07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬਾਲ ਕਹਾਣੀ ਪਟਾਕੇ ਨਹੀਂ ਚਲਾਉਣੇ

ਬਾਲ ਕਹਾਣੀ ਪਟਾਕੇ ਨਹੀਂ ਚਲਾਉਣੇ

ਅਜੀਤ ਡੈਸਕ 07-11-2026

ਪਿੰਡ ਵਿਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ | ਚੰਦ ਚਾਚੇ ਦੇ ਘਰ ਦੀ ਛੱਤ ਉੱਤੇ ਹਰਖ਼ੋ ਤੇ ਡੱਬੋ ਬਿੱਲੀਆਂ ਲੋਕਾਂ ਨੂੰ ਲੜੀਆਂ ਲਗਾਉਂਦੇ ਦੇਖਦੀਆਂ ਦੀਵਾਲੀ ਬਾਰੇ ਗੱਲਾਂ ਕਰ ਰਹੀਆਂ ਸਨ, ਲੋਕ ਪਾਗਲਾਂ ਵਾਂਗ ਪਟਾਕੇ ਕਿਉਂ ਚਲਾਉਂਦੇ ਹਨ? ਸਾਹ ਲੈਣਾ ਵੀ ਔਖਾ ਹੋ ਜਾਂਦਾ | 

