19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਤਿੰਨ ਵਰਦਾਨ : ਸੱਚ, ਸੰਤੋਖ ਅਤੇ ਵਿਚਾਰ

ਤਿੰਨ ਵਰਦਾਨ : ਸੱਚ, ਸੰਤੋਖ ਅਤੇ ਵਿਚਾਰ

ਅਜੀਤ ਡੈਸਕ 19-10-2026
ਜੇ ਅਸੀਂ ਮੱਧਕਾਲੀ ਸਮੇਂ ਦੇ ਸਾਹਿਤ ਨੂੰ  ਬਾਰੀਕੀ ਨਾਲ ਪੜ੍ਹੀਏ ਤਾਂ ਸਾਨੂੰ ਉਸ ਸਮੇਂ ਦੇ ਸਮਾਜ ਦੀ ਸਥਿਤੀ ਬਾਰੇ ਬੜਾ ਕੁਝ ਗਿਆਨ ਪ੍ਰਾਪਤ ਹੋ ਜਾਂਦਾ ਹੈ | ਸਾਨੂੰ ਭਗਤ ਕਬੀਰ ਅਤੇ ਹੋਰ ਸੰਤਾਂ, ਸਮਾਜ ਸੁਧਾਰਕਾਂ ਦੇ ਵਿਚਾਰਾਂ ਬਾਰੇ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸਮਾਜ ਦੀ ਚਿੰਤਾ ਬਾਰੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ | ਉਸ ਸਮੇਂ ਭਾਰਤੀ ਸਮਾਜ, ਅੰਦਰੂਨੀ ਲੜਾਈ ਝਗੜਿਆਂ, ਊਚ-ਨੀਚ, ਜਾਤੀਵਾਦ ਤੋਂ ਤਾਂ ਦੁਖੀ ਹੈ ਹੀ ਸੀ ਪਰ ਉਸ ਨੂੰ  ਬਾਹਰੀ ਹਮਲਿਆਂ ਨੇ ਵੀ ਬੁਰੀ ਤਰ੍ਹਾਂ ਝੰਜੋੜ ਰੱਖਿਆ ਸੀ ਕਿਉਂਕਿ ਬਾਹਰੀ ਹਮਲਾਵਰ ਲੁੱਟ ਵਿਚ ਕੋਈ ਕਸਰ ਨਹੀਂ ਸੀ ਛੱਡਦੇ |
ਪ੍ਰਸਿੱਧ ਇਤਿਹਾਸਕਾਰ ਡਾ. ਜਸਬੀਰ ਸਿੰਘ ਸਾਬਰ ਇਕ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਦੇ ਹਵਾਲੇ ਨਾਲ ਲਿਖਦੇ ਹਨ ਕਿ ਦਸਵੀਂ ਸਦੀ ਤੋਂ ਲੈ ਕੇ 1526 ਈ. ਤੱਕ ਭਾਰਤ 'ਤੇ ਲਗਭਗ 60 ਵੱਡੇ ਹਮਲੇ ਹੋਏ, ਜਿਨ੍ਹਾਂ 'ਚ ਤਿੰਨ ਸਬੁਕਤਦੀਨ ਨੇ, ਸਤਾਰਾਂ ਮੁਹੰਮਦ ਗ਼ੌਰੀ ਨੇ, ਪੰਝੀ ਮੰਗੋਲਾਂ ਨੇ ਤੇ ਪੰਜ ਮੁਗ਼ਲਾਂ ਨੇ ਕੀਤੇ | ਆਖਰੀ ਹਮਲਾ ਬਾਬਰ ਨੇ 1526 ਈ. ਵਿਚ ਕੀਤਾ ਸੀ, ਜਿਸ ਨੇ ਪਾਣੀਪਤ ਦੇ ਮੈਦਾਨ ਵਿਚ ਜੰਗ ਜਿੱਤ ਕੇ ਭਾਰਤ ਦਾ ਇਤਿਹਾਸ ਹੀ ਬਦਲ ਦਿੱਤਾ | ਪਰ ਇਨ੍ਹਾਂ ਬਾਹਰੀ ਹਮਲਿਆਂ ਤੇ ਅੰਦਰੂਨੀ ਨਾ-ਬਰਾਬਰੀਆਂ ਨੇ ਸਮਾਜ ਨੂੰ  ਖੋਖਲਾ ਕਰ ਦਿੱਤਾ | ਛੂਆਛਾਤ ਦਾ ਭੂਤ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਦਾ ਮੰਦਰਾਂ ਵਿਚ ਪ੍ਰਵੇਸ਼ ਨਾ ਕਰਨ ਦੇਣਾ, ਖੂਹਾਂ ਤੋਂ ਪਾਣੀ ਨਾ ਭਰਨ ਦੇਣਾ ਆਦਿ ਕਰਕੇ ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਗੁਰੂ ਰਵਿਦਾਸ ਜੀ ਨੇ ਲੋਕਾਂ ਦਾ ਧਿਆਨ ਇਸ ਨਾ-ਬਰਾਬਰੀ ਵੱਲ ਖਿਚਿਆ ਅਤੇ ਕ੍ਰਾਂਤੀਕਾਰੀ ਸਾਹਿਤ ਨਾਲ ਸਮਾਜ ਨੂੰ  ਹਲੂਣਾ ਦਿੱਤਾ |
ਅਜਿਹੀ ਮੰਦੀ ਹਾਲਤ ਵਿਚ ਸਿੱਖ ਧਰਮ ਦਾ ਜਨਮ ਹੋਇਆ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੁਆਰਾ ਰਚੀ ਅਤੇ ਇਕੱਤਰ ਕੀਤੀ ਉੱਚ-ਕੋਟੀ ਦੇ ਸੰਤਾਂ, ਭਗਤਾਂ ਦੀ ਬਾਣੀ ਨੂੰ  ਸਾਂਝਾ ਰੂਪ ਦੇ ਕੇ ਆਦਿ ਗ੍ਰੰਥ ਦੀ ਰਚਨਾ ਕੀਤੀ | ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਤੋਂ ਇਹ ਸਾਬਤ ਹੋਇਆ ਕਿ ਸੱਚ ਕਿਸੇ ਨੇ ਵੀ ਬਿਆਨ ਕੀਤਾ ਹੋਵੇ, ਉਸ ਦਾ ਸਨਮਾਨ ਕਰਨਾ ਬਣਦਾ ਹੈ | ਸੰਪੂਰਨ ਗੁਰੂ ਗ੍ਰੰਥ ਸਾਹਿਬ ਪ੍ਰਮਾਤਮਾ ਦੇ ਅੰਮਿ੍ਤ ਨਾਮ ਨੂੰ  ਮਨੁੱਖੀ ਜੀਵਨ ਦਾ ਆਧਾਰ ਮੰਨਦਾ ਹੈ ਪਰ ਜਿਸ ਨੀਂਹ 'ਤੇ ਜਿਸ ਇਮਾਰਤ ਦੀ ਉਸਾਰੀ ਦੀ ਆਸ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ, ਉਹ ਇਮਾਰਤ ਸੱਚ, ਸੰਤੋਖ ਤੇ ਵਿਚਾਰ ਦੀ ਹੀ ਹੈ | ਗੁਰੂ ਗ੍ਰੰਥ ਸਾਹਿਬ ਦੇ ਅੰਗ 1429 'ਤੇ ਗੁਰੂ ਅਰਜਨ ਦੇਵ ਜੀ ਵਿਖਿਆਨ ਕਰਦੇ ਹਨ:–
ਥਾਲ ਵਿਚਿ ਤਿੰਨਿ ਵਸਤੂ ਪਈਓ
ਸਤੁ ਸੰਤੋਖੁ ਵੀਚਾਰੋ¨
ਅੰਮਿ੍ਤ ਨਾਮੁ ਠਾਕੁਰ ਕਾ ਪਇਓ
