02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਾਤਿ ਕਾ ਗਰਬੁ ਨ ਕਰੀਅਹੁ ਕੋਈ¨

ਜਾਤਿ ਕਾ ਗਰਬੁ ਨ ਕਰੀਅਹੁ ਕੋਈ¨

ਅਜੀਤ ਡੈਸਕ 02-11-2026
ਇਹ ਪਾਵਨ ਪੱਵਿਤਰ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ, ਜੋ ਰਾਗ ਭੈਰਵ 'ਚ ਹੈ | ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:-
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ¨
ਬ੍ਰਹਮੁ ਬਿੰਦੇੇ ਸੋ ਬ੍ਰਾਹਮਣੁ ਹੋਈ¨
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ¨
(ਅੰਗ:1127)
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ¨
(ਅੰਗ:1128)
ਭਾਵ ਐ ਮਨੁੱਖ ਤੈਨੁੰੂ ਆਪਣੀ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ | ਉਸ ਮਾਲਕ ਪਰਮਾਤਮਾ ਦੀ ਨਜ਼ਰ ਵਿਚ ਸਭ ਇਕ ਸਮਾਨ ਹਨ | ਜੋ ਇਨਸਾਨ ਉਸ ਨਿਰੰਕਾਰ ਪਰਮਾਤਮਾ ਦੀ ਸੋਝੀ ਤੇ ਭਾਣੇ 'ਚ ਜਿਊਾਦਾ ਹੈ, ਉਹੀ ਪਰਮਾਤਮਾ ਦੀ ਅਸਲ ਨਜ਼ਦੀਕੀ ਤੇ ਮਿਹਰ ਪ੍ਰਾਪਤ ਕਰਦਾ ਹੈ | ਆਪਣੀ ਉੱਚ ਜਾਤੀ ਦਾ ਹੰਕਾਰ ਕਰਨ ਵਾਲੇ ਪ੍ਰਾਣੀ ਨੂੰ  ਗੁਰੂ ਜੀ ਮੂਰਖ ਇਨਸਾਨ ਆਖਦੇ ਦੱਸਦੇ ਹਨ ਕਿ ਅਜਿਹੇ ਇਨਸਾਨ ਨੂੰ  ਅਨੇਕਾਂ ਪ੍ਰਕਾਰ ਦੇ ਵਿਕਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਚਾਰੇ ਵਰਨ ਆਖੈ ਸਭੁ ਕੋਈ¨
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ¨
ਮਾਟੀ ਏਕ ਸਗਲ ਸੰਸਾਰਾ¨
ਬਹੁ ਬਿਧਿ ਭਾਂਡੇ ਘੜੇੈ ਕੁਮ੍ਹਾਰਾ¨
(ਅੰਗ:1128)
ਸਮਾਜ ਵਿਚ ਵਿਚਰਦੇ ਚਾਰ ਵਰਨਾਂ ਦੇ ਲੋਕ ਪਰਮਾਤਮਾ ਦੀ ਮਿਹਰ ਤੇ ਨਦਰਿ ਨਾਲ ਇਕ ਹੀ ਜੋਤਿ ਤੋਂ ਉਤਪਨ ਹੋਏ ਹਨ ਪਰ ਆਪਣੀ ਮੂਰਖਤਾ ਨਾਲ ਹੀ ਮਨਮੁੱਖ ਮਨੁੱਖਾਂ ਨੇ ਜਾਤ-ਪਾਤ ਦਾ ਪਸਾਰਾ ਪੈਦਾ ਕੀਤਾ ਹੈ | ਗੁਰੂ ਸਾਹਿਬ ਸਮਝਾਉਂਦੇ ਹਨ ਕਿ ਠਠਿਆਰ ਇਕੋ ਮਿੱਟੀ ਤੋਂ ਕਈ ਪ੍ਰਕਾਰ ਦੇ ਭਾਂਡੇ ਬਣਾਉਂਦਾ ਹੈ | ਪਰਮਾਤਮਾ ਨੇ ਵੀ ਸਭ ਨੂੰ  ਇਕੋ ਜੋਤ ਤੋਂ ਪੈਦਾ ਕੀਤਾ ਹੈ ਤੇ ਇਸ ਵਿਚ ਕੋਈ ਸਵਾਲ ਨਹੀਂ ਹੋਣਾ ਚਾਹੀਦਾ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ |
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ¨
ਘਟਿ ਵਧਿ ਕੋ ਕਰੈ ਬੀਚਾਰਾ¨
(ਅੰਗ:1128)
ਇਹ ਸਰੀਰ ਪੰਜ ਤੱਤਾਂ ਦਾ ਬਣਿਆ ਹੈ ਤੇ ਸਭ ਇਕ ਹੀ ਪਰਮਾਤਮਾ ਦੀ ਬਖਸ਼ਿਸ ਦਾ ਰੂਪ ਹਨ | ਨਾਮ ਸਿਮਰਨ ਤੇ ਸ਼ਬਦ ਗੁਰੂ ਦੀ ਮਿਹਰ ਨਾਲ ਹੀ ਕੋਈ ਪਰਮਾਤਮਾ ਦੇ ਕਰੀਬ ਹੋ ਜਾਂਦਾ ਹੈ ਤੇ ਕੋਈ ਭੁੱਲਿਆ-ਭਟਕਿਆ ਫਿਰਦਾ ਰਹਿੰਦਾ ਹੈ |
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ¨
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ¨
(ਅੰਗ:1128)
ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਨਾਨਕ ਮਨੁੱਖੀ ਆਤਮਾ ਤਾਂ ਕਰਮਾਂ ਦੀ ਬੱਧੀ ਹੋਈ ਹੈ ਤੇ ਸੱਚੇ ਗੁਰੂ ਦੀ ਮਿਹਰ ਤੇ ਕਿਰਪਾ ਦਿ੍ਸ਼ਟੀ ਨਾਲ ਹੀ ਇਨ੍ਹਾਂ ਬੰਧਨਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ |
ਉਪਰੋਕਤ ਸ਼ਬਦ ਦੇ ਚਾਨਣ ਵਿਚ ਪੱਵਿਤਰ ਗੁਰਬਾਣੀ ਇਹੀ ਸੰਦੇਸ਼ ਦਿੰਦੀ ਹੈ ਕਿ ਮਨੁੱਖ ਨੂੰ  ਕਦੇ ਵੀ ਆਪਣੀ ਜਾਤ ਦਾ ਤੇ ਸਮਾਜੀ ਰੁਤਬੇ ਦਾ, ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ | ਇਹ ਜੀਵਨ ਪਾਣੀ ਦੇ ਬੁਲਬਲੇ ਸਮਾਨ ਹੈ, ਜਿਸ ਦਾ ਇਹ ਨਹੀਂ ਪਤਾ ਕਿ ਇਹ ਕਦੋਂ ਫੁੱਟ ਜਾਵੇ | ਇਨਸਾਨ ਧੀਆਂ-ਪੁੱਤਰਾਂ ਲਈ ਮਹਿਲ-ਮਾੜੀਆਂ ਤੇ ਧੰਨ-ਦੌਲਤ ਇਕੱਠੀ ਕਰਦਾ, ਪਰ ਉਸ ਨੂੰ  ਸਮਝ ਨਹੀਂ ਕਿ ਇਨ੍ਹਾਂ ਨਾਲ ਜੀਵਨ ਤਾਂ ਜੀਅ ਸਕਦੇ ਹਾਂ ਪਰ ਇਸ ਨਾਲ ਪਰਮਾਤਮਾ ਦੀ ਨਦਰਿ ਨਹੀਂ ਪਾਈ ਜਾ ਸਕਦੀ | ਪਰਮਾਤਮਾ ਦੇ ਦਰਸਾਏ ਮਾਰਗ 'ਤੇ ਬਤੀਤ ਕੀਤਾ ਜੀਵਨ ਹੀ ਪਰਮਾਤਮਾ ਦੇ ਘਰ ਢੋਈ ਦੁਆਂਦਾ ਹੈ, ਨਾ ਕਿ ਜਾਤ ਜਾਂ ਪੈਸੇ ਦਾ ਹੰਕਾਰ |
