇਗੀ ਇਹ ਸਵਾਲ ਪੰਜਾਬ ਦੇ ਰਾਜਸੀ ਹਲਕਿਆਂ ਲਈ ਇਕ ਵੱਡੀ ਬੁਝਾਰਤ ਬਣਿਆ ਹੋਇਆ ਹੈ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਭਾਵੇਂ ਕੁਝ ਸਮਾਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਇਸ ਵਾਰ ਐਨ.ਡੀ.ਏ. ਦੀ ਸਰਕਾਰ ਬਣੇਗੀ ਤੇ ਮਗਰਲੇ ਦਿਨਾਂ ਦੌਰਾਨ ਅਜਿਹੀਆਂ ਅਟਕਲਾਂ ਦਾ ਬਾਜ਼ਾਰ ਵੀ ਗਰਮ ਰਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਐਲਾਨ ਬਹੁਤ ਜਲਦੀ ਹੋ ਰਿਹਾ ਹੈ । ਲੇਕਿਨ ਦਿਲਚਸਪ ਗੱਲ ਹੈ ਕਿ ਭਾਜਪਾ ਦੇ ਕੌਮੀ ਤੇ ਸੂਬਾ ਲੀਡਰ ਲਗਾਤਾਰ ਕਹਿ ਰਹੇ ਹਨ ਕਿ ਭਾਜਪਾ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਪ੍ਰੰਤੂ ਗੱਠਜੋੜ ਦੇ ਫੈਸਲੇ ਦਾ ਅਧਿਕਾਰ ਕੇਵਲ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਹੈ। ਜਦੋਂਕਿ, ਦੂਜੇ ਪਾਸੇ ਅਕਾਲੀ ਆਗੂ ਇਹ ਕਹਿ ਰਹੇ ਹਨ ਕਿ ਪਾਰਟੀ ਵਲੋਂ ਗੱਠਜੋੜ ਲਈ ਗੱਲਬਾਤ ਦੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੂੰ ਦੇ ਦਿੱਤੇ ਹਨ ਤੇ ਉਹ ਹੀ ਇਸ ਸੰਬੰਧੀ ਗੱਲਬਾਤ ਕਰਨ ਲਈ ਅਧਿਕਾਰਤ ਹਨ । ਕੁੱਲ ਮਿਲਾ ਕੇ ਹੁਣ ਅਕਾਲੀ-ਭਾਜਪਾ ਗੱਠਜੋੜ ਦਾ ਅਸਲ ਸੱਚ ਕੇਵਲ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਸੁਖਬੀਰ ਕੋਲ ਹੀ ਹੈ। ਰਾਜਸੀ ਹਲਕੇ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਹੁਣ ਜਦੋਂ ਚੋਣਾਂ ਦੇ ਐਲਾਨ ਵਿਚ ਡੇਢ ਮਹੀਨਾਂ ਹੀ ਬਚਿਆ ਹੈ ਗੱਠਜੋੜ ਸੰਬੰਧੀ ਭੰਬਲਭੂਸਾ ਦੋਵਾਂ ਪਾਰਟੀਆਂ ਦੀਆਂ ਮੁਸ਼ਕਿਲਾਂ ਵਧਾਏਗਾ ਤਾਂ ਨਹੀਂ । ਭਾਜਪਾ ਤੇ ਅਕਾਲੀ ਦਲ (ਬ) ਚੋਣਾਂ ਦੇ ਹੀ ਉਮੀਦਵਾਰ ਹੁਣ ਤਕਰੀਬਨ ਬਹੁਤੇ ਹਲਕਿਆਂ ਵਿਚ ਕੰਮ ਸ਼ੁਰੂ ਕਰ ਚੁੱਕੇ ਹਨ, ਕੀ ਉਨ੍ਹਾਂ ਨੂੰ ਬਾਅਦ ਵਿਚ ਘਰਾਂ ’ਚ ਬਿਠਾਉਣਾ ਮੁਸ਼ਕਿਲ ਤਾਂ ਨਹੀਂ ਬਣ ਜਾਵੇਗਾ। ਬੀਤੇ ਦਿਨੀਂ 3 ਨਵੰਬਰ ਨੂੰ ਦਿੱਲੀ ਵਿਖੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ ਤਾਂ ਉਨ੍ਹਾਂ ਵਲੋਂ ਮੁਲਾਕਾਤ ਕੇਵਲ ਲੜਕੇ ਤੇ ਲੜਕੀ ਦੇ ਪਰਿਵਾਰ ਨਾਲ ਕੀਤੀ ਗਈ, ਲੇਕਿਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜੋ ਕਿ ਲੜਕੀ ਦੇ ਪਰਿਵਾਰ ’ਚੋਂ ਸਨ ਨੂੰ ਪ੍ਰਧਾਨ ਮੰਤਰੀ ਨੇੜੇ ਜਾਣ ਦਾ ਮੌਕਾ ਨਹੀਂ ਮਿਲਿਆ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨਾਲ ਭੇਂਟ ਜ਼ਰੂਰ ਕੀਤੀ । ਗੱਠਜੋੜ ਦੇ ਚਰਚਿਆਂ ਦੌਰਾਨ ਪ੍ਰਧਾਨ ਮੰਤਰੀ ਦਾ ਇਹ ਰਵੱਈਆ ਵੀ ਰਾਜਸੀ ਹਲਕਿਆਂ ’ਚ ਚਰਚੇ ਦਾ ਵਿਸ਼ਾ ਬਣਿਆ ਹੋਇਆ ਹੈ । ਬੀਤੇ ਦਿਨ ਭਾਜਪਾ ਦੇ ਇਕ ਸੀਨੀਅਰ ਆਗੂ ਨੇ ‘ਅਜੀਤ’ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਫਿਰਕੂ ਏਕਤਾ ਲਈ ਤਾਂ ਅਜਿਹੇ ਗੱਠਜੋੜ ਦੀ ਲੋੜ ਹੁਣ ਨਹੀਂ ਕਿਉਂਕਿ ਭਾਜਪਾ ਨੇ ਪੰਜਾਬ ਵਿਚ ਪਾਰਟੀ ਦੇ ਹਾਈਕਮਾਨ ’ਤੇ ਵੱਡਾ ਰੋਲ ਹੀ ਸਿੱਖਾਂ ਨੂੰ ਦੇ ਦਿੱਤਾ ਹੈ । ਭਾਜਪਾ ਇਸ ਗੱਲ ਦਾ ਵੀ ਲਗਾਤਾਰ ਅੰਦਾਜ਼ਾ ਲਗਾ ਰਹੀ ਹੈ ਕਿ ਉਸ ਨੂੰ ਅਕਾਲੀ ਦਲ (ਬ) ਨਾਲ ਗੱਠਜੋੜ ਦਾ ਕਿੰਨਾਂ ਕੁ ਲਾਭ ਹੋਵੇਗਾ ਜਦੋਂ ਕਿ ਪੰਜਾਬ ਭਾਜਪਾ ਦਾ ਪੁਰਾਣਾ ਕਾਡਰ ਅਕਾਲੀ ਦਲ ਨਾਲ ਗੱਠਜੋੜ ਦੇ ਹੱਕ ਵਿਚ ਵੀ ਨਹੀਂ ਹੈ ਅਤੇ ਉਨ੍ਹਾਂ ਵਲੋਂ ਦੂਜੀਆਂ ਪਾਰਟੀਆਂ ’ਚੋਂ ਵੱਡੇ ਪੱਧਰ ’ਤੇ ਸ਼ਾਮਿਲ ਕੀਤੇ ਗਏ ਆਗੂਆਂ ਦੇ ਗਲਬੇ ’ਤੇ ਵੀ ਨਾ-ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ ਹੈ । ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਜਪਾ ਨਾਲ ਗੱਠਜੋੜ ਲਈ ਪੰਥਕ ਮੁੱਦਿਆਂ ਦੇ ਹੱਲ ਦੀ ਰੱਖੀਆਂ ਜਾ ਰਹੀਆਂ ਸ਼ਰਤਾਂ ਅਕਾਲੀ ਦਲ (ਬ) ਦੀਆਂ ਮੁਸ਼ਕਿਲਾਂ ਵਧਾ ਵੀ ਸਕਦੀਆਂ ਹਨ ਕਿਉਂਕਿ ਅਕਾਲੀ ਦਲ ਅਗਰ ਮੁੱਦਿਆਂ ਦੇ ਹੱਲ ਬਿਨਾਂ ਤੇ ਕੇਵਲ ਸੀਟਾਂ ਦੀ ਵੰਡ ਵਾਲਾ ਸਮਝੌਤਾ ਕਰ ਵੀ ਲੈਂਦਾ ਹੈ ਤਾਂ ਉਸ ਦਾ ਵਿਰੋਧ ਵੀ ਹੋ ਸਕਦਾ ਹੈ । ਦੂਸਰੇ ਪਾਸੇ ਅਕਾਲੀ ਦਲ (ਪੁਨਰ ਸੁਰਜੀਤ) ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਬਸਪਾ ਸਮੇਤ ਕੁਝ ਅਕਾਲੀ ਧੜਿਆਂ ਦਰਮਿਆਨ ਗੱਠਜੋੜ ਦੇ ਚਰਚਿਆਂ ਨੂੰ ਵੀ ਭਾਜਪਾ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਅਜਿਹਾ ਗੱਠਜੋੜ ਪੰਥਕ ਵੋਟ ’ਤੇ ਵੱਡਾ ਅਸਰ ਪਾ ਸਕਦਾ ਹੈ । ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਸੂਬੇ ਵਿਚ ਲਗਾਤਾਰ ਬਦਲ ਰਾਹੀਆਂ ਰਾਜਸੀ ਪ੍ਰਸਥਿਤੀਆਂ ਵੀ ਗੱਠਜੋੜ ਪ੍ਰਤੀ ਭਾਜਪਾ ਦੀ ਅਨਿਸ਼ਚਿਤਤਾ ਦਾ ਕਾਰਨ ਹੋ ਸਕਦੀਆਂ ਹਨ । ਭਾਜਪਾ ਇਸ ਚੋਣ ਲਈ ਕੋਈ ਅਜਿਹੀ ਰਣਨੀਤੀ ਵੀ ਨਹੀਂ ਰੱਖਣਾ ਚਾਹੁੰਦੇ ਜਿਸ ਦਾ ਕਾਂਗਰਸ ਨੂੰ ਕਿਸੇ ਵੀ ਤਰ੍ਹਾਂ ਕੋਈ ਲਾਭ ਮਿਲੇ । ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਪੰਜਾਬ ਦੇ ਵੋਟਰ ਦੇ ਮੂਡ ਸਬੰਧੀ ਅਸਲ ਤਸਵੀਰ ਅਜੇ ਸਪੱਸ਼ਟ ਨਹੀਂ ਹੈ ਕਿਉਂਕਿ ਪੰਜਾਬੀ ਵੋਟਰ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਫੈਸਲੇ ਲੈਂਦਾ ਹੈ । ਲੇਕਿਨ ਭਾਜਪਾ ਲੀਡਰ ਦੇ ਪੰਜਾਬ ਵਿਚ ਸਰਕਾਰ ਬਨਾਉਣ ਦੇ ਦਾਅਵੇ ਵੀ ਰਾਜਸੀ ਹਲਕਿਆਂ ਵਿਚ ਚਰਚਾ ਦਾ ਮੁੱਦਾ ਹਨ ਕਿਉਂਕਿ ਭਾਜਪਾ ਇਸ ਲਈ ਕੀ ਨਵਾਂ ਫ਼ਾਰਮੂਲਾ ਜਾਂ ਰਣਨੀਤੀ ਬਣਾ ਰਿਹਾ ਹੈ, ਫ਼ਿਲਹਾਲ ਸਭ ਦੀ ਸਮਝ ਤੋਂ ਬਾਹਰ ਹੈ ।

ਪਿਛਲੀ ਖ਼ਬਰ ਬਠਿੰਡਾ-ਚੰਡੀਗੜ੍ਹ ਕੌਮੀ ਰਾਜਮਾਰਗ ’ਤੇ ਭਾਖੜਾ ਨਹਿਰ ਦਾ ਪੁਲ ਡਿੱਗਾ ਅਗਲੀ ਖ਼ਬਰ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।