'ਦੀਦੀ, ਅੱਜ ਤਾਂ ਸੜਕ 'ਤੇ ਅਨੇਕਾਂ ਤਰ੍ਹਾਂ ਦੇ ਮੋਟਰਸਾਈਕਲ ਦੇਖਣ ਨੂੰ ਮਿਲਦੇ ਹਨ, ਪਰ ਮੈਂ ਸੋਚ ਰਿਹਾ ਸੀ ਕਿ ਆਪਣੇ ਦੇਸ਼ ਦਾ ਪਹਿਲਾ ਮੋਟਰਸਾਈਕਲ ਬਰਾਂਡ ਕਿਹੜਾ ਸੀ?'
'ਰਾਇਲ ਐਨਫੀਲਡ ਭਾਰਤ ਦਾ ਪਹਿਲਾ ਮੋਟਰਸਾਈਕਲ ਬਰਾਂਡ ਸੀ, ਪਰ ਉਸ ਦੀ ਸ਼ੁਰੂਆਤ ਬਰਤਾਨਵੀ ਕੰਪਨੀ ਦੇ ਤੌਰ 'ਤੇ ਹੋਈ ਸੀ |'
'ਕਿਵੇਂ?'
'ਕਿਉਂਕਿ ਰਾਇਲ ਐਨਫੀਲਡ ਕੰਪਨੀ ਦੀ ਸਥਾਪਨਾ ਸੰਨ 1901 'ਚ ਬਿ੍ਟੇਨ 'ਚ ਹੋਈ ਸੀ |'
'ਫਿਰ ਇਸ ਬਰਾਂਡ ਦਾ ਭਾਰਤ 'ਚ ਆਗਮਨ ਕਿਵੇਂ ਅਤੇ ਕਦੋਂ ਹੋਇਆ?'
'ਦਰਅਸਲ, ਆਜ਼ਾਦੀ ਤੋਂ ਬਾਅਦ ਭਾਰਤ ਨੂੰ ਮਹਿਸੂਸ ਹੋਇਆ ਕਿ ਭਾਰਤੀ ਫ਼ੌਜ ਨੂੰ ਸੀਮਾ 'ਤੇ ਪੈਟਰੋਲਿੰਗ ਕਰਨ ਲਈ ਇਕ ਮਜ਼ਬੂਤ ਮੋਟਰਸਾਈਕਲ ਦੀ ਜ਼ਰੂਰਤ ਹੈ | ਇਸ ਲਈ 1952 'ਚ ਸਰਕਾਰ ਨੇ ਰਾਇਲ ਐਨਫੀਲਡ ਦੀ ਬੁਲੇਟ 350 ਦੀ ਸ਼ੁਰੂਆਤ ਕਰਦੇ ਹੋਏ 800 ਮੋਟਰਸਾਈਕਲਾਂ ਦਾ ਪਹਿਲਾ ਆਰਡਰ ਦਿੱਤਾ |'
'ਫਿਰ ਕੀ ਹੋਇਆ?'
'ਜਦੋਂ 1952 'ਚ ਫ਼ੌਜ ਦੇ ਕਾਫ਼ਿਲੇ 'ਚ ਬੁਲੇਟ ਨੂੰ ਸ਼ਾਮਿਲ ਹੋਣ ਤੋਂ ਬਾਅਦ ਇਸ ਮੋਟਰਸਾਈਕਲ ਦੀ ਮੰਗ ਭਾਰਤ 'ਚ ਵਧਣ ਲੱਗੀ ਤਾਂ ਮੰਗ ਦੀ ਪੂਰਤੀ ਕਰਨ ਲਈ ਰਾਇਲ ਐਨਫੀਲਡ ਕੰਪਨੀ ਨੇ 1955 'ਚ ਭਾਰਤ 'ਚ ਮਦਰਾਸ ਮੋਟਰਜ਼ ਨਾਲ ਕਰਾਰ ਕੀਤਾ | ਇਸ ਤੋਂ ਤੁਰੰਤ ਬਾਅਦ ਦੋਵਾਂ ਨੇ ਮਿਲ ਕੇ ਐਨਫੀਲਡ ਇੰਡੀਆ ਨਾਂਅ ਦੀ ਇਕ ਕੰਪਨੀ ਬਣਾਈ ਅਤੇ ਸਾਡੇ ਦੇਸ਼ 'ਚ ਹੀ ਮੋਟਰਸਾਈਕਲਾਂ ਦਾ ਨਿਰਮਾਣ ਸ਼ੁਰੂ ਹੋ ਗਿਆ |
'ਇਸ ਨਿਰਮਾਣ ਲਈ ਕਾਰਖਾਨਾ ਕਿੱਥੇ ਸਥਾਪਿਤ ਕੀਤਾ ਗਿਆ?