ਦੁਨੀਆ ਦਾ ਹਰ ਗ੍ਰੰਥ, ਹਰ ਧਰਮ ਜਾਤ-ਪਾਤ ਦੇ ਘੁਮੰਡ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ | ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਨੂੰ  ਕੌਣ ਨਹੀਂ ਜਾਣਦਾ | ਕ੍ਰਿਸ਼ਨ ਭਗਵਾਨ ਰੂਪ ਸਨ ਤੇ ਸੁਦਾਮਾ ਗ਼ਰੀਬ, ਪਰ ਭਗਵਾਨ ਕ੍ਰਿਸ਼ਨ ਨੇ ਆਪਣੇ ਬਚਪਨ ਦੀ ਦੋਸਤੀ ਨੂੰ  ਮਹਾਨਤਾ ਦਿੰਦੇ ਹੋਏ ਸਦਾਮੇ ਨੂੰ  ਆਪਣੇ ਬਰਾਬਰ ਬਿਠਾਇਆ | ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਮਰਦਾਨਾ ਨੂੰ  ਆਪਣੇ ਸਫ਼ਰ ਦਾ ਸਾਥੀ ਚੁਣਦੇ ਹਨ ਜੋ ਨੀਵੀਂ ਜਾਤੀ ਦੇ ਸਨ, ਪਰ ਗੁਰੂ ਜੀ ਨੇ ਮਨੁੱਖਤਾ ਨੂੰ  ਪਹਿਲ ਦਿੱਤੀ | ਉੱਚੀ ਜਾਤ ਦਾ ਹੰਕਾਰ ਕਰਨਾ ਵਿਅਰਥ ਹੈ ਕਿਉਂਕਿ ਹਰ ਇਕ ਛੋਟੇ ਜਾਂ ਵੱਡੇ ਇਨਸਾਨ ਦੇ ਅੰਦਰ ਇਕ ਹੀ ਪਰਮਾਤਮਾ ਦਾ ਵਾਸਾ ਹੈ | ਇਹ ਬਹੁਤ ਹੀ ਮਾੜੀ ਗੱਲ ਹੈ ਕਿ ਸਾਡਾ ਸਮਾਜ ਅਜੇ ਵੀ ਰੰਗ-ਰੂਪਾਂ ਤੇ ਜਾਤ-ਪਾਤ ਵਿਚ ਜਕੜਿਆ ਹੋਇਆ ਹੈ | ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਅਸੀਂ ਕਿਸੇ ਵੀ ਖੇਤਰ ਵਿਚ ਮਹਾਨਤਾ ਖੱਟਣ ਵਾਲੇ ਇਨਸਾਨ ਨੂੰ  ਪਛਾਨਣ ਤੇ ਜਾਣਨ ਤੋਂ ਪਹਿਲਾਂ ਜਾਤ ਦਾ ਪੈਮਾਨਾ ਅੱਗੇ ਰੱਖ ਲੈਂਦੇ ਹਾਂ | ਕਿੰਨੀ ਮੂਰਖਤਾ ਹੈ ਕਿ ਉਸ ਨੂੰ  ਪਰਮਾਤਮਾ ਦਾ ਜੀਵ ਮੰਨਣ ਦੀ ਥਾਂ ਜਾਤ ਦੀ ਪੈਦਾਇਸ਼ ਮੰਨਦੇ ਹਾਂ |
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਪੰਥ ਨੂੰ  ਇਕ ਨਵਾਂ ਰੂਪ ਬਖਸ਼ਿਆ | ਗੁਰੂ ਜੀ ਨੇ ਸਿੰਘ ਤੇ ਕੌਰ ਦੇ ਸਤਿਾਕਰਤ ਰੁਤਬੇ ਦੇ ਸ਼ਬਦ ਦਿੱਤੇ ਸਨ | ਜਾਤ-ਪਾਤ ਦੇ ਭੇਦਭਾਵ ਨੂੰ  ਖ਼ਤਮ ਕਰਨ ਲਈ ਬਾਬਾ ਜੀਵਨ ਸਿੰਘ ਨੁੰੂ 'ਰੰਗਰੇਟਾ ਗੁਰੂ ਕਾ ਬੇਟਾ' ਕਿਹਾ ਸੀ | ਪਰ ਅੱਜ ਅਕਸਰ ਅਸੀਂ ਦੇਖਦੇ ਹਾਂ ਸਾਡੇ 'ਚੋਂ ਬਹੁਤ ਸਾਰੇ ਅਜੇ ਵੀ ਗੁਰੂ ਸਾਹਿਬਾਨ ਵਲੋਂ ਦਿੱਤੀ ਗਈ ਸਿੱਖਿਆ ਤੋਂ ਕੋਹਾਂ ਦੂਰ ਹਾਂ | ਅਸੀਂ ਅੱਜ ਵੀ ਗੋਤਾਂ-ਜਾਤਾਂ ਦੇ ਸਿਰਲੇਖਾਂ ਨੂੰ  ਆਪਣੇ ਨਾਵਾਂ ਸੰਗ ਜੋੜ ਕੇ ਵਡਿਆਉਂਦੇ ਹਾਂ | ਅਕਸਰ ਪਿੰਡਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਜਾਤਾਂ ਦੇ ਆਧਾਰ ਤੇ ਵੱਖੋ-ਵੱਖਰੇ ਗੁਰਦੁਆਰੇ ਸਥਾਪਤ ਹਨ | ਇੱਥੋਂ ਤੱਕ ਕਿ ਸਿਵਿਆਂ ਨੂੰ  ਵੀ ਜਾਤਾਂ ਦੇ ਆਧਾਰ 'ਤੇ ਵੰਡ ਰੱਖਿਆ ਹੈ | ਕੌਣ ਸਮਝਾਵੇ ਕਿ ਜਿਊਾਦੇ ਜੀਅ ਜਾਤ-ਪਾਤ ਦੇ ਜ਼ਹਿਰ ਨਾਲ ਭਰੇ ਇਨਸਾਨ, ਆਖਰ ਅਕਾਲ ਚਲਾਣੇ ਤੋਂ ਬਾਅਦ ਇਕੋ ਮਿੱਟੀ ਵਿਚ ਮਿੱਟੀ ਹੋ ਜਾਂਦੇ ਹਨ | ਸਾਨੂੰ ਕਦੋਂ ਸਮਝ ਆਏਗੀ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਇਕ ਪਰਮਾਤਮਾ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ | ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ:-
ਨਾ ਹਮ ਹਿੰਦੂ ਨਾ ਮੁਸਲਮਾਨ¨
ਅਲਹ ਰਾਮ ਕੇ ਪਿੰਡੁ ਪਰਾਨ¨
(ਅੰਗ:1136)
ਭਾਵ ਕਿ ਮਨੁੱਖ ਦੀ ਪਛਾਣ ਕਿਸੇ ਫਿਰਕੇ ਤੱਕ ਸੀਮਿਤ ਨਹੀਂ ਹੈ | ਇਹ ਸਰੀਰ ਤੇ ਜਾਨ (ਪ੍ਰਾਣ) ਦੋਵੇਂ ਇਕੋ ਅਕਾਲ ਪੁਰਖ (ਅੱਲ੍ਹਾ-ਰਾਮ) ਦੇ ਪੈਦਾ ਕੀਤੇ ਹੋਏ ਹਨ, ਜੋ ਸਭਨਾਂ ਦਾ ਸਾਂਝਾ ਮਾਲਕ ਹੈ | ਅਰਥਾਤ ਸਭ ਬਰਾਬਰ ਹਨ, ਕੋਈ ਛੋਟਾ ਜਾਂ ਵੱਡਾ ਨਹੀਂ ਹੈ |
ਅੰਤ ਵਿਚ ਇਹੋ ਹੀ ਕਹਾਂਗੇ ਕਿ ਅੱਜ ਸਾਡੇ ਦੇਸ਼ ਨੂੰ  ਸਭ ਤੋ ਵੱਧ ਖ਼ਤਰਾ ਜਾਤ-ਪਾਤ, ਊਚ-ਨੀਚ ਤੇੇ ਅਸਹਿਣਸ਼ੀਲਤਾ ਤੋਂ ਹੈ | ਲੋੜ ਹੈ ਕਿ ਜਾਤ-ਪਾਤ ਤੋਂ ਰਹਿਤ ਤੇ ਸਹਿਣਸ਼ੀਲਤਾ ਵਾਲਾ ਜੀਵਨ ਬਤੀਤ ਕਰੀਏ ਅਤੇ ਹਰ ਇਕ ਵਿਚ ਰੱਬੀ ਜੋਤ ਤੇ ਨਦਰਿ ਨੂੰ  ਤੱਕੀਏ | ਯਾਦ ਰੱਖੋ ਕਿ ਜੇ ਆਪਣਾ ਅੰਦਰ ਸ਼ੁੱਧ ਤੇ ਸਾਫ਼-ਸੁਥਰਾ ਹੈ, ਅਥਵਾ ਜਾਤ-ਪਾਤ ਦੀ ਊਚ-ਨੀਚ ਤੋਂ ਦੂਰ ਹੈ ਤਾਂ ਸਮਝੋ ਕਿ ਅਜਿਹੇ ਮਨੁੱਖ ਪਰਮਾਤਮਾ ਦੀ ਨਦਰਿ ਦੇ ਬਿਲਕੁਲ ਕਰੀਬ ਹਨ |
 
-ਜ਼ਿਲ੍ਹਾ ਤਰਨ ਤਾਰਨ, ਪੰਜਾਬ |
ਮੋਬਾਈਲ : 98723-34944
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦਾ ਇਤਿਹਾਸ ਅਗਲੀ ਖ਼ਬਰ ‘ਆਪ’ ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।