20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਲੇ ਵੇਲਿਆਂ ਦੀ ਗੱਲ

ਭਲੇ ਵੇਲਿਆਂ ਦੀ ਗੱਲ

ਅਜੀਤ ਡੈਸਕ 20-09-2026

ਡ 'ਚ ਜੰਝ ਆਈ, ਭਰ ਗਰਮੀਆਂ ਦੇ ਦਿਨੀਂ | ਪਿੰਡ 'ਚ ਗੱਲ ਧੁੰਮੀਂ ਅਖੇ 'ਜੰਝ ਨਾਲ ਕੋਈ ਗੌਣ ਵਾਲਾ ਵੀ ਆਇਆ | ਲਾਵਾਂ ਫੇਰਿਆਂ ਤੋਂ ਮਗਰੋਂ ਉਹਨੇ ਲੰਬੜਾਂ ਦੀਆਂ ਧਰੇਕਾਂ ਹੇਠ ਗਾਉਣ ਲਗਣਾ ਜਿਥੇ ਜੰਝ ਬਹਿਣੀ ਐ |' 

ਵੇਲੇ ਨਾਲ ਈ ਪਿੰਡ 'ਚੋਂ ਇਕੱਠੀਆਂ ਕੀਤੀਆਂ ਮੰਜੀਆਂ ਲੰਬੜਾਂ ਦੀ ਹਵੇਲੀ 'ਚ ਲੱਗੀਆਂ ਧਰੇਕਾਂ ਛਾਵੇਂ ਡਹਿ ਗਈਆਂ | ਅਸੀਂ ਚੌਥੀ ਪੰਜਵੀਂ ਦੇ ਜਵਾਕ ਚਾੲੀਂ ਚਾੲੀਂ ਹਵੇਲੀ ਦੀ ਕੰਧ ਲਾਗੇ ਖਲੋਤੇ ਆਪੋ-ਆਪਣੀਆਂ ਮੰਜੀਆਂ ਪਛਾਨਣ ਲੱਗੇ | ਸਾਡੇ ਵਾਲੀ ਵੀ ਕਿਸੇ ਦੇ ਵੱਡੇ ਪਾਵਿਆਂ ਵਾਲੇ ਮੰਜੇ ਦੇ ਨਾਲ ਜੋੜ ਕੇ ਡਿਠੀ ਸੀ | ਮੈਂ ਚਾਂਬਲ-ਚਾਂਬਲ ਕੇ ਦੱਸ ਰਿਹਾਂ ਸਾਂ ਕਿ 'ਔਹੁ ਸਾਣੇ ਵਾਣ ਵਾਲੀ ਮੰਜੀ ਜਿਹਦੇ ਤਿੱਖੇ ਤਿੱਖੇ ਪਾਵੇ ਐ, ਸਾਡੀ ਜੇ, ਮੈਂ ਤੇ ਮੇਰਾ ਵੱਡਾ ਭਰਾ ਇਹੋ ਮੰਜੀ ਕੋਠੇ 'ਤੇ ਚਾੜ੍ਹਦੇ ਹੁੰਦੇ ਆਂ ਰਾਤ ਨੂੰ ਸੌਣ ਲੱਗਿਆਂ |' ਦੂਜੇ ਵੀ ਆਪੋ ਆਪਣੀਆਂ ਮੰਜੀਆਂ ਬਾਰੇ ਇੰਝ ਹੀ ਤਸ਼ਬੀਹਾਂ ਦੇ ਰਹੇ ਸਨ |  

