ਵਾਸ਼ਿੰਗਟਨ, 16 ਜੁਲਾਈ (ਪੀ. ਟੀ. ਆਈ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਅੰਤਰਿਮ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਆਖ਼ਰੀ ਪੜਾਅ 'ਤੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਇਸ 'ਤੇ ਜਲਦੀ ਹੀ ਮੋਹਰ ਲੱਗ ਸਕਦੀ ਹੈ | ਟਰੰਪ ਨੇ ਕਿਹਾ ਕਿ ਪ੍ਰਸਤਾਵਿਤ ਸਮਝੌਤਾ ਅਮਰੀਕਾ ਅਤੇ ਇੰਡੋਨੇਸ਼ੀਆ ਵਿਚਕਾਰ ਵਪਾਰ ਸਮਝੌਤੇ ਅਨੁਸਾਰ ਅਮਰੀਕੀ ਕੰਪਨੀਆਂ ਨੂੰ ਭਾਰਤੀ ਬਾਜ਼ਾਰ ਤੱਕ ਵਧੇਰੇ ਪਹੁੰਚ ਮੁਹੱਈਆ ਕਰਵਾ ਸਕਦਾ ਹੈ | ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਤਾਂ ਜੋ ਮੁੱਖ ਤੌਰ 'ਤੇ ਟੈਰਿਫ਼ ਨੂੰ 20 ਫ਼ੀਸਦੀ ਤੋਂ ਘੱਟ ਰੱਖਿਆ ਜਾ ਸਕੇ | ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕੁਝ ਹੋਰ ਵਪਾਰਕ ਸੌਦਿਆਂ ਦਾ ਐਲਾਨ ਕਰਨ ਜਾ ਰਿਹਾ ਹੈ ਅਤੇ ਇਸ ਸੰਦਰਭ ਵਿਚ ਉਨ੍ਹਾਂ ਭਾਰਤ ਦਾ ਜ਼ਿਕਰ ਕੀਤਾ | ਟਰੰਪ ਨੇ ਕਿਹਾ ਕਿ ਵਪਾਰ ਸਮਝੌਤੇ ਤਹਿਤ ਇੰਡੋਨੇਸ਼ੀਆ ਅਮਰੀਕਾ ਨੂੰ ਦੇਸ਼ ਤੱਕ ਪਹੁੰਚ ਦੇ ਰਿਹਾ ਹੈ, ਜੋ ਸਾਡੇ ਕੋਲ ਕਦੇ ਨਹੀਂ ਸੀ | ਉਨ੍ਹਾਂ ਕਿਹਾ ਕਿ ਇਹ ਸ਼ਾਇਦ ਸੌਦੇ ਦਾ ਸਭ ਤੋਂ ਵੱਡਾ ਹਿੱਸਾ ਹੈ | ਭਾਰਤ ਮੂਲ ਰੂਪ ਵਿਚ ਉਸੇ ਲਾਈਨ 'ਤੇ ਕੰਮ ਕਰ ਰਿਹਾ ਹੈ | ਸਾਡੀ ਭਾਰਤ ਤੱਕ ਪਹੁੰਚ ਹੋਵੇਗੀ | ਵਾਸ਼ਿੰਗਟਨ ਪਹਿਲਾਂ ਹੀ ਕਈ ਦੇਸ਼ਾਂ ਨੂੰ ਪੱਤਰ ਭੇਜ ਚੁੱਕਾ ਹੈ, ਜਿਸ ਵਿਚ 1 ਅਗਸਤ ਤੋਂ ਲਾਗੂ ਹੋਣ ਵਾਲੀਆਂ ਪਰਸਪਰ ਟੈਰਿਫ਼ ਦਰਾਂ ਦੇ ਵੇਰਵੇ ਸਾਂਝੇ ਕੀਤੇ ਗਏ ਹਨ | ਇਸ ਦੇ ਨਾਲ ਹੀ ਭਾਰਤ ਨੇ ਸੰਕੇਤ ਦਿੱਤਾ ਹੈ ਕਿ ਉਹ ਜਲਦਬਾਜ਼ੀ ਵਿਚ ਵਪਾਰ ਸਮਝੌਤੇ 'ਚ ਸ਼ਾਮਿਲ ਨਹੀਂ ਹੋਵੇਗਾ | ਭਾਰਤੀ ਵਣਜ ਮੰਤਰਾਲੇ ਦੀ ਇੱਕ ਟੀਮ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ ਗੱਲਬਾਤ ਦੇ ਇੱਕ ਹੋਰ ਦੌਰ ਲਈ ਵਾਸ਼ਿੰਗਟਨ ਵਿਚ ਹੈ | ਭਾਰਤ ਨੇ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ 'ਤੇ ਡਿਊਟੀ ਰਿਆਇਤਾਂ ਦੀ ਅਮਰੀਕਾ ਦੀ ਮੰਗ 'ਤੇ ਆਪਣਾ ਰੁਖ਼ ਸਖ਼ਤ ਕਰ ਲਿਆ ਹੈ | ਨਵੀਂ ਦਿੱਲੀ ਨੇ ਹੁਣ ਤੱਕ ਡੇਅਰੀ ਖੇਤਰ 'ਚ ਮੁਕਤ ਵਪਾਰ ਸਮਝੌਤੇ ਵਿਚ ਆਪਣੇ ਕਿਸੇ ਵੀ ਵਪਾਰਕ ਭਾਈਵਾਲ ਨੂੰ ਕੋਈ ਡਿਊਟੀ ਰਿਆਇਤ ਨਹੀਂ ਦਿੱਤੀ ਹੈ | ਭਾਰਤ ਇਸ ਵਾਧੂ ਟੈਰਿਫ਼ (26 ਫ਼ੀਸਦੀ) ਨੂੰ ਹਟਾਉਣ ਅਤੇ ਸਟੀਲ ਤੇ ਐਲੂਮੀਨੀਅਮ (50 ਫ਼ੀਸਦੀ) ਅਤੇ ਆਟੋ (25 ਫ਼ੀਸਦੀ) ਸੈਕਟਰਾਂ 'ਤੇ ਟੈਰਿਫ਼ ਨੂੰ ਘਟਾਉਣ ਦੀ ਵੀ ਮੰਗ ਕਰ ਰਿਹਾ ਹੈ |