17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਇਕ ਯੂਕਰੇਨੀ ਲੋਕ ਕਥਾ 'ਤੇ ਆਧਾਰਿਤ ਨਿੱਕੀ ਜਿਹੀ ਸਿਆਣੀ ਕੁੜੀ

ਇਕ ਯੂਕਰੇਨੀ ਲੋਕ ਕਥਾ 'ਤੇ ਆਧਾਰਿਤ ਨਿੱਕੀ ਜਿਹੀ ਸਿਆਣੀ ਕੁੜੀ

ਅਜੀਤ ਡੈਸਕ 17-10-2026

.ਦੋ ਭਰਾ ਸਨ | ਇਕ ਬਹੁਤ ਅਮੀਰ ਤੇ ਇਕ ਬਹੁਤ ਗ਼ਰੀਬ | ਕਿਤੇ ਸਾਂਝੀ ਰਿਸ਼ਤੇਦਾਰੀ 'ਚ ਦੋਵਾਂ ਨੂੰ ਇਕੱਠਿਆਂ ਜਾਣਾ ਪੈ ਗਿਆ | ਵੱਡਾ ਅਮੀਰ ਭਰਾ ਕਹਿੰਦਾ 'ਭਰਾਵਾ ਤੂੰ ਮੇਰੇ ਨਾਲ ਚੱਲਣਾ ਮੇਰੀ ਸੋਹਣੀ ਜਿਹੀ ਗੱਡੀ 'ਚ ਬਹਿ ਕੇ?'

ਗ਼ਰੀਬ ਭਰਾ ਨੇ ਸੋਚਿਆ ਇਕ ਦਿਨ ਸੋਹਣੀ ਗੱਡੀ 'ਚ ਬਹਿ ਲਵਾਂਗਾ ਫਿਰ ਕੀ ਹੋਵੇਗਾ! ਉਹ ਆਖਣ ਲੱਗਾ 'ਨਹੀਂ ਆਪਾਂ ਇਕੱਠੇ ਚੱਲਾਂਗੇ ਪਰ ਮੈਂ ਆਪਣੀ ਘੋੜੀ 'ਤੇ ਜਾਵਾਂਗਾ |'
'ਠੀਕ ਆ ਭਰਾਵਾ ਤੇਰੀ ਮਰਜ਼ੀ |'
ਦੋਵੇਂ ਜਣੇ ਸਫਰ 'ਤੇ ਨਿਕਲ ਪਏ | 
ਚਲਦਿਆਂ ਨੂੰ ਰਾਤ ਹੋ ਗਈ | ਦੋਵਾਂ ਨੇ ਸਲਾਹ ਕੀਤੀ ਆਪਾਂ ਇੱਥੇ ਕਿਤੇ ਰਾਤ ਕੱਟ ਲੈਦੇ ਹਾਂ ਤੇ ਦੋਵਾਂ ਨੇ ਦੋ ਘੜੀਆਂ ਸੌਣ ਲਈ ਇਕ ਥਾਂ ਚੁਣ ਲਈ | ਅਮੀਰ ਗੱਡੀ 'ਤੇ ਮਖਮਲ ਵਰਗੇ ਬਿਸਤਰੇ 'ਤੇ ਆਰਾਮ ਨਾਲ ਸੌ ਗਿਆ | ਗ਼ਰੀਬ ਭਰਾ ਨੇ ਜ਼ਮੀਨ 'ਤੇ ਚਾਦਰ ਵਿਛਾਈ ਤੇ ਪੁਰਾਣਾ ਕੰਬਲ ਉੱਤੇ ਲੈ ਲਿਆ | ਦੋਵੇਂ ਸੌ ਗਏ ਦਿਨ ਚੜਿ੍ਹਆ ਤਾਂ ਅਮੀਰ ਭਰਾ ਸੁਵੱਖਤੇ ਉੱਠ ਕੇ ਲੁੱਡੀਆਂ ਪਾਉਂਦਾ, ਨੱਚਦਾ-ਟੱਪਦਾ ਆਵੇ | ਗ਼ਰੀਬ ਭਰਾ ਨੇ ਕਿਹਾ 'ਭਰਾਵਾ ਕੋਈ ਖਾਸ ਗੱਲ ਹੈ?'
ਕਹਿਣ ਲੱਗਾ ਕਿਤੇ ਇਕ ਖਾਸ | ਗੱਲ ਬਹੁਤ ਵੱਡੀ, ਖਾਸ ਤੇ ਖੁਸ਼ੀ ਵਾਲੀ ਹੈ |'
'ਭਰਾਵਾ ਦੱਸ ਤਾਂ ਸਹੀ'
'ਛੋਟਿਆ ਭਰਾਵਾ ਰਾਤੀਂ ਮੇਰੀ ਗੱਡੀ ਨੇ ਵਛੇਰਾ ਦਿੱਤੈ |'
ਭਰਾ ਨੇ ਸੋਚਿਆ ਘੋੜੀ ਤਾਂ ਮੇਰੀ ਸੂਣ ਵਾਲੀ ਸੀ | ਉਹਨੇ ਦੇਖਿਆ ਸੱਚੀਂ ਉਹਦੀ ਘੋੜੀ ਸੂਅ ਪਈ ਸੀ ਪਰ ਵਛੇਰਾ ਕੋਲ ਨਹੀਂ ਸੀ | 
ਗ਼ਰੀਬ ਭਰਾ ਕਹਿਣ ਲੱਗਾ 'ਭਰਾਵਾ ਮੇਰੀ ਘੋੜੀ ਸੂਈ ਆ, ਨਾਲੇ ਗੱਡੀ ਥੋੜਾ ਵਛੇਰੇ ਦੇ ਸਕਦੀ ਆ |'
ਅਮੀਰ ਗੜਕ ਕੇ ਕਹਿੰਦਾ 'ਵੱਡਿਆ ਸਿਆਣਿਆ ਜੇ ਤੇਰੀ ਘੋੜੀ ਨੇ ਵਛੇਰਾ ਦਿੱਤਾ ਹੁੰਦਾ ਤਾਂ ਇਹ ਤੇਰੀ ਘੋੜੀ ਕੋਲ ਨਾ ਹੁੰਦਾ, ਇਹ ਤਾਂ ਮੇਰੀ ਗੱਡੀ ਕੋਲ ਸੀ | ਫਿਰ ਗੱਡੀ ਨੇ ਹੀ ਤਾਂ ਦਿੱਤਾ |'
ਦੋਵੇਂ ਜਣੇ ਬਹਿਸਣ ਲੱਗ ਪਏ | ਵੱਡਾ ਭਰਾ ਕਹਿੰਦਾ 'ਆਪਾਂ ਜੱਜ ਕੋਲ ਚਲਦੇ ਹਾਂ'
'ਵਛੇਰਾ ਘੋੜੀ ਦਿੰਦੀ ਆ ਗੱਡੀ ਥੋੜ੍ਹਾ | ਜੱਜ ਕੋਲ ਕਿਉਂ ਜਾਣਾ?'
ਮੈਂ ਤਾਂ ਜਾਵਾਂਗਾ ਵਛੇਰਾ ਜੁ ਮੇਰਾ ਹੈ | 'ਗ਼ਰੀਬ ਜ਼ੋਰਾਵਰ ਭਰਾ ਅੱਗੇ ਮੰਨ ਗਿਆ | ਮਨ 'ਚ ਸੋਚੇ ਜੱਜ ਵੀ ਤਾਂ ਅਮੀਰ ਦੀ ਸੁਣੇਗਾ | ਦੋਵੇਂ ਜਣੇ ਅਦਾਲਤ 'ਚ ਚਲੇ ਗਏ | ਜੱਜ ਨੇ ਹੁਕਮ ਦਿੱਤਾ ਕਿ ਕੱਲ੍ਹ ਦੋਵੇਂ ਪੇਸ਼ ਹੋਵੋ ਫਿਰ ਤੁਹਾਡੀ ਗੱਲ ਸੁਣਾਂਗਾ ਪਰ ਵਛੇਰਾ ਜਦ ਗੱਡੀ ਕੋਲ ਸੀ ਤਾਂ ਗੱਡੀ ਨੇ ਹੀ ਦਿੱਤਾ ਹੋਣਾ!
ਗ਼ਰੀਬ ਭਰਾ ਉਥੋਂ ਹੀ ਹੌਂਕੇ ਭਰਦਾ ਆਪਣੀ ਘੋੜੀ ਨੂੰ ਲੈ ਕੇ ਪਿੰਡ ਆ ਗਿਆ | ਉਦਾਸ ਹੋਇਆ ਚਾਦਰ ਲੈ ਕੇ ਮੰਜੇ 'ਤੇ ਲੇਟ ਗਿਆ | ਉਹਦੀ ਇਕ ਨਿੱਕੀ ਜਿਹੀ ਪੰਜ-ਛੇ ਸਾਲਾਂ ਦੀ ਧੀ ਆ ਕੇ ਪੁੱਛਣ ਲੱਗੀ 'ਬਾਪੂ ਤੂੰ ਉਦਾਸ ਕਿਉਂ ਆਂ?'