ਸਾਡੇ ਵੇਖਦਿਆਂ-ਵੇਖਦਿਆਂ ਬਰਾਤੀਆਂ ਆਣ ਮੰਜੀਆਂ ਮੱਲੀਆਂ | ਬਰਾਤ ਸਜ ਗਈ | ਸਭ ਟਿਕ-ਟਿਕਾ ਗਏ | ਬੀਰੇ ਗੋਲੀ ਨੇ ਵਿਚਕਾਰ ਜਿਹੇ ਥਾਂ ਬਣਾ ਕੇ ਮੇਜ਼ ਲਗਾ ਦਿੱਤਾ | ਮੇਜ਼ ਤੇ ਹਾਰਮੋਨੀਅਮ ਟਿਕ ਗਿਆ | ਉਸੇ ਮੇਜ਼ ਦੀ ਇਕ ਲੱਤ ਨਾਲ ਲਾਠੀ ਖੜੀ ਕਰਕੇ ਕੇ ਉਪਰ ਚੰਨੇ ਵਾਜ਼ੇ ਵਾਲੇ ਨੇ ਮਾਇਕ ਬੰਨ੍ਹ ਦਿੱਤਾ, ਮਾਇਕ ਨੇ ਦੋ ਚਾਰ ਵਾਰ ਸੀਕਰਾਂ ਜਿਹੀਆਂ ਮਾਰੀਆਂ, ਧਰੇਕ 'ਤੇ ਟੰਗੇ ਸਪੀਕਰ ਦਾ ਮੂੰਹ ਇਧਰ ਉਧਰ ਭੁੰਆਂ ਕੇ ਚੰਨੇ ਨੇ ਆਵਾਜ਼ ਸੈੱਟ ਕਰ ਲਈ ਸੀ | 
ਦਰਮਿਆਨੇ ਜਿਹੇ ਕੱਦ ਕਾਠ ਵਾਲੇ ਉਸ ਗਾਉਣ ਵਾਲੇ ਨੇ ਬਗੈਰ ਕਿਸੇ ਉਚੇਚ ਦੇ ਮਾਈਕ ਵਿਚ ਹੈਲੋ ਟੈਸਟਿੰਗ ਹੈਲੋ ਟੈਸਟਿੰਗ ਕਹਿੰਦਿਆਂ ਹਰਭਜਨ ਮਲਕਪੁਰੀ ਨਾਂਅ ਦੱਸਿਆ ਸੀ ਆਪਣਾ |  
ਮੇਰਾ ਧਿਆਨ ਗਾਉਣ ਵਾਲੇ ਦੇ ਨਾਲ-ਨਾਲ ਆਪਣੀ ਮੰਜੀ ਵੱਲ ਵੀ ਸੀ | ਮਿਲਣੀ ਵਾਲੀਆਂ ਬੀਬੀਆਂ ਜੂ ਆਣ ਬੈਠੀਆਂ ਸਨ ਉਸ ਉੱਤੇ, ਇਕ ਦੋ ਜਣੀਆਂ ਦੇ ਕੁੱਛੜ ਜਵਾਕ ਵੀ ਸਨ ਛੋਟੇ ਛੋਟੇ | ਮਲਕਪੁਰੀ ਧੀਮੀ ਜਿਹੀ ਸੁਰ 'ਚ ਸ਼ਿਵ ਨੂੰ ਗਾ ਰਿਹਾ ਸੀ | ਸੁਣਨ ਵਾਲੇ ਸੁਣ ਰਹੇ ਸਨ | ਜਿੰਨਾ ਦਰਦ ਸ਼ਿਵ ਦੀ ਸ਼ਾਇਰੀ 'ਚ, ਓਨਾ ਹੀ ਦਰਦ ਮਲਕਪੁਰੀ ਦੀ ਆਵਾਜ਼ 'ਚ | ਐਂ ਲਗਦਾ ਸੀ ਜਿਉਂ ਅੱਜ ਦੀ ਟਿਕੀ ਦੁਪਹਿਰ ਸ਼ਿਵ ਦੇ ਨਾਂਅ ਹੋਵੇ | 
ਲੱਗੀ ਮਹਿਫਲ 'ਚ ਘਰ ਵਾਲੇ ਪਾਸਿਓਾ ਦੋ ਕੁ ਬੀਬੀਆਂ ਹੋਰ ਆਈਆਂ | ਦੋ ਚਾਰ ਮਿੰਟ ਤਾਂ ਉਹ ਮਿਲਣੀ ਵਾਲੀਆਂ ਦੇ ਮੋਢੇ 'ਤੇ ਹੱਥ ਧਰ ਕੇ ਖੜ੍ਹੀਆਂ ਰਹੀਆਂ, ਫਿਰ ਸਹਿਜ-ਸਹਿਜ ਜਗ੍ਹਾ ਬਣਾਉਂਦੀਆਂ ਮੰਜੀ ਦੀ ਹੀਂਅ 'ਤੇ ਪੈਰ ਧਰ ਕੇ ਬੈਠ ਗਈਆਂ | ਬਸ ਉਨ੍ਹਾਂ ਦੇ ਬਹਿਣ ਦੀ ਹੀ ਦੇਰ ਸੀ ਅਚਾਨਕ ਸਾਡੇ ਵਾਲੀ ਮੰਜੀ ਦੀ ਹੀਂਅ ਕੜਕ ਕਰਕੇ ਅੱਧ ਵਿਚਾਲਿਉਂ ਟੁੱਟ ਗਈ | ਬੈਠੀਆਂ ਬੀਬੀਆਂ ਜਵਾਕਾਂ ਸਣੇ ਇਕ ਦੂਜੀ ਦੇ ਉਪਰ  | ਉਧਰੋਂ ਕਿਤੇ ਠੰਢੀ ਥਾਂ ਵੇਖ ਕੇ ਉਸੇ ਮੰੰਜੀ ਹੇਠ ਕੁੱਤੀ ਸੁੱਤੀ ਸੀ, ਉਹ ਬੀਬੀਆਂ ਥੱਲੇ | ਪੁੱਛੋ ਨਾ ਫਿਰ ਜਿਹੜਾ ਚੀਕ ਚਿਹਾੜਾ ਪਿਆ | 
ਆਪਾਂ ਤਾਂ ਮੁੰਡਿਆਂ ਦੀਆਂ ਝੇਡਾਂ ਤੋਂ ਡਰਦਿਆਂ ਘਰ ਨੂੰ ਛੂਟ ਵੱਟੀ |  ਮਲਕਪੁਰੀ ਦੇ ਬੋਲ ਖਰਾਸੀਆਂ ਵਾਲੀ ਗਲੀ ਤੀਕ ਮੇਰਾ ਪਿੱਛਾ ਕਰ ਰਹੇ ਸਨ ਅਖੇ 'ਕਾਲੀ ਦਾਤਰੀ ਚੰਦਨ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ |' 

ਮੋਬਾਈਲ : 98721-65707

ਪਿਛਲੀ ਖ਼ਬਰ ਗੱਲਾਂ ਵਿਚੋਂ ਗੱਲ ਸੁਣੀਂਦੀ ਅਗਲੀ ਖ਼ਬਰ ਖਾਲੀ ਬੋਤਲ ਨਾਲ ਮਦਦ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।