'ਤਮਿਲਨਾਡੂ ਦੇ ਤਿਰੂਵੋਟਿਊਰ 'ਚ | ਹਾਲਾਂਕਿ ਸ਼ੁਰੂਆਤ 'ਚ ਮੋਟਰਸਾਈਕਲ ਦੇ ਪੁਰਜੇ ਬਰਤਾਨੀਆ ਤੋਂ ਆਉਂਦੇ ਸਨ ਅਤੇ ਇਥੇ ਸਿਰਫ਼ ਫਿੱਟ ਕੀਤੇ ਜਾਂਦੇ ਸੀ, ਪਰ 60 ਦੇ ਦਹਾਕੇ ਤੱਕ ਬੁਲੇਟ ਦੇ ਸਾਰੇ ਹਿੱਸਿਆਂ ਦਾ ਨਿਰਮਾਣ ਪੂਰੀ ਤਰ੍ਹਾਂ ਭਾਰਤ 'ਚ ਕਰਨਾ ਸ਼ੁਰੂ ਕਰ ਦਿੱਤਾ |
ਫਿਰ ਜਦੋਂ ਨਵੇਂ ਮੋਟਰਸਾਈਕਲ ਬਰਾਂਡ ਆਉਣ ਲੱਗੇ ਤਾਂ ਕੀ ਬੁਲੇਟ ਦੀ ਵਿੱਕਰੀ 'ਤੇ ਅਸਰ ਪਿਆ?
ਭਾਰਤ 'ਚ ਤਾਂ ਬੁਲੇਟ ਦੀ ਲੋਕਪਿ੍ਯਤਾ ਵਧਦੀ ਰਹੀ, ਪਰ ਨਵੇਂ ਜਾਪਾਨੀ ਬਰਾਂਡ ਦੇ ਆਉਣ ਨਾਲ ਬਿ੍ਟੇਨ 'ਚ ਰਾਇਲ ਐਨਫੀਲਡ ਕੰਪਨੀ ਦਿਵਾਲੀਆ ਹੋ ਗਈ | 1970 'ਚ ਬਰਤਾਨੀਆ 'ਚ ਰਾਇਲ ਐਨਫੀਲਡ ਦੀ ਫੈਕਟਰੀ ਪੂਰੀ ਤਰ੍ਹਾਂ ਬੰਦ ਹੋ ਗਈ |
ਕੀ ਸਸਤੇ ਜਾਪਾਨੀ ਬਰਾਂਡ ਨਾਲ ਭਾਰਤ 'ਚ ਬੁਲੇਟ ਦੀ ਵਿੱਕਰੀ 'ਤੇ ਕੋਈ ਅਸਰ ਨਹੀਂ ਪਿਆ?
ਭਾਰਤ 'ਚ ਵੀ ਰਾਇਲ ਐਨਫੀਲਡ ਦਾ ਵਪਾਰ ਡਗਮਗਾਉਣ ਲੱਗਾ ਸੀ, ਪਰ 1994 'ਚ ਆਈਸ਼ਰ ਮੋਟਰਜ਼ ਕੰਪਨੀ ਨੇ ਇਸ ਨੂੰ ਖਰੀਦਿਆ ਅਤੇ ਇਸ ਨੂੰ ਆਪਣੇ ਪੁਰਾਣੇ ਰੰਗ 'ਚ ਆਉਣ ਲਈ 6 ਸਾਲ ਦਾ ਸਮਾਂ ਲੱਗਾ | ਸੰਨ 2000 ਤੋਂ ਬਾਅਦ ਰਾਇਲ ਐਨਫੀਲਡ ਵੀ ਲੋਕਪਿ੍ਯਾ ਬਰਾਂਡਜ਼ 'ਚ ਸ਼ਾਮਿਲ ਹੈ |