ਜਿਸ ਕਾ ਸਭਸੁ ਅਧਾਰੋ¨ (ਅੰਗ:1429)
ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਨੂੰ  ਹੀ ਆਦਿ, ਮੱਧ, ਵਰਤਮਾਨ ਅਤੇ ਭਵਿੱਖ ਸਦੀਵੀ ਮੰਨਦੇ ਹਨ:-
ਆਦਿ ਸਚੁ ਜੁਗਾਦਿ ਸਚੁ¨
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ¨
(ਅੰਗ:1)
ਜਪੁ ਜੀ ਸਾਹਿਬ ਦੇ ਅਖੀਰ 'ਚ ਉਹ ਆਪਣੀ ਧਾਰਨਾ ਦੇ ਅਨੁਸਾਰ ਨਿਰੰਕਾਰ ਪ੍ਰਮਾਤਮਾ ਨੂੰ  ਸਚਖੰਡ ਦਾ ਹੀ ਨਿਵਾਸੀ ਮੰਨਦੇ ਹਨ | 
ਗੁਰਬਾਣੀ ਦਾ ਫੁਰਮਾਨ ਹੈ ਕਿ ਸਭ ਕੁਝ ਸੱਚ ਤੋਂ ਹੇਠਾਂ ਹੈ, ਛੋਟਾ ਹੈ, ਜੇ ਸੱਚ ਤੋਂ ਉੱਪਰ ਕੁਝ ਹੈ ਤਾਂ ਉਹ ਆਚਰਣ ਹੈ | ਗੁਰੂ ਨਾਨਕ ਦੇਵ ਜੀ ਨੇ ਤਾਂ ਸੱਚ ਨੂੰ  ਸਾਰੇ ਰੋਗਾਂ ਦੀ ਦਵਾਈ ਮੰਨਿਆ ਹੈ, ਬਸ਼ਰਤੇ ਕਿ ਕਿਸੇ ਨੇ ਸੱਚ ਦਾ ਦਾਮਨ ਕੱਸ ਕੇ ਫੜਿਆ ਹੋਵੇ | ਇਕ ਸਚਿਆਰ ਵਿਅਕਤੀ ਨੂੰ  ਗੁਰੂ ਨਾਨਕ ਦੇਵ ਜੀ ਨੇ ਗੁਰਮੁਖ, ਗੁਰੂ ਅਰਜਨ ਦੇਵ ਜੀ ਨੇ ਬ੍ਰਹਮਗਿਆਨੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਕਿਹਾ ਹੈ | ਇਸੇ ਸਬੰਧ 'ਚ ਗੁਰੂ ਅਰਜਨ ਦੇਵ ਜੀ ਨੇ ਸੱਚ ਆਧਾਰਿਤ ਮਨੁੱਖੀ ਜੀਵਨ ਨੂੰ  ਸੁਖੀ ਤੇ ਅਨੰਦ ਭਰਪੂਰ ਜੀਵਨ ਦੱਸਿਆ ਹੈ | ਉਹ ਮੰਨਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ 'ਚ ਉਨ੍ਹਾਂ ਜਿਹੜੀਆਂ ਤਿੰਨ ਵਸਤੂਆਂ ਰੱਖੀਆਂ ਹਨ, ਸੱਚ ਉਨ੍ਹਾਂ 'ਚੋਂ ਇਕ ਹੈ | 
ਪ੍ਰਸਿੱਧ ਇਤਿਹਾਸਕਾਰ ਡਾ. ਜਸਬੀਰ ਸਿੰਘ ਸਾਬਰ ਆਪਣੀ ਪੁਸਤਕ 'ਸਿੱਖ ਧਰਮ ਅਧਿਐਨ' 'ਚ ਲਿਖਦੇ ਹਨ ਕਿ ਗੁਰਬਾਣੀ ਵਿਚ ਮਨੁੱਖੀ ਜੀਵਨ ਨੂੰ  ਸਫ਼ਲ ਬਣਾਉਣ ਲਈ ਜੋ ਦੂਜਾ ਜ਼ਰੂਰੀ ਤੱਤ ਹੈ, ਉਹ ਹੈ ਸੰਤੋਖ | ਗੁਰਬਾਣੀ ਅਨੁਸਾਰ ਧਾਰਮਿਕ ਜੀਵਨ ਲਈ ਮੁੱਖ ਆਧਾਰ ਸੰਤੋਖ ਹੈ | ਉਨ੍ਹਾਂ ਦਾ ਵਿਚਾਰ ਹੈ ਕਿ ਧਰਮ ਅਨੁਸਾਰ ਹੀ ਸਾਰੀ ਸਿ੍ਸ਼ਟੀ ਚੱਲ ਰਹੀ ਹੈ ਪਰ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦੇ ਹਨ ਕਿ ਧਰਮ ਦਇਆ ਤੋਂ ਪੈਦਾ ਹੋਇਆ ਹੋਵੇ, ਕਰੁਣਾ ਦਾ ਪੁੱਤਰ ਹੋਵੇ ਅਤੇ ਦਇਆ ਵੀ ਲਾਲਚਵੱਸ ਨਾ ਹੋਵੇ ਤੇ ਉਸ 'ਚ ਸੰਤੋਖ ਹੋਣਾ ਚਾਹੀਦਾ ਹੈ |
ਧੌਲੁ ਧਰਮੁ ਦਇਆ ਕਾ ਪੂਤੁ¨
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ¨
(ਅੰਗ:3)
ਸੰਤੋਖੀ ਦਾ ਅਰਥ ਇਹ ਵੀ ਨਹੀਂ ਕਿ ਮਨੁੱਖ ਕਰਮਹੀਣ ਬਣ ਕੇ ਵਿਹਲਾ ਬੈਠਾ ਰਹੇ | ਉਹ ਸੰਤੋਖੀ ਨਹੀਂ, ਸਗੋ ਆਲਸੀ ਹੁੰਦਾ ਹੈ | ਉਨ੍ਹਾਂ ਅਨੁਸਾਰ ਸੰਤੋਖੀ ਵਿਅਕਤੀ ਉਹ ਹੈ, ਜਿਹੜਾ ਪ੍ਰਭੂ ਤੋਂ ਮੰਗੇ ਕੁਝ ਨਾ, ਪਰ ਲਗਾਤਾਰ ਕਾਰਜਸ਼ੀਲ ਰਹੇ ਅਤੇ ਫਿਰ ਜੋ ਵੀ ਪ੍ਰਾਪਤ ਕਰਦਾ ਹੈ, ਇਸ ਲਈ ਪ੍ਰਭੂ ਦਾ ਸ਼ੁਕਰ ਤੇ ਧੰਨਵਾਦ ਕਰੇ | ਜੇ ਵਿਅਕਤੀ ਸੰਤੋਖੀ ਹੋਵੇਗਾ ਤਾਂ ਉਸ ਵਿਚ ਸੇਵਾ ਭਾਵਨਾ ਵੀ ਆ ਜਾਵੇਗੀ ਤੇ ਉਹ ਇਕ ਚੰਗਾ ਮਨੁੱਖ ਬਣ ਕੇ ਗਲਤ ਰਾਹ 'ਤੇ ਕਦੇ ਵੀ ਨਹੀਂ ਜਾਵੇਗਾ |
ਇਸੇ ਤਰ੍ਹਾਂ ਪਵਿੱਤਰ ਬਾਣੀ ਦਾ ਮਨੁੱਖ ਲਈ ਤੀਜਾ ਵਰਦਾਨ ਵਿਚਾਰ ਹੈ | ਗੁਰਬਾਣੀ ਅਨੁਸਾਰ ਮਨੁੱਖ ਕੁਦਰਤੀ ਤੌਰ 'ਤੇ ਵਿਚਾਰਵਾਨ ਪ੍ਰਾਣੀ ਹੈ ਅਤੇ ਉਸ ਦੇ ਵਿਚਾਰਵਾਨ ਹੋਣ ਸਦਕਾ ਹੀ ਉਹ ਸਮਾਜਿਕ ਪ੍ਰਾਣੀ ਅਖਵਾਉਂਦਾ ਹੈ ਪਰ ਅਸੀਂ ਦੇਖਦੇ ਹਾਂ ਕਿ ਮਨੁੱਖੀ ਸਮਾਜ 'ਚ ਬੁਰੇ ਵਿਅਕਤੀਆਂ ਦੀ ਜਾਂ ਪਖੰਡੀ, ਢੋਂਗੀ, ਨਿਰੰਕੁਸ਼ ਵਿਅਕਤੀਆਂ ਦੀ ਗਿਣਤੀ ਬਹੁਤ ਹੈ, ਜਿਹੜੇ ਆਪਣੇ ਵਿਚਾਰ ਦੂਜਿਆ 'ਤੇ ਜਬਰੀ ਥੋਪ ਕੇ ਆਪਣਾ ਉੱਲੂ ਸਿੱਧਾ ਕਰਨ 'ਚ ਲੱਗੇ ਰਹਿੰਦੇ ਹਨ | ਭਾਵੇਂ ਦਾਨ ਦੀ ਆਪਣੀ ਮਹੱਤਤਾ ਹੈ ਪਰ ਦਾਨ ਵੀ ਵਿਚਾਰ ਕਰਕੇ ਤੇ ਸੋਚ ਸਮਝ ਕੇ ਕਰਨਾ ਚਾਹੀਦਾ ਹੈ | ਵਿਚਾਰ ਅਨੁਸਾਰ ਬਿਬੇਕ ਬੁੱਧ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੀ ਹੈ | ਪਰ ਮਨੁੱਖ ਵਿਚ ਮਨੁੱਖਤਾਵਾਦੀ ਦਿ੍ਸ਼ਟੀਕੋਣ ਹੋਣਾ ਚਾਹੀਦਾ ਹੈ | ਗੁਰੂ ਰਾਮਦਾਸ ਜੀ ਇਸ ਸਬੰਧ 'ਚ ਸਪੱਸ਼ਟ ਕਰਦੇ ਹਨ:–
ਬਿਬੇਕ ਬੁਧਿ ਸਭ ਜਗ ਮਹਿ
ਨਿਰਮਲ ਬਿਚਰਿ ਬਿਚਰਿ ਰਸੁ ਪੀਜੈ¨
(ਅੰਗ:1325)
ਸ੍ਰੀ ਗੁਰੂ ਰਾਮਦਾਸ ਜੀ ਅਨੁਸਾਰ ਗੁਰਮਤਿ ਦੇ ਪਾਂਧੀ ਲਈ ਪਹਿਲੀ ਸ਼ਰਤ ਹੀ ਇਹ ਹੈ ਕਿ ਉਹ ਅੰਮਿ੍ਤ ਵੇਲੇ ਇਸ਼ਨਾਨ ਕਰਕੇ ਅਕਾਲ ਦੇ ਸਿਮਰਨ 'ਚ ਜੁੜੇ ਤਾਂ ਕਿ ਉਸ ਨੂੰ  ਸਰੀਰਕ ਤੇ ਆਤਮਿਕ ਪਵਿੱਤਰਤਾ ਦਾ ਲਾਭ ਪ੍ਰਾਪਤ ਹੋ ਸਕੇ | ਇਸ ਪਵਿੱਤਰਤਾ ਦਾ ਆਧਾਰ ਸੱਚੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਤਿੰਨ ਪ੍ਰਮੁੱਖ ਅਸੂਲਾਂ 'ਤੇ ਅਧਾਰਿਤ ਹੈ | ਸਹੀ ਮਾਇਨਿਆਂ 'ਚ ਸਤ, ਸੰਤੋਖ ਤੇ ਵਿਚਾਰ ਦੇ ਸੁਮੇਲ ਨੂੰ  ਸਮੁੱਚੇ ਤੌਰ 'ਤੇ ਮਨੁੱਖੀ ਜੀਵਨ 'ਚ ਅਪਣਾਉਣਾ ਚਾਹੀਦਾ ਹੈ | ਗੁਰਬਾਣੀ ਰਾਹੀਂ ਮਨੁੱਖ ਨੂੰ  ਸੱਚੇ ਜੀਵਨ ਲਈ ਇਹ ਤਿੰਨ ਵਰਦਾਨ ਦਿੱਤੇ ਗਏ ਹਨ |
 
-ਮਕਾਨ ਨੰਬਰ 3098, ਸੈਕਟਰ 37-ਡੀ, ਚੰਡੀਗੜ੍ਹ |
ਮੋਬਾਈਲ : 98764-52223
ਪਿਛਲੀ ਖ਼ਬਰ ਦਿੱਲੀ ਪੁਲਿਸ ਅੰਦੋਲਨਕਾਰੀਆਂ ਨਾਲ ਕਿਵੇਂ ਨਿਪਟੇਗੀ? ਅਗਲੀ ਖ਼ਬਰ ਰਹਿਤਨਾਮਿਆਂ 'ਚ ਸਿੱਖ ਸਿਧਾਂਤ ਤੇ ਜੀਵਨ ਜਾਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।