ਉਹ ਕਹਿੰਦਾ 'ਪੁੱਤ ਤੂੰ ਖੇਡ ਲੈ ਤੇਰੀ ਉਮਰ ਖੇਡਣ ਦੀ ਆ ਤੂੰ ਕੀ ਲੈਣਾ? ਮੈਂ ਠੀਕ ਹੋ ਜਾਵਾਂਗਾ |' 
ਧੀ ਨੇ ਫਿਰ ਸਵਾਲ ਕੀਤਾ, 'ਨਹੀਂ ਬਾਪੂ ਤੂੰ ਅੱਜ ਬਹੁਤ ਉਦਾਸ ਆਂ ਤੂੰ ਮੈਨੂੰ ਦੱਸ ਤੈਨੂੰ ਕਿਸੇ ਨੇ ਕੁਛ ਕਿਹਾ?'
ਕੁੜੀ ਦੀ ਅੜੀ ਦੇਖ ਕੇ ਗ਼ਰੀਬ ਬਾਪ ਕਹਿਣ ਲੱਗਾ, 'ਪੁੱਤਰ ਰਾਤੀਂ ਆਪਣੀ ਘੋੜੀ ਨੇ ਵਛੇਰਾ ਦਿੱਤਾ ਤੇ ਉਹ ਰੁੜ੍ਹ ਕੇ ਬੜੇ ਭਰਾ ਦੀ ਗੱਡੀ ਕੋਲ ਚਲਾ ਗਿਆ ਤੇ ਭਰਾ ਹੁਣ ਕਹਿੰਦੈ ਕਿ ਬਛੇਰਾ ਮੇਰੀ ਗੱਡੀ ਨੇ ਦਿੱਤਾ | ਤੇ ਉਹ ਅਦਾਲਤ 'ਚ ਜੱਜ ਕੋਲ ਵੀ ਪੇਸ਼ ਹੋ ਗਿਆ ਤੇ ਹੁਣ ਜੱਜ ਨੇ ਅਮੀਰ ਦੀ ਸੁਣਨੀ ਆਂ ਸਾਡੀ ਕੌਣ ਸੁਣੇਗਾ | ਉਹ ਵੀ ਅਮੀਰ ਦੇ ਹੱਕ 'ਚ ਬੋਲਦੈ | ਮੈਂ ਕੱਲ੍ਹ ਨੂੰ ਕੀ ਜਵਾਬ ਦਿਆਂਗਾ | ਧੀ ਕਹਿੰਦੀ 'ਬਾਪੂ ਕੋਈ ਗੱਲ ਨਹੀਂ ਤੂੰ ਸਵੇਰੇ ਪੇਸ਼ ਹੋਈ ਜੱਜ ਕੋਲ ਤੇ ਤੂੰ ਉਹਨੂੰ ਕਹੀ ਇਹ ਵਛੇਰਾ ਸਾਡੀ ਘੋੜੀ ਨੇ ਦਿੱਤਾ ਹੈ ਸਬੂਤ ਨਿੱਕੀ ਜਿਹੀ ਧੀ ਦੇਵੇਗੀ | ਕਿਹਨੇ ਦਿੱਤਾ?' 
ਦੂਸਰੇ ਦਿਨ ਗ਼ਰੀਬ ਭਰਾ ਅਦਾਲਤ 'ਚ ਪੇਸ਼ ਹੋਇਆ ਤੇ ਉਸ ਨੇ ਜੱਜ ਨੂੰ ਬੇਨਤੀ ਕੀਤੀ ਕਿ ਹਜ਼ੂਰ ਮੇਰੀ ਧੀ ਇਸ ਮਾਮਲੇ 'ਚ ਜਵਾਬ ਦੇਣਾ ਚਾਹੁੰਦੀ ਹੈ ਕੀ ਉਹ ਕੱਲ੍ਹ ਨੂੰ ਆ ਸਕਦੀ ਹੈ? ਜੱਜ ਨੇ ਪੁੱਛਿਆ 'ਤੇਰੀ ਧੀ ਕਿੱਡੀ ਕੁ ਐ?' 'ਜੀ ਹੋਏਗੀ ਕੋਈ ਪੰਜ ਛੇ ਸਾਲਾਂ ਦੀ | ਜੱਜ ਹੱਸ ਪਿਆ ਤੇ ਕਹਿਣ ਲੱਗਾ' ਉਹ ਕੀ ਜਵਾਬ ਦੇਵੇਗੀ? ਪੰਜਾਂ-ਛੇਆਂ ਸਾਲਾਂ ਦੀ ਨਿੱਕੀ ਜਿਹੀ ਬਾਲੜੀ | ਠੀਕ ਹੈ ਜੇ ਉਹ ਕਹਿੰਦੀ ਤਾਂ ਜੀ ਸਦਕੇ ਆਵੇ ਪਰ ਮੇਰੀਆਂ ਕੁਝ ਸ਼ਰਤਾਂ ਨੇ |'