ਬੰਦੇ ਸੋਚਦੇ ਹੋਣੇ ਨੇ ਕਿ ਸਾਡੇ ਤੋਂ ਇਲਾਵਾ ਧਰਤੀ 'ਤੇ ਕੋਈ ਹੋਰ ਜੀਵ ਜੰਤੂ ਰਹਿੰਦਾ ਹੀ ਨਹੀਂ | 
ਮੈਂ ਤਾਂ ਕਾਲੂ ਨੂੰ ਕੰਨੋਂ ਫੜ ਕੇ ਕੋਲ ਬਿਠਾ ਲਿਆ ਸੀ | ਮਖਿਆ ਕੋਈ ਬੰਬ ਪਟਾਕਾ ਕਿਸੇ ਚਾਮ੍ਹਲੇਂ ਜੁਆਕ ਨੇ ਸੁੱਟਤਾ ਤਾਂ ਸਾਨੂੰ ਤਾਂ ਵਕਤ ਖੜ੍ਹਾ ਹੋਜੂ | ਡੱਬੋ ਨੇ ਹੁੰਗਾਰਾ ਭਰਿਆ | 
ਐਨੇ ਨੂੰ ਇਕ ਚਿੜੀ ਵੀ ਲਾਗੇ ਕੰਧ 'ਤੇ ਆ ਬੈਠੀ | ਹਰਖ਼ੋ ਤੇ ਡੱਬੋ ਦੀ ਗੱਲਾਂ ਵਿਚ ਸੁਰ ਮਿਲਾਉਂਦੀ ਬੋਲੀ, ਇਹ ਰਾਤ ਜ਼ਹਿਰੀ ਹਵਾ ਅਤੇ ਪਟਾਕਿਆਂ ਦੀ ਧਮਕ ਹਜ਼ਾਰਾਂ ਜਨੌਰਾਂ ਦੀ ਜਾਨ ਲੈ ਲੈਂਦੀ ਹੈ | 
ਤੂੰ ਸੱਚ ਕਹਿੰਨੀ ਏਾ  | ਮੈਂ ਖੁਦ ਮਰੇ ਪੰਛੀ ਦੇਖੇ ਨੇ | ਕੁੱਤੇ ਬਿੱਲੇ ਸੁਰੱਖਿਅਤ ਥਾਵਾਂ 'ਤੇ ਲੁਕਦੇ ਦੇਖੇ ਹਨ | ਡੱਬੋ ਬੋਲੀ | 
ਦੀਵੇ ਬਲਦੇ ਲੱਗਦੇ ਤਾਂ ਸੁਹਣੇ ਨੇ | ਚਿੜੀ ਬੋਲੀ | 
ਹਾਂ, ਪਰ ਆਹ ਠੂਹ ਠਾਹ, ਆਤਿਸ਼ਬਾਜ਼ੀ ਤੋਂ ਡਰ ਆਉਂਦਾ | ਹਰਖ਼ੋ ਨੇ ਕਿਹਾ | 
ਹੇਠਾਂ ਗਲੀ ਵਿਚ ਬੱਚੇ ਚੰਦ ਚਾਚੇ ਨੂੰ ਘੇਰੀ ਖੜ੍ਹੇ ਸਨ | ਮਾਸਟਰ ਇੰਦਰ ਸਿੰਘ ਵੀ ਕੋਲ ਖੜ੍ਹਾ ਸੀ | ਜੁਆਕ ਚੰਦ ਚਾਚੇ ਨੂੰ ਪੁੱਛ ਰਹੇ, ਚਾਚਾ ਤੂੰ ਸਾਨੂੰ ਪਟਾਕੇ ਚਲਾਉਣ ਤੋਂ ਕਿਉਂ ਰੋਕ ਰਿਹਾਂ | ਚੰਦ ਚਾਚਾ ਕਹਿੰਦਾ, ਮੈਂ ਥੋਡੇ ਭਲੇ ਲਈ ਰੋਕਦਾਂ | ਐਵੇਂ ਪਟਾਕਾ ਤੁਹਾਡੇ ਹੱਥ ਵਿਚ ਚੱਲ ਗਿਆ, ਅੱਖ ਮੂੰਹ ਕੰਨ ਨਾਲ ਟਕਰਾ ਗਿਆ, ਵੱਡਾ ਨੁਕਸਾਨ ਕਰਾ ਬੈਠੋਗੇ | ਵਿਗਿਆਨ ਦਾ ਅਧਿਆਪਕ ਹੋਣ ਕਰਕੇ ਇੰਦਰ ਸਿੰਘ ਜੁਆਕਾਂ ਨੂੰ ਸਮਝਾਉਣ ਲੱਗਾ, ਤੁਹਾਨੂੰ ਅਜੇ ਰਸਾਇਣਾਂ ਬਾਰੇ ਬਹੁਤਾ ਪਤਾ ਨਹੀਂ ਹੋਣਾ | ਇਨ੍ਹਾਂ ਪਟਾਕਿਆਂ ਵਿਚ ਗੰਧਕ ਦੇ ਧੂੰਏਾ ਨਾਲ ਸਾਡਾ ਸਾਹ ਘੁੱਟਣ ਲੱਗ ਪੈਂਦਾ | ਹਰਾ ਬੇਰੀਅਮ ਨਾਈਟ੍ਰੇਟ ਸਾਡੇ ਫੇਫੜੇ ਖਰਾਬ ਕਰ ਦਿੰਦਾ | ਅਲੂਮੀਨੀਅਮ ਪਾਊਡਰ ਦੀ ਚਿੱਟੀ ਚਮਕ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ | ਲਾਲ ਸਟਰੌਂਸ਼ੀਅਮ ਹੱਡੀਆਂ ਖੋਰਦਾ ਹੈ | ਪੋਟਾਸ਼ੀਅਮ ਨਾਈਟ੍ਰੇਟ ਤੇ ਕਾਰਬਨ ਮਿਲ ਕੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ | 
