• ਅਮਰੀਕ ਸਿੰਘ ਤਲਵੰਡੀ ਕਲਾਂ •
ਪਾਪਾ ਵੇਚ ਕੇ ਤੂੰ ਝੋਨਾ, ਨਵਾਂ ਸਾਈਕਲ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ, ਮੇਰੀ ਟੌਹਰ ਤੂੰ ਬਣਾਦੀਂ |
ਤੁਹਾਡੇ ਵਾਲਾ ਸਾਈਕਲ, ਮੇਰੇ ਆਇਆ ਨਹੀਂ ਮੇਚ |
ਨੀਵਾਂ ਕਰਨੇ ਨੂੰ ਵੀਰ ਜੀ ਨੇ, ਕੱਲ੍ਹ ਖੋਲ੍ਹੇ ਸੀਗੇ ਪੇਚ |
ਕਾਲੇ ਰੰਗ ਵਾਲਾ ਛੱਡ, ਜਿਹੜਾ ਮਰਜ਼ੀ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ... |
ਸਕੂਲ ਨੂੰ ਮੈਂ ਜਾਊਾ ਵੇਖੀ, ਕਿਵੇਂ ਟੱਲੀਆਂ ਵਜਾਉਂਦਾ |
ਪੜ੍ਹਕੇ ਸਕੂਲੋਂ ਵੇਖਿਓ, ਕਿੰਨੀ ਜਲਦੀ ਘਰ ਆਉਂਦਾ |
ਬਹੁਤੇ ਮਹਿੰਗੇ ਨਾਲੋਂ ਭਾਵੇਂ, ਥੋੜ੍ਹਾ ਸਸਤਾ ਹੀ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ... |
ਜਿਹੜੇ ਬੱਚੇ ਸਕੂਲੇ ਵਿਚ ਨਵਾਂ ਸਾਈਕਲ ਲਿਆਂਵਦੇ |
ਸਾਰੇ ਬੱਚਿਆਂ ਨੂੰ ਪਾਪਾ ਉਹ, ਬੜਾ ਤਿੜਕੇ ਵਿਖਾਂਵਦੇ |
ਪਹਿਲੇ ਨੰਬਰ 'ਤੇ ਆਊਾ, ਭਾਵੇਂ ਸ਼ਰਤ ਪਹਿਲਾਂ ਲਾਦੀਂ |
ਸਾਰੇ ਬੱਚਿਆਂ ਦੇ ਵਿਚ... |
ਸਾਰੇ ਬੱਚਿਆਂ ਦੇ ਚਾਅ, ਮਾਤਾ-ਪਿਤਾ ਪੂਰੇ ਜੇ ਕਰਨ |
'ਤਲਵੰਡੀ' ਸਰ ਆਖੇ ਬੱਚੇ ਆਪੇ ਚੰਗੀ ਤਰ੍ਹਾਂ ਪੜ੍ਹਨ |
ਪਹਿਲਾਂ ਵਾਂਗ ਬਹਾਨਾ ਪਾਪਾ, ਕੋਈ ਨਵਾਂ ਨਾ ਤੂੰ ਲਾਦੀਂ |
ਸਾਰੇ ਬੱਚਿਆਂ ਦੇ ਵਿਚ... |
-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896