ਗ਼ਰੀਬ ਬੋਲਿਆ 'ਜੀ ਹੁਕਮ ਮਹਾਰਾਜ |'
'ਉਹ ਭਲਕੇ ਜਦੋਂ ਅਦਾਲਤ 'ਚ ਆਵੇ ਨਾ ਨੰਗੀ ਹੋਵੇ ਨਾ ਕੱਜੀ, ਨਾ ਪੈਦਲ ਆਵੇ ਨਾ ਸਵਾਰੀ ਕਰਕੇ, ਨਾ ਤੋਹਫੇ ਨਾਲ ਆਵੇ ਤੇ ਨਾ ਤੋਹਫ਼ੇ ਤੋਂ ਬਿਨਾਂ |'
ਗ਼ਰੀਬ ਜੱਜ ਦਾ ਇਹ ਹੁਕਮ ਮੰਨ ਕੇ ਘਰ ਆ ਗਿਆ ਮਨ 'ਚ ਬਹੁਤ ਖਿਆਲ ਆਉਣ ਹੁਣ ਤੇ ਵਛੇਰਾ ਬੜੇ ਭਰਾ ਦਾ ਹੀ ਪੱਕਾ | ਮੇਰੀ ਨਿਆਣੀ ਧੀ ਕਿਵੇਂ ਪੂਰੀਆਂ ਕਰੇਗੀ ਸ਼ਰਤਾਂ | 
ਉਦਾਸੇ ਚਿਹਰੇ ਨਾਲ ਧੀ ਨੂੰ ਦੇਖ ਕੇ ਅੱਖਾਂ ਭਰ ਲਈਆਂ | 
ਧੀ ਨੇ ਪੁੱਛਿਆ 'ਬਾਪੂ ਅੱਥਰੂ ਕਿਉਂ ਨੇ ਅੱਖ 'ਚ? ਕੀ ਜੱਜ ਨੇ ਮਨ੍ਹਾਂ ਕਰ ਦਿੱਤਾ ਮੈਨੂੰ ਆਉਣ ਤੋਂ?'
'ਨਹੀਂ ਧੀਏ |'
'ਫਿਰ ਉਦਾਸ ਕਿਉਂ ਆਂ?'
'ਧੀਏ ਜੱਜ ਨੇ ਜੋ ਸ਼ਰਤਾਂ ਲਾਈਆਂ ਉਹ ਤਾਂ ਪੂਰੀਆਂ ਹੋ ਹੀ ਨਹੀਂ ਸਕਦੀਆਂ |'
'ਦੱਸ ਤਾਂ ਸਹੀ ਬਾਪੂ?'
'ਜੱਜ ਨੇ ਹੁਕਮ ਦਿੱਤੈ ਕਿ ਤੇਰੀ ਧੀ ਜਦੋਂ ਕੱਲ੍ਹ ਨੂੰ ਅਦਾਲਤ ਵਿਚ ਆਵੇ ਤਾਂ ਨਾ ਉਹ ਕੱਜੀ ਹੋਵੇ ਤੇ ਨਾ ਉਹ ਨੰਗੀ, ਨਾ ਤੋਹਫੇ ਨਾਲ ਆਵੇ ਤੇ ਨਾ ਤੋਹਫ਼ੇ ਤੋਂ ਬਿਨਾਂ ਤੇ ਨਾ ਪੈਦਲ ਆਵੇ ਨਾ ਕਿਸੇ ਸਵਾਰੀ 'ਤੇ | ਭਲਾ ਅਸੀਂ ਗ਼ਰੀਬ ਲੋਕ ਇਦਾਂ ਕਿਵੇਂ ਕਰ ਸਕਦੇ ਹਾਂ?'
'ਬਾਪੂ ਰੱਜ ਕੇ ਰੋਟੀ ਖਾਹ ਮੈਂ ਸਵੇਰੇ ਜਵਾਬ ਦੇਵਾਂਗੀ ਤੂੰ ਫ਼ਿਕਰ ਨਾ ਕਰ |'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

ਪਿਛਲੀ ਖ਼ਬਰ ਭਾਰਤ ਦਾ ਪਹਿਲਾ ਮੋਟਰਸਾਈਕਲ ਬ੍ਰਾਂਡ ਕਿਹੜਾ ਸੀ? ਅਗਲੀ ਖ਼ਬਰ ਬਾਲ ਗੀਤ ਪਾਪਾ ਵੇਚ ਕੇ ਤੂੰ ਝੋਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।