ਅੰਕਲ ਜੀ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ | ਐਨਾ ਤਾਂ ਸਾਨੂੰ ਕਿਸੇ ਨੇ ਸਕੂਲ ਵਿਚ ਨਹੀਂ ਦੱਸਿਆ | ਸਾਡਾ ਨਹੀਂ ਹੁਣ ਪਟਾਕੇ ਚਲਾਉਣ ਨੂੰ ਮਨ ਕਰਦਾ | 
ਤੁਸੀਂ ਸਹੀ ਸੋਚਿਆ ਹੈ ਬੱਚਿਓ | ਮਾਸਟਰ ਇੰਦਰ ਸਿੰਘ ਨੇ ਕਿਹਾ | ਬੱਚੇ ਬੋਲੇ, ਅੰਕਲ ਇਕ ਗੱਲ ਦੱਸੋ ਕਿ
ਪਟਾਕੇ ਸ੍ਰੀ ਰਾਮ ਜੀ ਦੇ ਬਨਵਾਸ ਤੋਂ ਅਯੁੱਧਿਆ ਪਰਤਣ ਦੀ ਖੁਸ਼ੀ ਵਿਚ ਚਲਾਏ ਜਾਣ ਲੱਗੇ ਸਨ? 
ਕੌਣ ਕਹਿੰਦਾ? ਪਟਾਕੇ ਨਹੀਂ ਉਦੋਂ ਘਿਉ ਦੇ ਦੀਵੇ ਜਗਾਏ ਗਏ ਸਨ | ਰਾਮ ਨੇ ਲੋਕਾਂ ਨੂੰ ਹਵਾ ਗੰਧਲੀ ਕਰਨ ਲਈ ਕਦੇ ਨਹੀਂ ਕਿਹਾ | ਮਾਸਟਰ ਇੰਦਰ ਸਿੰਘ ਨੇ ਸਪੱਸ਼ਟ ਕੀਤਾ | 
ਫੇਰ ਲੋਕ ਪਟਾਕੇ ਕਿਉਂ ਚਲਾਉਣ ਲੱਗੇ?”
ਕਿਸੇ ਸ਼ਰਾਰਤੀ ਇਨਸਾਨ ਦੀ ਕਾਢ ਹੋ ਸਕਦੇ ਨੇ ਪਟਾਕੇ | ਦੀਵਾਲੀ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ | ਇਸ ਰੁਝਾਨ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ | ਇੰਦਰ ਸਿੰਘ ਚਿੰਤਾ ਜ਼ਾਹਰ ਕਰਦਾ ਮੁੜ ਬੋਲਿਆ, ਆਕਾਸ਼ ਜ਼ਹਿਰੀਲੇ ਧੂੰਏਾ ਦਾ ਬੋਝ ਕਿਉਂ ਚੁੱਕੇ | 
ਚੰਗਾ ਬਈ ਸੁਹਣੇ ਬੱਚਿਓ, ਹੁਣ ਘਰੀਂ ਚੱਲੋ ਤੁਹਾਡੇ ਮਾਤਾ-ਪਿਤਾ ਵੀ ਉਡੀਕਦੇ ਹੋਣਗੇ | ਪਰ ਇਕ ਗੱਲ ਨਹੀਂ ਭੁੱਲਣੀ | ਚੰਦ ਚਾਚੇ ਨੇ ਕਿਹਾ | 
'ਕਿਹੜੀ ਗੱਲ?'”
'ਪਟਾਕੇ ਨਹੀਂ ਚਲਾਉਣੇ | '
ਇਸ ਵਾਰ ਦੀਵਾਲੀ ਦੀ ਰਾਤ ਗਲੀ ਵਿਚ ਕੋਈ ਪਟਾਕਾ ਨਹੀਂ ਸੀ ਚੱਲਿਆ | ਕੰਧਾਂ-ਬਨੇ੍ਹਰਿਆਂ 'ਤੇ ਸਿਰਫ ਮਿੱਟੀ ਦੇ ਦੀਵੇ ਹੀ ਨ੍ਹੇਰਾ ਹੂੰਝ ਰਹੇ ਸਨ | ਸਾਰੇ ਪਿੰਡ ਵਿਚ ਮਾਸਟਰ ਇੰਦਰ ਸਿੰਘ ਦਾ ਸੁਨੇਹਾ ਘੁੰਮ ਗਿਆ ਸੀ | ਹਰਖ਼ੋ ਡੱਬੋ ਹੈਰਾਨੀ ਨਾਲ ਦੇਖ ਰਹੀਆਂ ਸਨ ਕਿ ਇਨ੍ਹਾਂ ਲੋਕਾਂ ਨੂੰ ਕਿਹੜਾ ਸਿਆਣਾ ਬੰਦਾ ਸਮਝਾ ਗਿਆ ਕਿ ਪਟਾਕੇ ਸਾਡੀ ਸਿਹਤ ਦੇ ਦੋਖੀ ਹੁੰਦੇ ਹਨ | 
-ਮੋਬਾਈਲ: 97806-67686

ਪਿਛਲੀ ਖ਼ਬਰ ਕੱਲ੍ਹ ਦੀਵਾਲੀ 'ਤੇ ਵਿਸ਼ੇਸ਼ ਆਓ! ਦੀਵਾਲੀ ਮੌਕੇ ਦਿਲਾਂ 'ਚੋਂ ਹਨੇਰਾ ਦੂਰ ਕਰੀਏ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।